High Alert ਦੌਰਾਨ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਵਿਚ ਚੱਲੀ ਗੋਲੀ, ਵਾਲ-ਵਾਲ ਬਚਿਆ ਸ਼ਖਸ
Crime News: ਪੀੜਤ ਨੇ ਦੱਸਿਆ ਕਿ ਜਦੋਂ ਉਹ ਮੁਲਜਮ ਨਾਲ ਗੱਲਬਾਤ ਕਰਨ ਗਿਆ ਤਾਂ ਉਸਨੇ ਗੋਲੀ ਚਲਾ ਦਿੱਤੀ, ਜਿਸ ਵਿਚ ਪੀੜਤ ਨੌਜਵਾਨ ਹੀ ਨਹੀਂ ਬਚਿਆ, ਸਗੋਂ ਕਾਫੀ ਹਾਉਸ ਤੇ ਕੰਮ ਕਰਨ ਵਾਲੇ ਅਤੇ ਉੱਥੇ ਬੈਠੇ ਲੋਕ ਵੀ ਵਾਲ ਵਲ ਬਚੇ। ਇਸ ਤਰ੍ਹਾਂ ਜਨਤਕ ਥਾਂ ਤੇ ਗੋਲੀ ਚਲਣਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ।

ਪੰਜਾਬ ਨਿਊਜ: ਵਿਚ ਵਾਰਿਸ ਪੰਜਾਬ ਦੇ (Waris Punjab De) ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ (Amritpal Singh) ਖਿਲਾਫ ਬੀਤੀ 18 ਮਾਰਚ ਤੋਂ ਵੱਡੇ ਪੱਧਰ ਤੇ ਪੁਲਿਸ ਕਾਰਵਾਈ ਚੱਲ ਰਹੀ। ਬੀਤੇ ਦਿਨ ਤੋਂ 5 ਦਿਨਾਂ ਤੋਂ ਅਮ੍ਰਿਤਪਾਲ ਫਰਾਰ ਚੱਲ ਰਿਹਾ ਹੈ। ਜਿਸ ਨੂੰ ਲੈ ਕੇ ਪੂਰੇ ਪੰਜਾਬ ਅੰਦਰ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ। ਪਰ ਇਸ ਦੌਰਾਨ ਫਰੀਦਕੋਟ ਵਿਚ ਇੱਕ ਅਜਿਹੀ ਘਟਨਾ ਵਾਪਰ ਗਈ, ਜਿਸਨੇ ਮੁੜ ਤੋਂ ਸੂਬੇ ਦੀ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਸ਼ਹਿਰ ਦੇ GGS ਮੈਡੀਕਲ ਹਸਪਤਾਲ ਵਿਚ ਇਕ ਨੌਜਵਾਨ ਨੇ ਆਪਸੀ ਰੰਜਿਸ ਦੇ ਚਲਦੇ ਦੂਜੇ ਨੌਜਵਾਨ ਤੇ ਸ਼ਰੇਆਮ ਇਕ ਗੋਲੀ ਚਲਾ ਦਿੱਤੀ।
ਵਾਲ-ਵਾਲ ਬਚਿਆ ਨੌਜਵਾਨ ਅਤੇ ਨੇੜਲੇ ਲੋਕ
ਘਟਨਾ ਦਾ ਪਤਾ ਚਲਦੇ ਹੀ ਐੱਸਪੀ ਇਨਵੇਸਟੀਗੇਸ਼ਨ ਗਗਨੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਨਵੀਨ ਕੁਮਾਰ ਨੇ ਦੱਸਿਆ ਕਿ ਉਹ ਰੈਡ ਕਰਾਸ ਸੰਸਥਾ ਦੀ ਮੈਡੀਕਲ ਦੀ ਦੁਕਾਨ ਤੇ ਫਾਰਮਾਸਿਸਟ ਵਜੋਂ ਨੌਕਰੀ ਕਰਦਾ ਹੈ ਅਤੇ ਉਸ ਦੁਕਾਨ ਤੇ ਇਕ ਨੌਜਵਾਨ ਆ ਕੇ ਮੈਨੇਜਰ ਦੀ ਕੁਰਸੀ ਤੇ ਬੈਠਦਾ ਸੀ ਜਿਸ ਨੂੰ ਬੀਤੇ ਕੱਲ੍ਹ ਜਦੋਂ ਕੁਰਸੀ ਤੇ ਬੈਠਣ ਤੋਂ ਰੋਕਿਆ ਗਿਆ ਤਾਂ ਉਸ ਨੇ ਧੱਕਾ-ਮੁਕੀ ਕੀਤੀ ਅਤੇ ਧਮਕੀਆਂ ਦਿੱਤੀਆਂ। ਇਸ ਖਿਲਾਫ ਉਸ ਵਲੋਂ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਤਾਂ ਉਸਨੇ ਨੌਜਵਾਨ ਤੇ ਗੋਲੀ ਚਲਾ ਦਿੱਤੀ। ਪੀੜਤ ਨੇ ਨਿਆਂ ਦੀ ਮੰਗ ਕਰਦਿਆਂ ਗੋਲੀਆਂ ਚਲਾਉਂਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਆਪਸੀ ਰੰਜਿਸ਼ ਦਾ ਹੈ ਮਾਮਲਾ – ਪੁਲਿਸ
ਪੂਰੇ ਮਾਮਲੇ ਵਿਚ ਜਾਨਕਾਰੀ ਦਿੰਦੇ ਹੋਏ ਥਾਨਾਂ ਸਿਟੀ ਫਰੀਦਕੋਟ ਦੇ SHO ਗੁਰਵਿੰਦਰ ਸਿੰਘ ਨੇ ਦਸਿਆ ਕਿ ਆਪਸੀ ਰੰਜਿਸ਼ ਇਹ ਘਟਨਾ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਖਾਸ ਗੱਲ ਇਹ ਹੈ ਕਿ ਜਿਸ ਜਗ੍ਹਾ ਤੇ ਫਾਈਰਿੰਗ ਹੋਈ ਉਸ ਤੋਂ ਥੋੜੀ ਦੂਰ ਹੀ ਮੈਡੀਕਲ ਹਸਪਤਾਲ ਵਿਚ ਪਹਿਲਾਂ ਪੁਲਿਸ ਚੌਂਕੀ ਵੀ ਹੁੰਦੀ ਸੀ, ਜੋ ਇਨ੍ਹੀਂ ਦਿਨੀ ਬੰਦ ਕਰ ਦਿੱਤੀ ਗਈ ਹੈ। ਇਸ ਬਾਰੇ ਪੁੱਛੇ ਸਵਾਲ ਤੇ ਉਨ੍ਹਾਂ ਕਿਹਾ ਕਿ ਪੁਲਿਸ ਚੌਂਕੀ ਲਈ ਢੁਕਵੀਂ ਬਿਲਡਿੰਗ ਲੱਭ ਰਹੇ ਹਾਂ ਅਤੇ ਜਲਦ ਹੀ ਮੁੜ ਚੌਂਕੀ ਖੋਲੀ ਜਾਵੇਗੀ।