Google ਦਾ Gemini ਹੁਣ ਹੋਇਆ ਪਹਿਲਾਂ ਨਾਲੋਂ ਜ਼ਿਆਦਾ ਸਮਾਰਟ, ਭਾਰਤੀ ਯੂਜ਼ਰਸ ਲਈ ਜਾਰੀ ਹੋਇਆ ਇਹ ਸ਼ਾਨਦਾਰ ਫੀਚਰ
ਤਕਨਾਲੋਜੀ ਦਿੱਗਜ ਗੂਗਲ ਨੇ ਭਾਰਤ ਵਿੱਚ ਆਪਣੇ ਆਰਟੀਫੀਸ਼ੀਅਲ ਇੰਟੈਲੀਜੈਂਸ ਐਪ 'ਜੈਮਿਨੀ' ਦੀ ਸਮਰੱਥਾ ਨੂੰ ਵਧਾਉਂਦੇ ਹੋਏ ਇੱਕ ਕ੍ਰਾਂਤੀਕਾਰੀ ਨਵਾਂ ਫੀਚਰ ਸ਼ਾਮਲ ਕੀਤਾ ਹੈ। ਕੰਪਨੀ ਨੇ ਯੂਜ਼ਰਸ ਦੇ ਅਨੁਭਵ ਨੂੰ ਹੋਰ ਨਿੱਜੀ ਅਤੇ ਬਿਹਤਰ ਬਣਾਉਣ ਲਈ 'ਪਰਸਨਲ ਇੰਟੈਲੀਜੈਂਸ' ਫੀਚਰ ਨੂੰ ਰੋਲਆਊਟ ਕਰ ਦਿੱਤਾ ਹੈ।
ਤਕਨਾਲੋਜੀ ਦਿੱਗਜ ਗੂਗਲ ਨੇ ਭਾਰਤ ਵਿੱਚ ਆਪਣੇ ਆਰਟੀਫੀਸ਼ੀਅਲ ਇੰਟੈਲੀਜੈਂਸ ਐਪ ‘ਜੈਮਿਨੀ’ ਦੀ ਸਮਰੱਥਾ ਨੂੰ ਵਧਾਉਂਦੇ ਹੋਏ ਇੱਕ ਕ੍ਰਾਂਤੀਕਾਰੀ ਨਵਾਂ ਫੀਚਰ ਸ਼ਾਮਲ ਕੀਤਾ ਹੈ। ਕੰਪਨੀ ਨੇ ਯੂਜ਼ਰਸ ਦੇ ਅਨੁਭਵ ਨੂੰ ਹੋਰ ਨਿੱਜੀ ਅਤੇ ਬਿਹਤਰ ਬਣਾਉਣ ਲਈ ‘ਪਰਸਨਲ ਇੰਟੈਲੀਜੈਂਸ’ ਫੀਚਰ ਨੂੰ ਰੋਲਆਊਟ ਕਰ ਦਿੱਤਾ ਹੈ। ਇਹ ਫੀਚਰ ਵਿਸ਼ੇਸ਼ ਤੌਰ ‘ਤੇ ਯੂਜ਼ਰ ਦੀਆਂ ਨਿੱਜੀ ਲੋੜਾਂ ਅਤੇ ਉਸ ਦੇ ਡਾਟਾ ਮੁਤਾਬਕ ਜਵਾਬ ਦੇਣ ਲਈ ਤਿਆਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਹ ਸੁਵਿਧਾ ਪਹਿਲਾਂ ਸਿਰਫ਼ ਅਮਰੀਕਾ ਵਿੱਚ ਉਪਲਬਧ ਸੀ, ਪਰ ਹੁਣ ਇਸ ਨੂੰ ਭਾਰਤੀ ਯੂਜ਼ਰਸ ਲਈ ਵੀ ਜਾਰੀ ਕਰ ਦਿੱਤਾ ਗਿਆ ਹੈ।
ਕੀ ਹੈ ਪਰਸਨਲ ਇੰਟੈਲੀਜੈਂਸ ਅਤੇ ਇਹ ਕਿਵੇਂ ਕਰਦਾ ਹੈ ਕੰਮ?
ਇਹ ਨਵਾਂ ਫੀਚਰ ਗੂਗਲ ਦੀਆਂ ਵੱਖ-ਵੱਖ ਸੇਵਾਵਾਂ ਜਿਵੇਂ ਕਿ ਜੀਮੇਲ, ਗੂਗਲ ਫੋਟੋਜ਼, ਯੂਟਿਊਬ ਅਤੇ ਗੂਗਲ ਸਰਚ ਤੋਂ ਯੂਜ਼ਰ ਦੇ ਡਾਟਾ ਨੂੰ ਇਕੱਠਾ ਕਰਕੇ ਜੈਮਿਨੀ ਐਪ ਦੀ ਵਰਤੋਂ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਂਦਾ ਹੈ। ਇੱਕ ਵਾਰ ਜਦੋਂ ਯੂਜ਼ਰ ਇਸ ਸਿਸਟਮ ਨੂੰ ਚਾਲੂ ਕਰ ਲੈਂਦਾ ਹੈ, ਤਾਂ ਜੈਮਿਨੀ ਇਨ੍ਹਾਂ ਐਪਸ ਵਿੱਚ ਮੌਜੂਦ ਜਾਣਕਾਰੀ ਦੀ ਵਰਤੋਂ ਕਰਕੇ ਤੁਹਾਡੇ ਸਵਾਲਾਂ ਦੇ ਬੇਹੱਦ ਸਟੀਕ ਜਵਾਬ ਦਿੰਦਾ ਹੈ।
ਉਦਾਹਰਨ ਲਈ, ਜੇਕਰ ਤੁਸੀਂ ਜੈਮਿਨੀ ਨੂੰ ਆਪਣੇ ਆਉਣ ਵਾਲੇ ‘ਟ੍ਰੈਵਲ ਪਲਾਨ’ ਬਾਰੇ ਪੁੱਛਦੇ ਹੋ, ਤਾਂ ਇਹ ਤੁਹਾਡੀਆਂ ਈਮੇਲਾਂ, ਫੋਟੋਆਂ ਅਤੇ ਸਰਚ ਹਿਸਟਰੀ ਤੋਂ ਜਾਣਕਾਰੀ ਕੱਢ ਕੇ ਇੱਕ ਪੂਰਾ ਵੇਰਵਾ ਤਿਆਰ ਕਰ ਸਕਦਾ ਹੈ। ਇਹ ਫੀਚਰ ਸਿਰਫ਼ ਟੈਕਸਟ ਤੱਕ ਸੀਮਿਤ ਨਹੀਂ ਹੈ, ਸਗੋਂ ਤਸਵੀਰਾਂ ਅਤੇ ਵੀਡੀਓਜ਼ ਦੇ ਫਾਰਮੈਟ ਵਿੱਚ ਵੀ ਜਾਣਕਾਰੀ ਦੇਣ ਦੇ ਸਮਰੱਥ ਹੈ।
ਸੁਰੱਖਿਆ ਅਤੇ ਨਿੱਜਤਾ ਦਾ ਖ਼ਾਸ ਧਿਆਨ
ਗੂਗਲ ਨੇ ਸਪੱਸ਼ਟ ਕੀਤਾ ਹੈ ਕਿ ‘ਪਰਸਨਲ ਇੰਟੈਲੀਜੈਂਸ’ ਇੱਕ ਵਿਕਲਪਿਕ ਫੀਚਰ ਹੈ। ਇਹ ਡਿਫਾਲਟ ਰੂਪ ਵਿੱਚ ਬੰਦ ਰਹਿੰਦਾ ਹੈ ਅਤੇ ਯੂਜ਼ਰਸ ਕੋਲ ਇਹ ਚੋਣ ਕਰਨ ਦੀ ਪੂਰੀ ਆਜ਼ਾਦੀ ਹੈ ਕਿ ਉਹ ਕਿਹੜੀਆਂ ਐਪਸ ਨੂੰ ਜੈਮਿਨੀ ਨਾਲ ਜੋੜਨਾ ਚਾਹੁੰਦੇ ਹਨ। ਯੂਜ਼ਰ ਕਿਸੇ ਵੀ ਸਮੇਂ ਇਸ ਫੀਚਰ ਨੂੰ ਬੰਦ ਕਰ ਸਕਦੇ ਹਨ। ਕੰਪਨੀ ਦਾ ਦਾਅਵਾ ਹੈ ਕਿ ਕਨੈਕਟ ਕੀਤੀਆਂ ਐਪਸ ਰਾਹੀਂ ਲਿਆ ਗਿਆ ਡਾਟਾ ਸਿਰਫ਼ ਯੂਜ਼ਰ ਦੇ ਸਵਾਲਾਂ ਦੇ ਜਵਾਬ ਦੇਣ ਲਈ ਵਰਤਿਆ ਜਾਂਦਾ ਹੈ, ਨਾ ਕਿ AI ਮਾਡਲਾਂ ਨੂੰ ਟ੍ਰੇਨ ਕਰਨ ਲਈ।
ਕੌਣ ਕਰ ਸਕਦਾ ਹੈ ਵਰਤੋਂ?
ਫਿਲਹਾਲ ਇਹ ਸੇਵਾ ਭਾਰਤ ਵਿੱਚ ‘Google AI Plus’, ‘Pro’ ਅਤੇ ‘Ultra’ ਸਬਸਕ੍ਰਾਈਬਰਸ ਲਈ ਉਪਲਬਧ ਕਰਵਾਈ ਗਈ ਹੈ। ਇਸ ਨੂੰ ਵੈੱਬ, ਐਂਡਰਾਇਡ ਅਤੇ ਆਈਓਐਸ ਪਲੇਟਫਾਰਮਾਂ ‘ਤੇ ਵਰਤਿਆ ਜਾ ਸਕਦਾ ਹੈ। ਯੂਜ਼ਰਸ ਜੈਮਿਨੀ ਐਪ ਦੀਆਂ ਸੈਟਿੰਗਾਂ ਵਿੱਚ ਜਾ ਕੇ ‘ਪਰਸਨਲ ਇੰਟੈਲੀਜੈਂਸ’ ਸੈਕਸ਼ਨ ਰਾਹੀਂ ਇਸ ਨੂੰ ਚਾਲੂ ਕਰ ਸਕਦੇ ਹਨ। ਕੰਪਨੀ ਦੀ ਯੋਜਨਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਇਸ ਨੂੰ ਵੱਡੇ ਪੱਧਰ ‘ਤੇ ਸਾਰੇ ਯੂਜ਼ਰਸ ਲਈ ਲਾਂਚ ਕੀਤਾ ਜਾਵੇ।


