ਸ਼ੱਕੀ ਹਾਲਾਤਾਂ ‘ਚ ਬਰਾਮਦ ਹੋਈ 27 ਸਾਲਾਂ ਨੌਜਵਾਨ ਦੀ ਲਾਸ਼, ਛਾਤੀ ‘ਚ ਲੱਗੀ ਹੋਈ ਸੀ ਗੋਲੀ
ਡਿਵੀਜ਼ਨ ਨੰਬਰ ਪੰਜ ਦੇ ਮੁਖੀ ਬਿਕਰਮਜੀਤ ਸਿੰਘ ਘੁੰਮਣ ਨੇ ਕਿਹਾ ਕਿ ਸ਼ਾਮ ਨਗਰ ਨਜ਼ਦੀਕ ਰੋਹਿਤ ਨਾਮਕ 27 ਸਾਲਾਂ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ ਉਹਨਾਂ ਕਿਹਾ ਕਿ ਇਸ ਬਾਬਤ ਪੁਲਿਸ ਵੱਲੋਂ ਵੱਖ-ਵੱਖ ਐਂਗਲਾਂ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਜਾਵੇਗਾ।
ਲੁਧਿਆਣਾ ਦੇ ਸ਼ਾਮ ਨਗਰ ਇਲਾਕੇ ਚ ਬੀਤੀ ਰਾਤ ਬੇਸੁੱਧ ਹਾਲਤ ਵਿੱਚ 27 ਸਾਲਾਂ ਨੌਜਵਾਨ ਰੋਹਿਤ ਸੜਕ ‘ਤੇ ਪਿਆ ਸੀ, ਜਿਸ ਨੂੰ ਉਸ ਦੇ ਯਾਰਾ ਦੋਸਤਾਂ ਵੱਲੋਂ ਚੁੱਕ ਸਿਵਿਲ ਹਸਪਤਾਲ ਪਹੁੰਚਾਇਆ ਗਿਆ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਹ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਛਾਤੀ ਵਿੱਚ ਗੋਲੀ ਲੱਗਣ ਨਾਲ ਉਸ ਦੀ ਮੌਤ ਹੋਈ ਹੈ। ਹਾਲਾਂਕਿ ਕਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਇਸ ਬਾਰੇ ਪਤਾ ਨਹੀਂ ਚੱਲ ਪਾਇਆ ਹੈ। ਫਿਲਹਾਲ ਪੁਲਿਸ ਵੱਖ-ਵੱਖ ਐਂਗਲਾਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਡਰਾਈਵਰੀ ਦਾ ਕੰਮ ਕਰਦਾ ਸੀ ਰੋਹਿਤ
ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਰੋਹਿਤ ਡਰਾਈਵਰੀ ਦਾ ਕੰਮ ਕਰਦਾ ਸੀ। ਉਹ ਆਪਣੀ ਭੂਆ ਕੋਲ ਜਗਰਾਉਂ ਪੁੱਲ ਨਜ਼ਦੀਕ ਰਹਿੰਦਾ ਸੀ। ਉਸਦੀ ਭੂਆ ਤੇ ਪਿਤਾ ਨੇ ਦੱਸਿਆ ਕਿ ਰਾਤ ਨੂੰ ਉਹ ਹੈਬੋਵਾਲ ਸਥਿਤ ਘਰ ਵਿੱਚ ਆ ਜਾਂਦਾ ਸੀ ਤੇ ਬਾਕੀ ਸਾਰਾ ਦਿਨ ਇੱਥੇ ਹੀ ਬਿਤਾਉਂਦਾ ਸੀ। ਉਹਨਾਂ ਕਿਹਾ ਕਿ ਉਸ ਦੀ ਕਿਸੇ ਨਾਲ ਕੋਈ ਵੀ ਰੰਜਿਸ਼ ਨਹੀਂ ਸੀ, ਪਰ ਬਾਵਜੂਦ ਇਸ ਦੇ ਬੀਤੀ ਰਾਤ ਉਹਨਾਂ ਨੂੰ ਪੁਲਿਸ ਕਰਮੀਆਂ ਦਾ ਫੋਨ ਆਇਆ ਕਿ ਉਹਨਾਂ ਦਾ ਬੇਟਾ ਰੋਹਿਤ ਹਸਪਤਾਲ ਵਿੱਚ ਦਾਖਿਲ ਹੈ।
ਉਹਨਾਂ ਕਿਹਾ ਕਿ ਜਦੋਂ ਉੱਥੇ ਜਾ ਕੇ ਵੇਖਿਆ ਤਾਂ ਪਤਾ ਚੱਲਿਆ ਕਿ ਉਸ ਦੀ ਛਾਤੀ ਵਿੱਚ ਗੋਲੀ ਲੱਗੀ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਹਨਾਂ ਨੂੰ ਸਲਾਖਾਂ ਦੇ ਪਿੱਛੇ ਡੱਕਿਆ ਜਾਵੇ। ਇਸ ਦੌਰਾਨ ਉਹਨਾਂ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਸਬੰਧ ਵਿੱਚ ਥਾਣਾ ਡਿਵੀਜ਼ਨ ਨੰਬਰ ਪੰਜ ਦੇ ਮੁਖੀ ਬਿਕਰਮਜੀਤ ਸਿੰਘ ਘੁੰਮਣ ਨੇ ਕਿਹਾ ਕਿ ਸ਼ਾਮ ਨਗਰ ਨਜ਼ਦੀਕ ਰੋਹਿਤ ਨਾਮਕ 27 ਸਾਲਾਂ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ ਉਹਨਾਂ ਕਿਹਾ ਕਿ ਇਸ ਬਾਬਤ ਪੁਲਿਸ ਵੱਲੋਂ ਵੱਖ-ਵੱਖ ਐਂਗਲਾਂ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਜਾਵੇਗਾ। ਫਿਲਹਾਲ ਹਾਲੇ ਅਜਿਹੀ ਕੋਈ ਵੀ ਘਟਨਾ ਨੂੰ ਲੈ ਕੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਆਪਸੀ ਇਹਨਾਂ ਦਾ ਕੀ ਵਿਵਾਦ ਸੀ। ਉਹਨਾਂ ਕਿਹਾ ਕਿ ਜਾਂਚ ਜਾਰੀ ਹੈ।


