PM ਮੋਦੀ ਦਾ ਵਾਅਦਾ, ਤੀਜੇ ਕਾਰਜਕਾਲ ‘ਚ ਟਾਪ ‘ਤੇ ਹੋਵੇਗੀ ਦੇਸ਼ ਦੀ ਅਰਥਵਿਵਸਥਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਐਲਾਨ ਕੀਤਾ ਹੈ। ਮੱਧ ਪ੍ਰਦੇਸ਼ ਵਿੱਚ ਇੱਕ ਚੋਣ ਰੈਲੀ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਜੇਕਰ 2024 ਵਿੱਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਭਾਰਤੀ ਅਰਥਵਿਵਸਥਾ ਦੁਨੀਆ ਵਿੱਚ ਸਿਖਰਲਾ ਸਥਾਨ ਹਾਸਲ ਕਰ ਲਵੇਗੀ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਦੇਸ਼ ਦੇ ਤੇਜ਼ ਆਰਥਿਕ ਵਿਕਾਸ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਮਹਾਦੇਵ ਐਪ ਮਾਮਲੇ 'ਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦਾ ਨਾਂਅ ਲੈ ਕੇ ਵੀ ਨਿਸ਼ਾਨਾ ਸਾਧਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narender Modi) ਨੇ ਆਪਣੇ ਤੀਜੇ ਕਾਰਜਕਾਲ ਲਈ ਵੱਡਾ ਟੀਚਾ ਰੱਖਿਆ ਹੈ। ਮੱਧ ਪ੍ਰਦੇਸ਼ ‘ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 2024 ਤੋਂ ਬਾਅਦ ਉਨ੍ਹਾਂ ਦੇ ਤੀਜੇ ਕਾਰਜਕਾਲ ‘ਚ ਭਾਰਤ ਦੀ ਆਰਥਿਕਤਾ ਦੁਨੀਆ ‘ਚ ‘ਸਿਖਰਲਾ ਸਥਾਨ’ ਹਾਸਲ ਕਰੇਗੀ। ਉਨ੍ਹਾਂ ਨੇ ਆਪਣੇ ਦੋ ਕਾਰਜਕਾਲ ਦੌਰਾਨ ਭਾਰਤ ਦੀ ਆਰਥਿਕਤਾ ਦੇ ਵਾਧੇ ਬਾਰੇ ਵੀ ਗੱਲ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ 2014 ਵਿੱਚ ਸੱਤਾ ਸੰਭਾਲੀ ਹੈ, ਦੇਸ਼ ਦਾ ਆਰਥਿਕ ਵਿਕਾਸ ਬਹੁਤ ਤੇਜ਼ੀ ਨਾਲ ਹੋਇਆ ਹੈ। ਉਸ ਸਮੇਂ ਭਾਰਤ ਦੁਨੀਆ ਦੀ 10ਵੀਂ ਸਭ ਤੋਂ ਵੱਡੀ ਅਰਥਵਿਵਸਥਾ ਸੀ, ਅੱਜ ਇਹ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਅਸੀਂ ਹੁਣ ਬ੍ਰਿਟੇਨ (Britain) ਦੀ ਅਰਥਵਿਵਸਥਾ ਨੂੰ ਪਿੱਛੇ ਛੱਡ ਦਿੱਤਾ ਹੈ, ਜਿਸ ਨੇ ਭਾਰਤ ‘ਤੇ 200 ਸਾਲ ਰਾਜ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ”ਆਪਣੇ ਤੀਜੇ ਕਾਰਜਕਾਲ ‘ਚ ਮੈਂ ਦੇਸ਼ ਦੀ ਅਰਥਵਿਵਸਥਾ ਨੂੰ ਦੁਨੀਆ ‘ਚ ਚੋਟੀ ‘ਤੇ ਲੈ ਕੇ ਜਾਵਾਂਗਾ।
‘ਭਾਰਤ ਬਣਿਆ ਖਿੱਚ ਦਾ ਕੇਂਦਰ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਭਾਰਤ ਨੂੰ ਜ਼ਮੀਨ ਤੋਂ ਲੈ ਕੇ ਪੁਲਾੜ ਤੱਕ ਦੁਨੀਆ ਤੋਂ ਪ੍ਰਸ਼ੰਸਾ ਮਿਲ ਰਹੀ ਹੈ। ਭਾਰਤ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਜਦੋਂ ਅਸੀਂ 10ਵੀਂ ਅਰਥਵਿਵਸਥਾ ਤੋਂ 9ਵੀਂ, 8ਵੀਂ, 7ਵੀਂ ਅਤੇ 6ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਏ ਤਾਂ ਕਿਸੇ ਨੇ ਸਾਡੇ ਵੱਲ ਇੰਨਾ ਧਿਆਨ ਨਹੀਂ ਦਿੱਤਾ। ਪਰ ਜਦੋਂ ਭਾਰਤ ਬਰਤਾਨੀਆ ਨੂੰ ਪਿੱਛੇ ਛੱਡ ਕੇ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਤਾਂ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਵੱਲ ਲੱਗ ਗਈਆਂ।
ਭਾਰਤ ਦੀ ਅਰਥਵਿਵਸਥਾ ਦੀ 2027 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਉਮੀਦ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਨੇ 2023 ਅਤੇ 2024 ਵਿੱਚ ਦੇਸ਼ ਦੀ ਆਰਥਿਕ ਵਿਕਾਸ ਦਰ 6.3 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਹੈ।
‘ਕਾਂਗਰਸ ‘ਤੇ ਸਾਧਿਆ ਨਿਸ਼ਾਨਾ’
ਪੀਐਮ ਮੋਦੀ ਨੇ ਮਹਾਦੇਵ ਐਪ ਮਾਮਲੇ ‘ਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦਾ ਨਾਂ ਲੈ ਕੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਕਾਂਗਰਸ ਸੱਤਾ ਵਿੱਚ ਆ ਗਈ ਸੀ, ਪਰ ਮੁੱਖ ਮੰਤਰੀ ਕਾਲਾ ਧਨ ਇਕੱਠਾ ਕਰਨ ਵਿੱਚ ਲੱਗੇ ਹੋਏ ਹਨ।