ਜਲੰਧਰ ਦੇ ਅਲਾਵਲਪੁਰ ਇਲਾਕੇ ‘ਚ ਹਥਿਆਰਬੰਦ ਲੁੱਟ, ਪਰਿਵਾਰ ਨੂੰ ਬੰਦੀ ਬਣਾ ਕੇ ਮਾਰਿਆ ਡਾਕਾ
Jalandhar Robbery: ਲੁੱਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਲਖਵਿੰਦਰ ਸਿੰਘ, ਉਸ ਦੀ ਪਤਨੀ ਅਤੇ ਪੁੱਤਰ ਨੂੰ ਇੱਕ ਕਮਰੇ ਵਿੱਚ ਬੰਦੀ ਬਣਾ ਲਿਆ ਅਤੇ ਗੋਲੀ ਮਾਰਨ ਦੀਆਂ ਧਮਕੀਆਂ ਦਿੰਦਿਆਂ ਰਹੇ। ਇਸ ਤੋਂ ਬਾਅਦ ਲੁੱਟੇਰਿਆਂ ਨੇ ਘਰ ਦੇ ਸਾਰੇ ਕਮਰਿਆਂ ਦੀ ਤਲਾਸ਼ੀ ਲੈ ਕੇ ਕਰੀਬ ਇੱਕ ਲੱਖ ਰੁਪਏ ਨਕਦ, 10 ਤੋਲਾ ਸੋਨਾ ਅਤੇ ਚਾਰ ਮੋਬਾਈਲ ਫੋਨ ਲੁੱਟ ਕੇ ਫ਼ਰਾਰ ਹੋ ਗਏ।
ਜਲੰਧਰ ਦੇ ਅਲਾਵਲਪੁਰ ਇਲਾਕੇ ਅਧੀਨ ਆਉਂਦੇ ਬਿਆਸ ਪਿੰਡ ਵਿੱਚ ਦੇਰ ਰਾਤ ਇੱਕ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਹਥਿਆਰਬੰਦ ਲੁੱਟੇਰਿਆਂ ਨੇ ਇੱਕ ਪਰਿਵਾਰ ਨੂੰ ਬੰਦੀ ਬਣਾ ਕੇ ਘਰ ਵਿੱਚ ਡਾਕਾ ਮਾਰਿਆ ਅਤੇ ਕਰੀਬ 45 ਮਿੰਟ ਤੱਕ ਘਰ ਵਿੱਚ ਰਹਿੰਦਿਆਂ ਨਕਦੀ, ਸੋਨਾ ਅਤੇ ਮੋਬਾਈਲ ਫੋਨ ਲੈ ਕੇ ਫ਼ਰਾਰ ਹੋ ਗਏ।
ਪੀੜਤ ਲਖਵਿੰਦਰ ਸਿੰਘ ਪੁੱਤਰ ਸ਼ਿਵ ਸਿੰਘ, ਜੋ ਰੇਲਵੇ ਲਾਈਨਾਂ ਨੇੜੇ ਖੇਤਾਂ ਵਿੱਚ ਬਣੇ ਘਰ ਵਿੱਚ ਰਹਿੰਦਾ ਹੈ, ਨੇ ਦੱਸਿਆ ਕਿ 5 ਤੋਂ 7 ਅਣਪਛਾਤੇ ਲੁੱਟੇਰੇ ਹਥਿਆਰਾਂ ਨਾਲ ਲੈਸ ਹੋ ਕੇ ਘਰ ਵਿੱਚ ਦਾਖ਼ਲ ਹੋਏ। ਪਰਿਵਾਰਕ ਮੈਂਬਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਰਾਤ ਕਰੀਬ 1:15 ਵਜੇ ਪਿਛਲੇ ਦਰਵਾਜ਼ੇ ਤੇ ਜ਼ੋਰ-ਜ਼ੋਰ ਨਾਲ ਠੋਕਣ ਦੀ ਆਵਾਜ਼ ਆਈ। ਪਹਿਲਾਂ ਉਨ੍ਹਾਂ ਨੂੰ ਲੱਗਾ ਕਿ ਕੋਈ ਪਸ਼ੂ ਦਰਵਾਜ਼ਾ ਤੋੜ ਰਿਹਾ ਹੈ, ਪਰ ਜਿਵੇਂ ਹੀ ਮੇਨ ਗ੍ਰਿਲ ਦਾ ਦਰਵਾਜ਼ਾ ਖੋਲ੍ਹਿਆ ਗਿਆ, ਲੁੱਟੇਰੇ ਜ਼ਬਰਦਸਤੀ ਅੰਦਰ ਦਾਖ਼ਲ ਹੋ ਗਏ।
ਹਥਿਆਰਾਂ ਦੀ ਨੋਕ ਤੇ ਪਰਿਵਾਰ ਬੰਦੀ, ਗੋਲੀ ਮਾਰਨ ਦੀ ਧਮਕੀ
ਲੁੱਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਲਖਵਿੰਦਰ ਸਿੰਘ, ਉਸ ਦੀ ਪਤਨੀ ਅਤੇ ਪੁੱਤਰ ਨੂੰ ਇੱਕ ਕਮਰੇ ਵਿੱਚ ਬੰਦੀ ਬਣਾ ਲਿਆ ਅਤੇ ਗੋਲੀ ਮਾਰਨ ਦੀਆਂ ਧਮਕੀਆਂ ਦਿੰਦਿਆਂ ਰਹੇ। ਇਸ ਤੋਂ ਬਾਅਦ ਲੁੱਟੇਰਿਆਂ ਨੇ ਘਰ ਦੇ ਸਾਰੇ ਕਮਰਿਆਂ ਦੀ ਤਲਾਸ਼ੀ ਲੈ ਕੇ ਕਰੀਬ ਇੱਕ ਲੱਖ ਰੁਪਏ ਨਕਦ, 10 ਤੋਲਾ ਸੋਨਾ ਅਤੇ ਚਾਰ ਮੋਬਾਈਲ ਫੋਨ ਲੁੱਟ ਕੇ ਫ਼ਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਣ ਤੇ ਡੀਐਸਪੀ ਆਦਮਪੁਰ ਦੇਹਾਤੀ ਰਾਜੀਵ ਕੁਮਾਰ ਅਤੇ ਥਾਣਾ ਆਦਮਪੁਰ ਦੇ ਐਸਐਚਓ ਰਵਿੰਦਰ ਪਾਲ ਸਿੰਘ ਪੁਲਿਸ ਟੀਮ ਸਮੇਤ ਮੌਕੇ ਤੇ ਪਹੁੰਚੇ। ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਰੇਲਵੇ ਲਾਈਨਾਂ ਨੇੜੇ ਦੋ ਮੋਬਾਈਲ ਬਰਾਮਦ
ਇਸ ਦਰਮਿਆਨ ਰੇਲਵੇ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ਤੇ ਰੇਲਵੇ ਲਾਈਨਾਂ ਨੇੜੇ ਤੋਂ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਆਸ-ਪਾਸ ਦੇ ਇਲਾਕਿਆਂ ਵਿੱਚ ਲੁੱਟੇਰਿਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
