PSEB ਦਾ ਵੱਡਾ ਫੈਸਲਾ: 11ਵੀਂ ਤੋਂ ਬਾਅਦ 12ਵੀਂ ਵਿੱਚ ਨਹੀਂ ਬਦਲ ਸਕੋਗੇ ਸਟ੍ਰੀਮ, ਜਾਣੋ ਕਿਉਂ ਲਗਾਈ ਗਈ ਪਾਬੰਦੀ

Updated On: 

15 Sep 2026 11:14 AM IST

PSEB New Rules: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਸੀਨੀਅਰ ਸੈਕੰਡਰੀ ਪੱਧਰ ਤੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਵਿਸ਼ੇ ਅਤੇ ਸਟ੍ਰੀਮ (ਸੰਕਾਏ) ਦੀ ਚੋਣ ਨਾਲ ਜੁੜੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ।

PSEB ਦਾ ਵੱਡਾ ਫੈਸਲਾ: 11ਵੀਂ ਤੋਂ ਬਾਅਦ 12ਵੀਂ ਵਿੱਚ ਨਹੀਂ ਬਦਲ ਸਕੋਗੇ ਸਟ੍ਰੀਮ, ਜਾਣੋ ਕਿਉਂ ਲਗਾਈ ਗਈ ਪਾਬੰਦੀ

PSEB ਨੇ ਬਦਲੇ ਨਿਯਮ: 11ਵੀਂ 'ਚ ਚੁਣੀ ਸਟ੍ਰੀਮ ਹੀ 12ਵੀਂ ਵਿੱਚ ਪੜ੍ਹਨੀ ਪਵੇਗੀ Photo Credit : Meta AI

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਸੀਨੀਅਰ ਸੈਕੰਡਰੀ ਪੱਧਰ ਤੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਵਿਸ਼ੇ ਅਤੇ ਸਟ੍ਰੀਮ (ਸੰਕਾਏ) ਦੀ ਚੋਣ ਨਾਲ ਜੁੜੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਨਵੇਂ ਹੁਕਮਾਂ ਤਹਿਤ 11ਵੀਂ ਜਮਾਤ ਪਾਸ ਕਰਨ ਤੋਂ ਬਾਅਦ 12ਵੀਂ ਵਿੱਚ ਵਿਸ਼ਾ ਜਾਂ ਸਟ੍ਰੀਮ ਬਦਲਣ ਦੀ ਵਿਵਸਥਾ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਗਈ ਹੈ। ਹੁਣ ਵਿਦਿਆਰਥੀਆਂ ਨੂੰ 12ਵੀਂ ਜਮਾਤ ਵਿੱਚ ਉਹੀ ਸਟ੍ਰੀਮ ਅਤੇ ਵਿਸ਼ੇ ਪੜ੍ਹਨੇ ਹੋਣਗੇ, ਜਿਨ੍ਹਾਂ ਦਾ ਅਧਿਐਨ ਉਨ੍ਹਾਂ ਨੇ 11ਵੀਂ ਜਮਾਤ ਵਿੱਚ ਕੀਤਾ ਹੈ। ਇਸ ਫੈਸਲੇ ਦਾ ਸਿੱਧਾ ਅਸਰ ਪੰਜਾਬ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਬੋਰਡ ਨਾਲ ਸਬੰਧਤ ਨਿੱਜੀ ਸਕੂਲਾਂ ਤੇ ਪਵੇਗਾ।

ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਪਾਸ ਕੀਤੇ ਇਸ ਪ੍ਰਸਤਾਵ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਬੋਰਡ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ ਅਤੇ ਵਿਦਿਆਰਥੀਆਂ ਦਾ ਬੁਨਿਆਦੀ ਆਧਾਰ ਹੋਰ ਮਜ਼ਬੂਤ ਹੋਵੇਗਾ।

PSEB ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਲਏ ਗਏ ਫੈਸਲੇ

11ਵੀਂ ਤੋਂ ਬਾਅਦ 12ਵੀਂ ਵਿੱਚ ਸਟ੍ਰੀਮ ਅਤੇ ਵਿਸ਼ਾ ਬਦਲਣ ਤੇ ਰੋਕ: ਬੋਰਡ ਆਫ ਡਾਇਰੈਕਟਰਜ਼ ਦੇ ਫੈਸਲੇ ਮੁਤਾਬਕ 11ਵੀਂ ਜਮਾਤ ਪਾਸ ਕਰਨ ਤੋਂ ਬਾਅਦ ਵਿਦਿਆਰਥੀ 12ਵੀਂ ਜਮਾਤ ਵਿੱਚ ਆਪਣੀ ਸਟ੍ਰੀਮ, ਜਿਵੇਂ ਸਾਇੰਸ ਤੋਂ ਆਰਟਸ ਜਾਂ ਕਾਮਰਸ ਤੋਂ ਵੋਕੇਸ਼ਨਲ ਆਦਿ ਵਿੱਚ ਬਦਲਾਅ ਨਹੀਂ ਕਰ ਸਕਣਗੇ। ਦਰਅਸਲ, ਪਹਿਲਾਂ 12ਵੀਂ ਜਮਾਤ ਵਿੱਚ ਵਿਦਿਆਰਥੀ ਸਟ੍ਰੀਮ ਅਤੇ ਵਿਸ਼ਾ ਬਦਲ ਲੈਂਦੇ ਸਨ। ਜੇਕਰ ਕੋਈ ਵਿਦਿਆਰਥੀ ਸਾਇੰਸ ਸਟ੍ਰੀਮ ਵਿੱਚ ਕਮਜ਼ੋਰ ਹੁੰਦਾ ਸੀ ਤਾਂ ਉਹ ਕਾਮਰਸ ਜਾਂ ਹਿਊਮੈਨਿਟੀਜ਼ ਗਰੁੱਪ ਵਿੱਚ ਚਲਾ ਜਾਂਦਾ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ।

ਵਿਸ਼ਾ ਬਦਲਣ ਲਈ 30 ਸਤੰਬਰ ਦੀ ਸਮਾਂ-ਸੀਮਾ: ਫੈਸਲੇ ਮੁਤਾਬਕ 11ਵੀਂ ਜਮਾਤ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਕੋਲ ਵਿਸ਼ੇ, ਗਰੁੱਪ ਜਾਂ ਸਟ੍ਰੀਮ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਕਰਨ ਲਈ ਸਿਰਫ਼ 30 ਸਤੰਬਰ ਤੱਕ ਦਾ ਸਮਾਂ ਹੋਵੇਗਾ। ਇਸ ਲਈ ਉਨ੍ਹਾਂ ਨੂੰ ਆਪਣੇ ਸਕੂਲ ਮੁਖੀ ਤੋਂ ਪਹਿਲਾਂ ਮਨਜ਼ੂਰੀ ਲੈਣੀ ਹੋਵੇਗੀ।

ਵਾਧੂ ਵਿਸ਼ੇ ਦੀ ਸਹੂਲਤ: ਜੇਕਰ ਕੋਈ ਵਿਦਿਆਰਥੀ 11ਵੀਂ ਜਮਾਤ ਪਾਸ ਕਰਨ ਤੋਂ ਬਾਅਦ ਕਿਸੇ ਹੋਰ ਵਿਸ਼ੇ ਦੀ ਪੜ੍ਹਾਈ ਕਰਨਾ ਚਾਹੁੰਦਾ ਹੈ ਤਾਂ ਉਹ ਉਸ ਨੂੰ ਮੁੱਖ ਵਿਸ਼ੇ ਵਜੋਂ ਬਦਲਣ ਦੀ ਬਜਾਏ ਸਿਰਫ਼ ਇੱਕ ਵਾਧੂ ਵਿਸ਼ੇ ਵਜੋਂ ਚੁਣ ਸਕਦਾ ਹੈ।

10ਵੀਂ ਅਤੇ 12ਵੀਂ ਦੇ ਸਰਟੀਫਿਕੇਟਾਂ ਦੀ ਪ੍ਰੋਸੈਸਿੰਗ ਫੀਸ ਮੁਆਫ਼: ਸੂਬੇ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਸੋਧ ਨੂੰ ਧਿਆਨ ਵਿੱਚ ਰੱਖਦੇ ਹੋਏ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਮਾਰਕਸ਼ੀਟਾਂ/ਸਰਟੀਫਿਕੇਟ ਜਾਰੀ ਕਰਨ ਲਈ ਲਈ ਜਾਣ ਵਾਲੀ 900 ਰੁਪਏ ਦੀ ਪ੍ਰੋਸੈਸਿੰਗ ਫੀਸ ਪੂਰੀ ਤਰ੍ਹਾਂ ਮੁਆਫ਼ ਕਰ ਦਿੱਤੀ ਹੈ।

ਡੁਪਲੀਕੇਟ ਸਰਟੀਫਿਕੇਟ ਲਈ ਨਿਯਮਾਂ ਵਿੱਚ ਛੋਟ: ਸਰਟੀਫਿਕੇਟ ਗੁੰਮ ਹੋਣ ਦੀ ਸਥਿਤੀ ਵਿੱਚ ਵਿਦਿਆਰਥੀਆਂ ਲਈ ਡੇਲੀ ਡਾਇਰੀ ਰਿਪੋਰਟ ਦਰਜ ਕਰਵਾਉਣ ਜਾਂ ਅਖ਼ਬਾਰ ਵਿੱਚ ਜਨਤਕ ਸੂਚਨਾ ਛਪਵਾਉਣ ਦੀ ਲਾਜ਼ਮੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਹੈ।

ਬੋਰਡ ਵਿੱਚ ਹੈੱਪੀਨੈੱਸ ਸੈਂਟਰ ਦੀ ਸਥਾਪਨਾ: ਵਿਦਿਆਰਥੀਆਂ ਅਤੇ ਸਟਾਫ਼ ਨੂੰ ਮਾਨਸਿਕ ਸਿਹਤ ਅਤੇ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕਰਨ ਲਈ ਬੋਰਡ ਪਰਿਸਰ ਵਿੱਚ ਹੈੱਪੀਨੈੱਸ ਸੈਂਟਰ ਸਥਾਪਿਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

12ਵੀਂ ਵਿੱਚ ਸਟ੍ਰੀਮ ਬਦਲਣ ਤੇ ਪਾਬੰਦੀ ਕਿਉਂ ਲਗਾਈ ਗਈ?

ਬੋਰਡ ਆਫ ਡਾਇਰੈਕਟਰਜ਼ ਨੇ ਮੀਟਿੰਗ ਦੌਰਾਨ ਇਸ ਗੱਲ ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਕਿ ਕਈ ਵਿਦਿਆਰਥੀ 11ਵੀਂ ਵਿੱਚ ਸਾਇੰਸ ਜਾਂ ਹੋਰ ਮੁਸ਼ਕਲ ਸਟ੍ਰੀਮ ਚੁਣਨ ਤੋਂ ਬਾਅਦ 12ਵੀਂ ਜਮਾਤ ਵਿੱਚ ਆਰਟਸ ਜਾਂ ਕਾਮਰਸ ਵਿੱਚ ਟਰਾਂਸਫਰ ਲੈ ਲੈਂਦੇ ਸਨ। ਬੋਰਡ ਨੇ ਸਪੱਸ਼ਟ ਕੀਤਾ ਕਿ 11ਵੀਂ ਅਤੇ 12ਵੀਂ ਦਾ ਸਿਲੇਬਸ ਨਿਰੰਤਰਤਾ ਅਤੇ ਇੱਕ-ਦੂਜੇ ਨਾਲ ਜੁੜਾਅ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾਂਦਾ ਹੈ।

ਜੇਕਰ ਕੋਈ ਵਿਦਿਆਰਥੀ 11ਵੀਂ ਵਿੱਚ ਕਿਸੇ ਵਿਸ਼ੇ ਦਾ ਬੁਨਿਆਦੀ ਗਿਆਨ ਹਾਸਲ ਨਹੀਂ ਕਰਦਾ ਅਤੇ ਸਿੱਧਾ 12ਵੀਂ ਵਿੱਚ ਉਹ ਵਿਸ਼ਾ ਪੜ੍ਹਦਾ ਹੈ ਤਾਂ ਉਸ ਨੂੰ ਉਸ ਵਿਸ਼ੇ ਦੀ ਪੂਰੀ ਸਮਝ ਵਿਕਸਿਤ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ। ਇਸ ਦੇ ਨਾਲ ਹੀ ਬੋਰਡ ਨੇ ਇਸ ਧਾਰਨਾ ਨੂੰ ਵੀ ਖਾਰਜ ਕੀਤਾ ਕਿ ਹਿਊਮੈਨਿਟੀਜ਼ ਜਾਂ ਕਾਮਰਸ ਸਟ੍ਰੀਮ ਕਿਸੇ ਵੀ ਪੱਖੋਂ ਸਾਇੰਸ ਸਟ੍ਰੀਮ ਤੋਂ ਘੱਟ ਹਨ।

Loading...
Unable to load recommendations.
Follow Us