ਬਟਾਲਾ ਪੁਲਿਸ ਸਟੇਸ਼ਨ ਨੇੜੇ ਸੁਣਾਈ ਦਿੱਤੀ ਧਮਾਕੇ ਦੀ ਅਵਾਜ਼, ਅੱਤਵਾਦੀ ਹਮਲੇ ਦਾ ਖ਼ਦਸਾ
ਬਟਾਲਾ ਦੇ ਕਿਲਾ ਲਾਲ ਸਿੰਘ ਪੁਲਿਸ ਥਾਣੇ ਨੇੜੇ ਦੇਰ ਰਾਤ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਸੋਸ਼ਲ ਮੀਡੀਆ 'ਤੇ ਇਸਨੂੰ ਖਾਲਿਸਤਾਨੀ ਅੱਤਵਾਦੀਆਂ ਵੱਲੋਂ ਕੀਤਾ ਗਿਆ ਹਮਲਾ ਦੱਸਿਆ ਗਿਆ ਹੈ, ਜਿਸਦੀ ਪੁਲਿਸ ਜਾਂਚ ਕਰ ਰਹੀ ਹੈ। ਮੌਕੇ 'ਤੇ ਦਹਿਸ਼ਤ ਦਾ ਮਾਹੌਲ ਹੈ ਅਤੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਯੂਪੀ ਦੇ ਪੀਲੀਭੀਤ 'ਚ ਹੋਏ ਐਨਕਾਊਂਟਰ ਨੂੰ ਇਸ ਘਟਨਾ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।

ਬਟਾਲਾ ਦੇ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ ਨੇੜੇ ਦੇਰ ਰਾਤ 12:35 ਵਜੇ ਜ਼ੋਰਦਾਰ ਅਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਸ਼ੋਸਲ ਮੀਡੀਆ ਅਕਾਉਂਟ ਤੇ ਪੋਸਟ ਪਾਕੇ ਇਸ ਨੂੰ ਅੱਤਵਾਦੀ ਹਮਲਾ ਦੱਸਿਆ। ਪੋਸਟ ਵਿੱਚ ਦਾਅਵਾ ਕੀਤਾ ਗਿਆ ਬਟਾਲਾ ਦੀ ਉਕਤ ਪੁਲਿਸ ਚੌਕੀ ‘ਤੇ ਹਮਲਾ ਖਾਲਿਸਤਾਨੀ ਅੱਤਵਾਦੀ ਹੈਪੀ ਪਾਸੀਅਨ ਨੇ ਕਰਵਾਇਆ। ਜੋ ਕਿ ਰਾਕੇਟ ਲਾਂਚਰ ਨਾਲ ਕੀਤਾ ਗਿਆ ਹਮਲਾ ਹੈ। ਇਸ ਤੋਂ ਇਲਾਵਾ, ਪੀਲੀਭੀਤ ਵਿੱਚ ਉੱਤਰ ਪ੍ਰਦੇਸ਼ ਪੁਲਿਸ ਦੁਆਰਾ ਕੀਤੇ ਗਏ ਮੁਕਾਬਲੇ ਨੂੰ ਇਸ ਹਮਲੇ ਦਾ ਕਾਰਨ ਦੱਸਿਆ ਗਿਆ ਹੈ।
ਜ਼ੋਰਦਾਰ ਧਮਾਕੇ ਨਾਲ ਆਸ-ਪਾਸ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਕਿਲਾ ਲਾਲ ਸਿੰਘ ਦੇ ਵਸਨੀਕਾਂ ਨੇ ਵੀ ਪੁਸ਼ਟੀ ਕੀਤੀ ਹੈ ਕਿ ਬੀਤੀ ਰਾਤ ਤਿੰਨ ਜ਼ੋਰਦਾਰ ਧਮਾਕੇ ਸੁਣੇ ਗਏ। ਹਾਲਾਂਕਿ, ਪੁਲਿਸ ਨੇ ਇਸ ਸਬੰਧ ਵਿੱਚ ਕੋਈ ਸਪੱਸ਼ਟ ਬਿਆਨ ਜਾਰੀ ਨਹੀਂ ਕੀਤਾ ਹੈ। ਇਹ ਧਮਾਕਾ ਬਟਾਲਾ ਦੇ ਫਤਿਹਗੜ੍ਹ ਚੂੜੀਆਂ ਕਸਬੇ ਵਿੱਚ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ ਦੇ ਸਾਹਮਣੇ ਤੋਂ ਲੰਘਦੀ ਨਹਿਰ ਦੇ ਨੇੜੇ ਹੋਇਆ।
ਸਥਾਨਕ ਲੋਕਾਂ ਨੇ ਧਮਾਕੇ ਦੀ ਆਵਾਜ਼ ਸੁਣੀ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਪੁਲਿਸ ਨੇ ਰਾਤ ਤੋਂ ਹੀ ਥਾਣੇ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਪੁਲਿਸ ਅਜੇ ਤੱਕ ਧਮਾਕੇ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦੇ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸ਼ੋਸਲ ਮੀਡੀਆ ਤੇ ਪਾਈ ਗਈ ਪੋਸਟ
ਖਾਲਿਸਤਾਨੀ ਸੰਗਠਨ ਵੱਲੋਂ ਕੀਤੀ ਗਈ ਪੋਸਟ ਵਿੱਚ ਲਿਖਿਆ ਹੈ – ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ… ਬਟਾਲਾ ਨੇੜੇ ਪਿੰਡ ਕਿਲਾ ਲਾਲ ਸਿੰਘ ਦੇ ਪੁਲਿਸ ਸਟੇਸ਼ਨ ‘ਤੇ ਬੀਤੀ ਰਾਤ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ। ਮੈਂ, ਹੈਪੀ ਪਾਸੀਆਂ, ਮੰਨੂੰ ਅਗਵਾਨ ਅਤੇ ਗੋਪੀ ਨਵਾਂਸ਼ਹਿਰ ਇਸਦੀ ਜ਼ਿੰਮੇਵਾਰੀ ਲੈਂਦੇ ਹਾਂ।
ਇਹ ਵੀ ਪੜ੍ਹੋ
ਇਹ ਯੂਪੀ ਦੇ ਪੀਲੀਭੀਤ ਅਤੇ ਬਟਾਲਾ ਵਿੱਚ ਪੁਲਿਸ ਦੁਆਰਾ ਕੀਤੇ ਗਏ ਮੁਕਾਬਲਿਆਂ ਦਾ ਬਦਲਾ ਸੀ। ਮੁਕਾਬਲੇ ਦੌਰਾਨ, ਕਲਰਕ ਤੋਂ ਲੈ ਕੇ ਪੁਲਿਸ ਅਧਿਕਾਰੀ ਤੱਕ, ਉਹ ਸਾਰੇ ਪੁਲਿਸ ਕਰਮਚਾਰੀ ਜਿਨ੍ਹਾਂ ਦੇ ਨਾਮ FIR ਵਿੱਚ ਦੱਸੇ ਗਏ ਹਨ, ਅਸੀਂ ਉਨ੍ਹਾਂ ਨੂੰ 31 ਤਰੀਕ ਤੱਕ ਉਨ੍ਹਾਂ ਦੇ ਕੰਮਾਂ ਲਈ ਸਜ਼ਾ ਦੇਵਾਂਗੇ।
ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਇਹ ਹਮਲੇ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਇਹ ਗੰਦੀ ਪੁਲਿਸ ਸਿੱਖ ਭਾਈਚਾਰੇ ‘ਤੇ ਜ਼ੁਲਮ ਕਰਨਾ ਬੰਦ ਨਹੀਂ ਕਰਦੀ। ਸਾਡੀ ਸਰਕਾਰ ਦੇ ਜ਼ੁਲਮ ਕਰਨ ਵਾਲਿਆਂ ਨੂੰ ਇਸੇ ਤਰ੍ਹਾਂ ਜਵਾਬ ਮਿਲਦੇ ਰਹਿਣਗੇ ਅਤੇ ਹੁਣ ਸਿੱਖਾਂ ਨੂੰ ਆਪਣੀ ਗੁਲਾਮੀ ਦਾ ਅਹਿਸਾਸ ਹੋਣਾ ਚਾਹੀਦਾ ਹੈ। ਅਸੀਂ ਅਤੇ ਸਾਡਾ ਸੰਗਠਨ ਸਰਕਾਰ ਨੂੰ ਇੱਕ ਐਲਾਨ ਕਰਨਾ ਚਾਹੁੰਦੇ ਹਾਂ। ਦਿੱਲੀ ਦੇ ਲੋਕੋ, ਬਹਾਦਰ ਬਣੋ, ਸਿੰਘ ਭਾਈਚਾਰੇ ਦੀ ਰੱਖਿਆ ਲਈ ਮੈਦਾਨ ਵਿੱਚ ਉਤਰ ਆਏ ਹਨ। ਬਹੁਤ ਜਲਦੀ ਮਿਲਦੇ ਹਾਂ।
3 ਨੌਜਵਾਨਾਂ ਦਾ ਹੋਇਆ ਸੀ ਐਨਕਾਉਂਟਰ
23 ਦਸੰਬਰ 2024 ਨੂੰ ਯੂਪੀ ਦੇ ਪੀਲੀਭੀਤ ਪੂਰਨਪੁਰ ਕੋਤਵਾਲੀ ਇਲਾਕੇ ਵਿੱਚ ਇੱਕ ਮੁਕਾਬਲੇ ਵਿੱਚ 3 ਖਾਲਿਸਤਾਨੀ ਸਮਰਥਕ ਮਾਰੇ ਗਏ ਸਨ। ਇਹ ਮੁਕਾਬਲਾ ਪੀਲੀਭੀਤ ਪੁਲਿਸ ਅਤੇ ਪੰਜਾਬ ਪੁਲਿਸ ਨੇ ਕੀਤਾ। ਸਾਰੇ ਅੱਤਵਾਦੀ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਦੇ ਮੈਂਬਰ ਸਨ। 19 ਦਸੰਬਰ ਨੂੰ, ਉਹਨਾਂ ਨੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਪੁਲਿਸ ਚੌਕੀ ‘ਤੇ ਗ੍ਰਨੇਡ ਨਾਲ ਹਮਲਾ ਕੀਤਾ।
ਅੱਤਵਾਦੀਆਂ ਤੋਂ 2 AK-47 ਰਾਈਫਲਾਂ, 2 ਗਲੋਕ ਪਿਸਤੌਲ ਅਤੇ ਵੱਡੀ ਮਾਤਰਾ ਵਿੱਚ ਕਾਰਤੂਸ ਬਰਾਮਦ ਕੀਤੇ ਗਏ ਹਨ। ਮਾਰੇ ਗਏ ਅੱਤਵਾਦੀਆਂ ਵਿੱਚ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਉਰਫ਼ ਰਵੀ ਅਤੇ ਜਸਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ ਸ਼ਾਮਲ ਸਨ, ਜੋ ਗੁਰਦਾਸਪੁਰ ਦੇ ਬਟਾਲਾ ਦੇ ਰਹਿਣ ਵਾਲੇ ਸਨ।