ਮੰਦਰ ‘ਚ ਲੁਕਿਆ ਹੋਇਆ ਸੀ ਨੌਜਵਾਨ, ਮਾਂ ਨਾਲ ਪਹੁੰਚੀ ਕੁੜੀ ਤਾਂ ਚਾਕੂ ਨਾਲ ਕਰ ਦਿੱਤਾ ਹਮਲਾ
Crime News: ਪੀੜਤ ਕੁੜੀ ਦੀ ਮਾਂ ਨੇ ਗੁਆਂਢੀਆਂ ਦੀ ਮਦਦ ਨਾਲ ਤੁਰੰਤ ਉਸ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਵੱਡੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਕੁੜੀ 'ਤੇ ਪਰਿਵਾਰਕ ਮੈਂਬਰ ਉਸ ਨੂੰ ਸ੍ਰੀਗੰਗਾਨਗਰ ਦੇ ਹਸਪਤਾਲ ਲੈ ਗਏ।

ਅਬੋਹਰ ਜ਼ਿਲੇ ‘ਚ ਮਾਂ ਨਾਲ ਮੰਦਰ ‘ਚ ਮੱਥਾ ਟੇਕਣ ਆਈ ਇਕ ਲੜਕੀ ‘ਤੇ ਮੰਦਰ ‘ਚ ਲੁਕੇ ਇਕ ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਹੋਣ ਕਰਕੇ ਮੁੱਢਲੀ ਸਹਾਇਤਾ ਤੋਂ ਬਾਅਦ ਵੱਡੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।
ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਕੇ ਵਾਰਦਾਤ ‘ਚ ਵਰਤਿਆ ਗਿਆ ਚਾਕੂ ਬਰਾਮਦ ਕਰ ਲਿਆ ਹੈ। ਇਸ ਨਾਲ ਮਿਲਦੀ-ਜੁਲਦੀ ਵਾਰਦਾਤ ਕੁਝ ਦਿਨ ਪਹਿਲਾਂ ਦਿੱਲੀ ‘ਚ ਵੀ ਵਾਪਰੀ ਸੀ, ਜਿੱਥੇ ਇਕ ਮੁੰਡੇ ਨੇ ਨਾਬਾਲਗ ਲੜਕੀ ‘ਤੇ ਤਾਬੜਤੋੜ ਚਾਕੂ ਨਾਲ ਹਮਲਾਕਰ ਦਿੱਤਾ ਸੀ। ਹੁਣ ਅਬੋਹਰ ‘ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ।
ਈਦਗਾਹ ਬਸਤੀ ਦੀ ਰਹਿਣ ਵਾਲੀ ਪੀੜਤ ਕੁੜੀ ਸੋਮਵਾਰ ਸਵੇਰੇ ਕਰੀਬ 10.15 ਵਜੇ ਆਪਣੀ ਮਾਂ ਨਾਲ ਅਬੋਹਰ ਦੇ ਪੁਰਾਣੀ ਫਾਜ਼ਿਲਕਾ ਰੋਡ ‘ਤੇ ਸਥਿਤ ਜੌਹਰੀ ਮੰਦਰ ‘ਚ ਮੱਥਾ ਟੇਕਣ ਆਈ ਸੀ। ਇਸੇ ਦੌਰਾਨ ਮੰਦਰ ਦੇ ਬਗੀਚੇ ‘ਚ ਲੁਕੇ ਇਕ ਨੌਜਵਾਨ ਨੇ ਲੜਕੀ ਨੂੰ ਘੇਰ ਕੇ ਉਸ ਦੀ ਗਰਦਨ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਫਰਾਰ ਹੋ ਗਿਆ। ਇਸ ਕਾਰਨ ਲੜਕੀ ਚੀਕਣ ਲੱਗੀ ਅਤੇ ਵਿਹੜੇ ਵਿਚ ਹਰ ਪਾਸੇ ਖੂਨ ਦੇ ਛਿੱਟੇ ਵਿੱਖਰ ਗਏ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਅਰੁਣ ਮੁੰਡਨ ਅਤੇ ਥਾਣਾ ਸਦਰ ਦੇ ਇੰਚਾਰਜ ਮੌਕੇ ਤੇ ਪੁੱਜੇ। ਪੁਲਿਸ ਨੇ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਲੜਕੀ ਦੀ ਸਾਜਨ ਨਾਂ ਦੇ ਨੌਜਵਾਨ ਨਾਲ ਦੋਸਤੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਲੜਕੀ ਉਸ ਤੋਂ ਕੰਨੀ ਕੱਟ ਰਹੀ ਸੀ। ਸਾਜਨ ਇਹ ਬਰਦਾਸ਼ਤ ਨਾ ਕਰ ਸਕਿਆ ਅਤੇ ਸੋਮਵਾਰ ਨੂੰ ਲੜਕੀ ‘ਤੇ ਉਸ ਸਮੇਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਦੋਂ ਉਹ ਆਪਣੀ ਮਾਂ ਨਾਲ ਮੰਦਰ ‘ਚ ਮੱਥਾ ਟੇਕਣ ਆਈ ਸੀ। ਸਾਜਨ ਨੇ ਉਸ ਨੂੰ ਮੰਦਰ ‘ਚ ਆਪਣੇ ਨੇੜੇ ਬੁਲਾਇਆ ਅਤੇ ਉਸ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ। ਹਾਲਾਂਕਿ ਬਾਅਦ ‘ਚ ਪੁਲਿਸ ਨੇ ਦੋਸ਼ੀ ਨੂੰ ਚਾਕੂ ਸਮੇਤ ਫੜ ਲਿਆ।