ਕਲੀਨਿਕ ਚੋਂ ਚੋਰੀ ਦੌਰਾਨ ਹੋਈ ਝੜਪ ‘ਚ ਡਾਕਟਰ ਦੀ ਮੌਤ, ਭੱਜ ਰਹੇ ਚੋਰ ਦੀ ਹਾਦਸੇ ‘ਚ ਗਈ ਜਾਨ
Sultanpur Lodhi Doctor Murder: ਪੁਲਿਸ ਨੇ ਦੱਸਿਆ ਕਿ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਕਲੀਨਿਕ ਵਿੱਚ 2 ਜਨਵਰੀ ਨੂੰ ਵੀ ਚੋਰੀ ਹੋਈ ਸੀ, ਜਿਸ ਕਾਰਨ ਡਾਕਟਰ ਪ੍ਰੇਸ਼ਾਨ ਸੀ।
Sultanpur Lodhi Doctor Murder: ਸੁਲਤਾਨਪੁਰ ਲੋਧੀ ਦੇ ਪਿੰਡ ਭਾਨੋਲੰਗਾ ‘ਚ ਦੇਰ ਰਾਤ ਕਲੀਨਿਕ ‘ਚੋਂ ਚੋਰੀ ਕਰਨ ਆਏ ਚੋਰ ਅਤੇ ਕਲੀਨਿਕ ਮਾਲਕ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਵਿਚਾਲੇ ਹੋਈ ਇਸ ਝੜਪ ਦੌਰਾਨ ਡਬਲ ਬੈਰਲ ਦੀ ਗੋਲੀ ਵੀ ਚਲਾਈ ਗਈ। ਇਸ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਜਿਸ ‘ਚ ਚੋਰਾਂ ਨੂੰ ਦੇਖ ਕੇ ਮਾਲਕ ਆਪਣੇ ਬੇਟੇ ਦੇ ਨਾਲ ਉਨ੍ਹਾਂ ਨੂੰ ਫੜਨ ਲਈ ਦੁਕਾਨ ‘ਤੇ ਪਹੁੰਚਦਾ ਨਜ਼ਰ ਆ ਰਿਹਾ ਹੈ। ਦੋਵਾਂ ਵਿਚਾਲੇ ਹੋਈ ਝੜਪ ‘ਚ ਦੁਕਾਨ ਮਾਲਕ ਦੀ ਵੀ ਗੋਲੀ ਲੱਗਣ ਨਾਲ ਮੌਤ ਹੋ ਗਈ, ਜਦਕਿ ਭੱਜਣ ਵਾਲੇ ਚੋਰ ਦੀ ਗੱਡੀ ਨਾਲ ਟਕਰਾਉਣ ਨਾਲ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਕਲੀਨਿਕ ਵਿੱਚ 2 ਜਨਵਰੀ ਨੂੰ ਵੀ ਚੋਰੀ ਹੋਈ ਸੀ, ਜਿਸ ਕਾਰਨ ਡਾਕਟਰ ਪ੍ਰੇਸ਼ਾਨ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭਾਨੋਲੰਗਾ ਵਿੱਚ ਸਥਿਤ ਚਰਨ ਮੈਡੀਕਲ ਹਾਲ ਅਤੇ ਕਲੀਨਿਕ ਵਿੱਚ ਕਈ ਚੋਰੀਆਂ ਹੋਣ ਕਾਰਨ ਕਲੀਨਿਕ ਮਾਲਕ 62 ਸਾਲਾ ਡਾਕਟਰ ਗੁਰਚਰਨ ਸਿੰਘ ਚਿੰਤਤ ਸੀ। ਇਸ ਲਈ ਉਸ ਨੇ ਦੁਕਾਨ ਤੇ ਸੀਸੀਟੀਵੀ ਕੈਮਰੇ ਲਾਏ ਹੋਏ ਸਨ।
ਦੇਰ ਰਾਤ ਉਸ ਨੇ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਕਿ 2 ਸ਼ੱਕੀ ਨੌਜਵਾਨ ਉਸ ਦੀ ਦੁਕਾਨ ਦੇ ਸ਼ਟਰ ਤੋੜ ਰਹੇ ਸਨ। ਫਿਰ ਡਾ. ਗੁਰਚਰਨ ਸਿੰਘ ਆਪਣੇ ਲੜਕੇ ਸਮੇਤ ਚੋਰਾਂ ਨੂੰ ਫੜਨ ਲਈ ਮੌਕੇ ‘ਤੇ ਪੁੱਜੇ। ਇਸ ਦੌਰਾਨ ਚੋਰਾਂ ਅਤੇ ਮਾਲਕ ਵਿਚਕਾਰ ਹੱਥੋਪਾਈ ਹੋ ਗਈ। ਜਿਸ ਵਿਚ ਉਸ ਦੇ ਲਾਇਸੈਂਸੀ ਡਬਲ ਬੈਰਲ ਤੋਂ ਫਾਇਰ ਕੀਤਾ ਗਿਆ, ਜਿਸ ਨਾਲ ਡਾਕਟਰ ਗੁਰਚਰਨ ਸਿੰਘ ਦੀ ਮੌਤ ਹੋ ਗਈ।
ਜਦੋਂ ਚੋਰ ਭੱਜਣ ਲੱਗਾ ਤਾਂ ਅਣਪਛਾਤੇ ਵਾਹਨ ਨਾਲ ਉਸ ਦੀ ਟੱਕਰ ਹੋ ਗਈ ਅਤੇ ਉਸ ਦੀ ਵੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਚੋਰ ਦੀ ਪਛਾਣ 40 ਸਾਲਾ ਕ੍ਰਿਸ਼ਨ ਕੁਮਾਰ ਵਾਸੀ ਪਿੰਡ ਕੰਦੋਲਾ ਕਲਾਂ, ਜਲੰਧਰ ਵਜੋਂ ਹੋਈ ਹੈ। ਜਦੋਂਕਿ ਦੂਜੇ ਚੋਰ ਦਾ ਨਾਮ ਵੀ ਕ੍ਰਿਸ਼ਨਾ ਵਾਸੀ ਗੋਪਾਲਗੰਜ ਬਿਹਾਰ ਹੈ, ਜਿਸ ਨੂੰ ਪੁਲਿਸ ਟੀਮ ਨੇ ਪਿੱਛਾ ਕਰਦਿਆਂ ਉਸ ਸਮੇਂ ਕਾਬੂ ਕਰ ਲਿਆ ਜਦੋਂ ਉਹ ਹਿਮਾਚਲ ਪ੍ਰਦੇਸ਼ ਵੱਲ ਭੱਜ ਰਿਹਾ ਸੀ।
ਇਹ ਵੀ ਪੜ੍ਹੋ
ਐਸਪੀ ਨੇ ਦੱਸਿਆ ਕਿ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਮੁਰਦਾਘਰ ‘ਚ ਰਖਵਾਇਆ ਹੈ। ਇਸ ਮਾਮਲੇ ਵਿੱਚ ਥਾਣਾ ਸੁਲਤਾਨਪੁਰ ਲੋਧੀ ਦੀ ਪੁਲੀਸ ਵੱਲੋਂ ਐਫਆਈਆਰ ਦਰਜ ਕੀਤੀ ਜਾ ਰਹੀ ਹੈ।