6 ਕਿੱਲੋ ਹੈਰੋਇਨ ਸਣੇ ਕਪੂਰਥਲਾ ਪੁਲਿਸ ਨੇ ਗ੍ਰਿਫਤਾਰ ਕੀਤੇ 5 ਤਸਕਰ, 7 ਲੱਖ ਦੀ ਡਰੱਗ ਮਨੀ ਵੀ ਬਰਾਮਦ
ਪੰਜਾਬ ਸਰਕਾਰ ਨੇ ਨਸ਼ੇ ਨੂੰ ਖਤਮ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਸਦੇ ਤਹਿਤ ਪੁਲਿਸ ਨਸ਼ਾ ਤਸਕਰਾਂ ਦੀ ਜਾਇਦਾਦ ਸੀਜ ਕਰ ਰਹੀ ਹੈ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਹੁਣ ਤੱਕ ਕਰੋੜਾਂ ਰੁਪਏ ਦੀ ਸੰਪਤੀ ਸੀਜ ਕਰ ਦਿੱਤੀ ਹੈ। ਉੱਧਰ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਤੋਂ 6 ਕਿੱਲੋ ਹੈਰੋਇਨ ਤੇ 7 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ।

ਕਪੂਰਥਲਾ। ਕਪੂਰਥਲਾ ਪੁਲਿਸ ਨੇ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਨਸ਼ਟ ਕਰਨ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਕਪੂਰਥਲਾ ਪੁਲਿਸ (Kapurthala Police) ਨੇ 5 ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ 6 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਵੱਡਾ ਖੁਲਾਸਾ ਇਹ ਹੈ ਕਿ ਹੈਰੋਇਨ ਦੀ ਇਹ ਖੇਪ ਸਰਹੱਦ ਪਾਰ ਤੋਂ ਨਹੀਂ ਸਗੋਂ ਦਿੱਲੀ ਤੋਂ ਪੰਜਾਬ ਆਈ ਸੀ। ਇਸ ਤੋਂ ਇਲ਼ਾਵਾ ਪੁਲਿਸ ਗ੍ਰਿਫਤਾਰ ਮੁਲਜ਼ਮਾਂ ਤੋਂ 7 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।
ਐਸਐਸਪੀ ਰਾਜਪਾਲ ਸਿੰਘ ਸੰਧੂ ਨੇ ਦੱਸਿਆ ਕਿ ਡੀਜੀਪੀ ਗੌਰਵ ਯਾਦਵ (DGP Gaurav Yadav) ਦੀਆਂ ਹਦਾਇਤਾਂ ਤੇ ਕਪੂਰਥਲਾ ਪੁਲਸ ਨੇ ਪੰਜਾਬ ਪੁਲਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਕਾਰਵਾਈ ਕੀਤੀ ਹੈ। ਐਸਐਸਪੀ ਰਾਜਪਾਲ ਸੰਧੂ ਨੇ ਦੱਸਿਆ ਕਿ ਨਸ਼ਾ ਤਸਕਰਾਂ ਵੱਲੋਂ ਦਿੱਲੀ ਤੋਂ ਹੈਰੋਇਨ ਮੰਗਵਾਉਣ ਦਾ ਰਮੀਦੀ ਪੁਲ ਦੇ ਹੇਠਾਂ ਸਪਲਾਈ ਅਤੇ ਪੈਸਿਆਂ ਦਾ ਲੈਣ-ਦੇਣ ਤੈਅ ਕੀਤਾ ਗਿਆ ਸੀ ਅਤੇ ਸੂਚਨਾ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਤਸਕਰਾਂ ਨੂੰ ਕਾਬੂ ਕੀਤਾ ਗਿਆ।
ਇਨ੍ਹਾਂ ਤਸਕਰਾਂ ਖਿਲਾਫ ਹੋਈ ਕਾਰਵਾਈ-SSP
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਕਸ਼ਮੀਰ ਸਿੰਘ ਵਾਸੀ ਡੋਗਰਾਂਵਾਲਾ, ਸਵਰਨ ਸਿੰਘ ਉਰਫ਼ ਚੱਪੜ ਵਾਸੀ ਵੀਲਾ ਕੋਠੀ, ਅਮਨਦੀਪ ਸਿੰਘ ਵਾਸੀ ਦਿਆਲਪੁਰ, ਰਾਹੁਲ ਅਤੇ ਅਤੁਲ ਵਾਸੀ ਪਟੇਲ ਗਾਰਡਨ ਦਵਾਰਕਾ ਮੋੜ ਨਵੀਂ ਦਿੱਲੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸਵਿਫ਼ਟ ਕਾਰ ਪੀ.ਬੀ.09. ਏ.ਕੇ.1703 ਸਵਰਨ ਸਿੰਘ ਉਰਫ਼ ਤਪਦ ਕੋਲੋਂ 2 ਕਿਲੋ ਹੈਰੋਇਨ, ਅਮਨਦੀਪ ਕੋਲੋਂ 1 ਕਿਲੋ ਹੈਰੋਇਨ ਅਤੇ ਅਤੁਲ ਕੋਲੋਂ 6 ਲੱਖ ਰੁਪਏ ਦੀ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।