ਪਟਿਆਲਾ ‘ਚ ਪੁਲਿਸ ਐਨਕਾਉਂਟਰ, ਲੱਕੀ ਪਟਿਆਲ ਨਾਲ ਜੁੜਿਆ ਗੈਂਗਸਟਰ ਜਖ਼ਮੀ, ਕਈ ਮਾਮਲਿਆਂ ‘ਚ ਸੀ ਲੋੜੀਂਦਾ
Patiala Police Encounter: ਪਟਿਆਲਾ ਪੁਲਿਸ ਨੇ ਕਾਰੋਬਾਰੀਆਂ ਅਤੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਫਿਰੌਤੀ ਕਾਲ ਆਉਂਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਪੁਲਿਸ ਕੋਲ ਅਜਿਹੇ ਮਾਮਲਿਆਂ ਦਾ ਪਤਾ ਲਗਾਉਣ ਲਈ ਮਜ਼ਬੂਤ ਤਕਨੀਕੀ ਪ੍ਰਣਾਲੀ ਹੈ ਅਤੇ ਮੁਲਜਮਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪਟਿਆਲਾ ਵਿੱਚ ਐਨਕਾਉਂਟਰ
ਪੰਜਾਬ ਪੁਲਿਸ ਨੇ ਗੈਂਗਸਟਰਾਂ ਅਤੇ ਸੰਗਠਿਤ ਅਪਰਾਧਾਂ ਵਿਰੁੱਧ ਪੰਜਾਬ ਪੁਲਿਸ ਦੀ ਜ਼ੀਰੋ-ਟੌਲਰੈਂਸ ਨੀਤੀ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸੇ ਲੜੀ ਤਹਿਤ ਲੱਕੀ ਪਟਿਆਲ ਗੈਂਗ ਨਾਲ ਜੁੜਿਆ ਇੱਕ ਸ਼ੂਟਰ ਦਾ ਐਨਕਾਉਂਟਰ ਹੋਇਆ ਹੈ। ਜਵਾਬੀ ਗੋਲੀਬਾਰੀ ਵਿੱਚ ਸ਼ੱਕੀ ਮੁਲਜ਼ਮ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ, ਐਸਐਸਪੀ ਪਟਿਆਲਾ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਪੁਲਿਸ ਨੇ ਦੱਸਿਆ ਕਿ ਸੀਆਈਏ ਪਟਿਆਲਾ ਦੇ ਇੰਚਾਰਜ ਐਸਪੀ-ਡੀ ਗੁਰਬੰਤ ਸਿੰਘ ਬੈਂਸ, ਸੀਆਈਏ ਸਮਾਣਾ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਬਾਜਵਾ ਅਤੇ ਸੀਆਈਏ ਰਾਜਪੁਰਾ ਦੀਆਂ ਟੀਮਾਂ ਨੇ ਸਾਂਝੇ ਤੌਰ ‘ਤੇ ਦੋ ਗੰਭੀਰ ਮਾਮਲਿਆਂ ਨੂੰ ਟਰੇਸ ਕੀਤਾ।
ਪਹਿਲਾ ਮਾਮਲਾ ਰਾਜਪੁਰਾ ਵਿੱਚ ‘ਭਰਾਵਾਂ ਦਾ ਢਾਬਾ’ ਦੇ ਮਾਲਕ ‘ਤੇ ਗੋਲੀਬਾਰੀ ਦਾ ਸੀ, ਜਿੱਥੇ ਲੱਕੀ ਪਟਿਆਲ ਗੈਂਗ ਵੱਲੋਂ ਵੱਡੀ ਫਿਰੌਤੀ ਮੰਗੀ ਗਈ ਸੀ। ਦੂਜੇ ਵਿੱਚ ਪਾਤੜਾਂ ਖੇਤਰ ਵਿੱਚ ਇੱਕ ਐਨਆਰਆਈ ਪਰਿਵਾਰ ਦੇ ਫਾਰਮ ਹਾਊਸ ‘ਤੇ ਗੋਲੀਬਾਰੀ ਕਰਨਾ ਅਤੇ ਉਨ੍ਹਾਂ ਤੋਂ ਫਿਰੌਤੀ ਮੰਗਣਾ ਸ਼ਾਮਲ ਸੀ। ਦੋਵਾਂ ਘਟਨਾਵਾਂ ਤੋਂ ਬਾਅਦ, ਪੁਲਿਸ ਟੀਮਾਂ ਲਗਾਤਾਰ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਸਨ।
ਰੋਕਣ ‘ਤੇ ਪੁਲਿਸ ਪਾਰਟੀ ‘ਤੇ ਕੀਤੀ ਫਾਇਰਿੰਗ
ਅੱਜ ਪੁਲਿਸ ਟੀਮਾਂ ਨੂੰ ਸੂਚਨਾ ਮਿਲੀ ਕਿ ਮਨਪ੍ਰੀਤ ਸਿੰਘ ਉਰਫ ਮੰਨਾ, ਵਾਸੀ ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ, ਇਲਾਕੇ ਵਿੱਚ ਮੌਜੂਦ ਹੈ। ਜਦੋਂ ਪੁਲਿਸ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜਮ ਨੇ ਪੁਲਿਸ ਪਾਰਟੀ ‘ਤੇ ਦੋ ਤੋਂ ਤਿੰਨ ਗੋਲੀਆਂ ਚਲਾ ਦਿੱਤੀਆਂ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਮੁਲਜਮ ਜ਼ਖਮੀ ਹੋ ਗਿਆ। ਉਸਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ, ਪਟਿਆਲਾ ਵਿੱਚ ਦਾਖਲ ਕਰਵਾਇਆ ਗਿਆ। ਖੁਸ਼ਕਿਸਮਤੀ ਨਾਲ, ਮੁਕਾਬਲੇ ਵਿੱਚ ਕੋਈ ਵੀ ਪੁਲਿਸ ਕਰਮਚਾਰੀ ਜ਼ਖਮੀ ਨਹੀਂ ਹੋਇਆ ਹੈ।
ਪੁਲਿਸ ਨੇ ਮੌਕੇ ‘ਤੇ ਮੁਲਜਮ ਤੋਂ ਇੱਕ ਪਿਸਤੌਲ ਬਰਾਮਦ ਕੀਤਾ। ਅਪਰਾਧਾਂ ਵਿੱਚ ਵਰਤਿਆ ਗਿਆ ਇੱਕ ਚੋਰੀ ਦਾ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜਮ ਖਿਲਾਫ ਪਹਿਲਾਂ ਹੀ ਤਿੰਨ ਤੋਂ ਚਾਰ ਅਪਰਾਧਿਕ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ
ਵਿਦੇਸ਼ੀ ਗੈਂਗਸਟਰ ਦੇ ਇਸ਼ਾਰੇ ‘ਤੇ ਕਰ ਰਿਹਾ ਸੀ ਵਾਰਦਾਤਾਂ
ਪੁਲਿਸ ਦੇ ਅਨੁਸਾਰ, ਜ਼ਖਮੀ ਮੁਲਜਮ ਵਿਦੇਸ਼ੀ ਗੈਂਗਸਟਰ ਲੱਕੀ ਪਟਿਆਲ ਦੇ ਇਸ਼ਾਰੇ ‘ਤੇ ਦੋਵੇਂ ਅਪਰਾਧਾਂ ਨੂੰ ਅੰਜਾਮ ਦੇ ਰਿਹਾ ਸੀ। ਪੀੜਤਾਂ ਨੂੰ ਵਿਦੇਸ਼ਾਂ ਤੋਂ ਫਿਰੌਤੀ ਦੇ ਕਾਲ ਕੀਤੇ ਗਏ ਸਨ, ਜਿਨ੍ਹਾਂ ਨੂੰ ਪੁਲਿਸ ਨੇ ਆਪਣੇ ਤਕਨੀਕੀ ਸਿਸਟਮ ਰਾਹੀਂ ਟਰੇਸ ਕੀਤਾ ਹੈ।
ਬਾਕੀ ਮੁਲਜ਼ਮਾਂ ਦੀ ਜਲਦੀ ਹੀ ਹੋਵੇਗੀ ਗ੍ਰਿਫ਼ਤਾਰੀ – ਪੁਲਿਸ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਮਾਮਲਿਆਂ ਵਿੱਚ ਕੁੱਲ੍ਹ ਦੋ ਮੁਲਜ਼ਮ ਸ਼ਾਮਲ ਸਨ। ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਦੂਜੇ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ। ਬਾਕੀ ਗਿਰੋਹ ਦੇ ਮੈਂਬਰਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
