ਚੰਡੀਗੜ੍ਹ ‘ਚ ED ਅਧਿਕਾਰੀ ਬਣ ਕੇ 52 ਲੱਖ ਦੀ ਸਾਈਬਰ ਠੱਗੀ, ਆਰੋਪੀ ਗ੍ਰਿਫ਼ਤਾਰ
Cyber Fraud: ਇਹ ਗ੍ਰਿਫ਼ਤਾਰੀ DSP ਵੈਂਕਟੇਸ਼ ਅਤੇ ਸਾਈਬਰ ਸੈੱਲ ਇੰਚਾਰਜ ਇੰਸਪੈਕਟਰ ਇਰਮ ਰਿਜ਼ਵੀ ਦੀ ਅਗਵਾਈ ਹੇਠ ਬਣੀ ਪੁਲਿਸ ਟੀਮ ਵੱਲੋਂ ਕੀਤੀ ਗਈ। ਪੁਲਿਸ ਨੇ 25 ਦਸੰਬਰ 2025 ਨੂੰ ਲੁਧਿਆਣਾ ਵਿੱਚ ਛਾਪੇਮਾਰੀ ਕਰਕੇ ਆਰੋਪੀ ਨੂੰ ਕਾਬੂ ਕੀਤਾ।
Photo: TV9 Hindi
ਚੰਡੀਗੜ੍ਹ ਵਿੱਚ ਇੱਕ ਬਜ਼ੁਰਗ ਨਾਲ 52 ਲੱਖ ਰੁਪਏ ਦੀ ਵੱਡੀ ਸਾਈਬਰ ਠੱਗੀ ਦੇ ਮਾਮਲੇ ਵਿੱਚ ਚੰਡੀਗੜ੍ਹ ਸਾਈਬਰ ਸੈੱਲ ਨੇ ਪੰਜਾਬ ਦੇ ਲੁਧਿਆਣਾ ਤੋਂ ਇੱਕ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਆਰੋਪੀ ਦੀ ਪਛਾਣ ਯਦੁਨੰਦਨ ਸ਼ਰਮਾ ਵਜੋਂ ਹੋਈ ਹੈ, ਜੋ ਲੁਧਿਆਣਾ ਦੇ ਸੂਡਨ ਮੋਹੱਲਾ, ਦੇਰਸੀ ਰੋਡ ਦਾ ਰਹਿਣ ਵਾਲਾ ਹੈ। ਪੁਲਿਸ ਵੱਲੋਂ ਆਰੋਪੀ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 308, 318(4), 319(2), 336(3), 338, 340(2) ਅਤੇ 61(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
DSP ਵੈਂਕਟੇਸ਼ ਦੀ ਅਗਵਾਈ ਚ ਗ੍ਰਿਫ਼ਤਾਰੀ
ਇਹ ਗ੍ਰਿਫ਼ਤਾਰੀ DSP ਵੈਂਕਟੇਸ਼ ਅਤੇ ਸਾਈਬਰ ਸੈੱਲ ਇੰਚਾਰਜ ਇੰਸਪੈਕਟਰ ਇਰਮ ਰਿਜ਼ਵੀ ਦੀ ਅਗਵਾਈ ਹੇਠ ਬਣੀ ਪੁਲਿਸ ਟੀਮ ਵੱਲੋਂ ਕੀਤੀ ਗਈ। ਪੁਲਿਸ ਨੇ 25 ਦਸੰਬਰ 2025 ਨੂੰ ਲੁਧਿਆਣਾ ਵਿੱਚ ਛਾਪੇਮਾਰੀ ਕਰਕੇ ਆਰੋਪੀ ਨੂੰ ਕਾਬੂ ਕੀਤਾ।
TRAI ਅਤੇ ED ਅਧਿਕਾਰੀ ਬਣ ਕੇ ਦਿੱਤਾ ਡਰ
ਸਾਈਬਰ ਸੈੱਲ ਮੁਤਾਬਕ, ਇਹ ਮਾਮਲਾ 27 ਅਕਤੂਬਰ 2025 ਨੂੰ ਸੈਕਟਰ-45 ਚੰਡੀਗੜ੍ਹ ਦੇ ਇੱਕ ਸੀਨੀਅਰ ਸਿਟੀਜ਼ਨ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਸੀ। ਠੱਗਾਂ ਨੇ ਪਹਿਲਾਂ ਵਾਟਸਐਪ ਕਾਲ ਰਾਹੀਂ ਆਪਣੇ ਆਪ ਨੂੰ TRAI ਅਧਿਕਾਰੀ ਦੱਸਿਆ ਅਤੇ ਬਾਅਦ ਵਿੱਚ ਖੁਦ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਦਾ ਅਧਿਕਾਰੀ ਦੱਸ ਕੇ ਪੀੜਤ ਨੂੰ ਡਰਾਇਆ। ਠੱਗਾਂ ਨੇ ਕਿਹਾ ਕਿ ਪੀੜਤ ਦਾ ਮੋਬਾਈਲ ਨੰਬਰ ਮਨੀ ਲਾਂਡਰਿੰਗ ਵਿੱਚ ਵਰਤਿਆ ਗਿਆ ਹੈ ਅਤੇ ਮੁੰਬਈ ਦੇ ਕੋਲਾਬਾ ਥਾਣੇ ਵਿੱਚ ਉਸ ਖ਼ਿਲਾਫ਼ ਕੇਸ ਦਰਜ ਹੈ।
ਫਰਜ਼ੀ ਵੀਡਿਓ ਨਿਗਰਾਨੀ ਚ ਰੱਖਿਆ
ਠੱਗਾਂ ਨੇ 27 ਅਕਤੂਬਰ ਤੋਂ 12 ਨਵੰਬਰ 2025 ਤੱਕ ਪੀੜਤ ਨੂੰ ਫਰਜ਼ੀ ਵੀਡੀਓ ਨਿਗਰਾਨੀ ਹੇਠ ਰੱਖਿਆ। ਇਸ ਦੌਰਾਨ ਨਕਲੀ ਸਰਕਾਰੀ ਦਸਤਾਵੇਜ਼, ਫਰਜ਼ੀ ਕੋਰਟ ਰੂਮ ਦੇ ਦ੍ਰਿਸ਼ ਦਿਖਾਏ ਗਏ ਅਤੇ ਬਾਰ-ਬਾਰ ਗ੍ਰਿਫ਼ਤਾਰੀ ਦੀ ਧਮਕੀ ਦਿੱਤੀ ਗਈ। ਇੱਕ ਵਿਅਕਤੀ ਨੂੰ ED ਡਾਇਰੈਕਟਰ ਦੱਸ ਕੇ ਵੀ ਗੱਲ ਕਰਵਾਈ ਗਈ। ਮਾਨਸਿਕ ਦਬਾਅ ਹੇਠ ਆ ਕੇ ਪੀੜਤ ਨੇ ਠੱਗਾਂ ਦੇ ਕਹਿਣ ਤੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਕੁੱਲ 52 ਲੱਖ ਰੁਪਏ ਟ੍ਰਾਂਸਫਰ ਕਰ ਦਿੱਤੇ। ਜਾਂਚ ਦੌਰਾਨ ਪੁਲਿਸ ਨੇ ਲਗਭਗ 28 ਲੱਖ ਰੁਪਏ ਬੈਂਕ ਖਾਤਿਆਂ ਵਿੱਚ ਹੋਲਡ ਕਰਵਾ ਲਏ ਹਨ। ਜਾਂਚ ਵਿੱਚ ਸਾਹਮਣੇ ਆਇਆ ਕਿ 5 ਲੱਖ ਰੁਪਏ ਯਦੁਨੰਦਨ ਸ਼ਰਮਾ ਦੇ ਖਾਤੇ ਵਿੱਚ ਆਏ ਸਨ, ਜੋ ਉਸ ਨੇ ਸੈਲਫ਼ ਚੈਕ ਰਾਹੀਂ ਕੱਢ ਲਏ।
ਜਾਂਚ ਜਾਰੀ, ਹੋਰ ਗ੍ਰਿਫ਼ਤਾਰੀਆਂ ਸੰਭਵ
ਪੁਲਿਸ ਵੱਲੋਂ ਮਾਮਲੇ ਦੀ ਡੂੰਘੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਆਰੋਪੀਆਂ ਦੀ ਗ੍ਰਿਫ਼ਤਾਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਾਈਬਰ ਸੈੱਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਅਣਜਾਣ ਕਾਲ ਜਾਂ ਵਾਟਸਐਪ ਮੈਸੇਜ ਤੇ ਵਿਸ਼ਵਾਸ ਨਾ ਕੀਤਾ ਜਾਵੇ ਅਤੇ ਸ਼ੱਕ ਹੋਣ ਤੇ ਤੁਰੰਤ ਪੁਲਿਸ ਜਾਂ ਸਾਈਬਰ ਹੈਲਪਲਾਈਨ ਨਾਲ ਸੰਪਰਕ ਕੀਤਾ ਜਾਵੇ।
