ਨਵੇਂ ਗਾਣਿਆਂ ਅਤੇ ਸੜਕ ਹਾਦਸਿਆਂ ਵਿਚਕਾਰ ਕੀ ਹੈ ਕਨੈਕਸ਼ਨ? ਰਿਸਰਚ ‘ਚ ਹੋਇਆ ਖੁਲਾਸਾ
New Music: ਡਰਾਈਵਿੰਗ ਦੌਰਾਨ ਫੋਨ 'ਤੇ ਨਵਾਂ ਮਿਊਜ਼ਿਕ ਲੱਭਣਾ, ਗਾਣਾ ਬਦਲਣਾ ਜਾਂ ਸਕ੍ਰੀਨ ਦੇਖਣ ਨਾਲ ਧਿਆਨ ਭਟਕ ਸਕਦਾ ਹੈ। ਇਸ ਲਈ ਗੱਡੀ ਚਲਾਉਣ ਤੋਂ ਪਹਿਲਾਂ ਹੀ ਮਿਊਜ਼ਿਕ ਸੈੱਟ ਕਰ ਲੈਣਾ ਅਤੇ ਡਰਾਈਵਿੰਗ ਦੌਰਾਨ ਫੋਨ ਤੋਂ ਦੂਰੀ ਬਣਾਈ ਰੱਖਣਾ ਜ਼ਿਆਦਾ ਸੁਰੱਖਿਅਤ ਹੈ।
ਅੱਜਕੱਲ੍ਹ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨਾ ਕਿੰਨਾ ਖ਼ਤਰਨਾਕ ਹੋ ਸਕਦਾ ਹੈ, ਇਹ ਗੱਲ ਜ਼ਿਆਦਾਤਰ ਲੋਕ ਜਾਣਦੇ ਹਨ। ਡਰਾਈਵਿੰਗ ਦੌਰਾਨ ਫੋਨ ‘ਤੇ ਗੱਲ ਕਰਨਾ, ਮੈਸੇਜ ਪੜ੍ਹਨਾ ਜਾਂ ਟਾਈਪ ਕਰਨਾ ਧਿਆਨ ਭਟਕਾ ਸਕਦਾ ਹੈ ਅਤੇ ਕਈ ਵਾਰ ਇਸ ਦਾ ਨਤੀਜਾ ਗੰਭੀਰ ਸੜਕ ਹਾਦਸੇ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਪਰ ਹੁਣ ਇੱਕ ਨਵੀਂ ਰਿਸਰਚ ਨੇ ਮਿਊਜ਼ਿਕ ਸਟ੍ਰੀਮਿੰਗ ਅਤੇ ਸੜਕ ਹਾਦਸਿਆਂ ਵਿਚਕਾਰ ਵੀ ਇੱਕ ਚਿੰਤਾਜaਨਕ ਸਬੰਧ ਵੱਲ ਇਸ਼ਾਰਾ ਕੀਤਾ ਹੈ।
ਅਮਰੀਕਾ ਵਿੱਚ ਹੋਈ ਇਸ ਰਿਸਰਚ ਵਿੱਚ ਪਾਇਆ ਗਿਆ ਕਿ ਜਦੋਂ ਕੋਈ ਵੱਡੀ ਅਤੇ ਪ੍ਰਸਿੱਧ ਮਿਊਜ਼ਿਕ ਐਲਬਮ ਰਿਲੀਜ਼ ਹੁੰਦੀ ਹੈ, ਤਾਂ ਉਸ ਦਿਨ ਜਾਨਲੇਵਾ ਸੜਕ ਹਾਦਸਿਆਂ ਦੀ ਗਿਣਤੀ ਔਸਤਨ 15.1% ਜ਼ਿਆਦਾ ਦੇਖੀ ਗਈ। ਹਾਲਾਂਕਿ, ਰਿਸਰਚ ਵਿੱਚ ਇਹ ਸਾਬਤ ਨਹੀਂ ਹੋਇਆ ਕਿ ਸਿਰਫ਼ ਮਿਊਜ਼ਿਕ ਸੁਣਨ ਕਾਰਨ ਹੀ ਹਾਦਸੇ ਹੁੰਦੇ ਹਨ। ਇਸ ਵਿੱਚ ਮੁੱਖ ਤੌਰ ‘ਤੇ ਐਲਬਮ ਰਿਲੀਜ਼ ਹੋਣ ਵਾਲੇ ਦਿਨਾਂ ਅਤੇ ਸੜਕ ਹਾਦਸਿਆਂ ਵਿਚਕਾਰ ਸਬੰਧ ਦਾ ਅਧਿਐਨ ਕੀਤਾ ਗਿਆ ਹੈ।
ਕਿਵੇਂ ਕੀਤੀ ਗਈ ਰਿਸਰਚ?
ਇਹ ਸਟਡੀ JAMA Network Open ਵਿੱਚ ਪ੍ਰਕਾਸ਼ਿਤ ਹੋਈ ਹੈ। ਹਾਰਵਰਡ ਦੇ ਖੋਜਕਰਤਾਵਾਂ ਨੇ ਅਮਰੀਕਾ ਵਿੱਚ ਹੋਣ ਵਾਲੇ ਜਾਨਲੇਵਾ ਸੜਕ ਹਾਦਸਿਆਂ ਦੇ ਅੰਕੜਿਆਂ ਦੀ ਵਰਤੋਂ ਕੀਤੀ। ਇਸ ਲਈ ਉਨ੍ਹਾਂ ਨੇ ਫੈਸਿਲਿਟੀ ਐਨਾਲਿਸਿਸ ਰਿਪੋਰਟਿੰਗ ਸਿਸਟਮ (FARS) ਦੇ ਡੇਟਾ ਨੂੰ Spotify ਦੇ ਸਟ੍ਰੀਮਿੰਗ ਚਾਰਟ ਅਤੇ ਐਲਬਮ ਰਿਲੀਜ਼ ਦੀਆਂ ਤਾਰੀਖਾਂ ਨਾਲ ਮਿਲਾ ਕੇ ਦੇਖਿਆ। ਖੋਜ ਵਿੱਚ ਸਾਲ 2017 ਤੋਂ 2022 ਤੱਕ ਲਗਭਗ ਛੇ ਸਾਲਾਂ ਦੇ ਅੰਕੜਿਆਂ ਨੂੰ ਸ਼ਾਮਲ ਕੀਤਾ ਗਿਆ। ਖੋਜਕਰਤਾਵਾਂ ਨੇ ਸਿਰਫ਼ ਹਾਦਸਿਆਂ ਦੀ ਗਿਣਤੀ ਦੀ ਤੁਲਨਾ ਨਹੀਂ ਕੀਤੀ, ਸਗੋਂ ਕਈ ਹੋਰ ਕਾਰਕਾਂ ਨੂੰ ਵੀ ਧਿਆਨ ਵਿੱਚ ਰੱਖਿਆ। ਇਨ੍ਹਾਂ ਵਿੱਚ ਹਾਦਸਾ ਕਿਸ ਸਮੇਂ ਹੋਇਆ, ਹਫ਼ਤੇ ਦਾ ਕਿਹੜਾ ਦਿਨ ਸੀ ਅਤੇ ਵਾਹਨ ਵਿੱਚ ਕਿੰਨੇ ਲੋਕ ਮੌਜੂਦ ਸਨ, ਵਰਗੀਆਂ ਗੱਲਾਂ ਸ਼ਾਮਲ ਸਨ। ਇਸ ਦੇ ਬਾਵਜੂਦ ਵੱਡੀਆਂ ਐਲਬਮਾਂ ਰਿਲੀਜ਼ ਹੋਣ ਵਾਲੇ ਦਿਨਾਂ ਵਿੱਚ ਜਾਨਲੇਵਾ ਹਾਦਸਿਆਂ ਵਿੱਚ ਔਸਤਨ 15.1% ਦਾ ਵਾਧਾ ਦੇਖਣ ਨੂੰ ਮਿਲਿਆ।
ਕੀ ਮਿਊਜ਼ਿਕ ਸੁਣਨਾ ਹੀ ਖ਼ਤਰਨਾਕ ਹੈ?
ਇੱਥੇ ਇੱਕ ਜ਼ਰੂਰੀ ਗੱਲ ਸਮਝਣਾ ਬਹੁਤ ਮਹੱਤਵਪੂਰਨ ਹੈ। ਸਟਡੀ ਇਹ ਨਹੀਂ ਕਹਿੰਦੀ ਕਿ ਗੱਡੀ ਚਲਾਉਂਦੇ ਸਮੇਂ ਮਿਊਜ਼ਿਕ ਸੁਣਨਾ ਸਿੱਧੇ ਤੌਰ ‘ਤੇ ਖ਼ਤਰਨਾਕ ਹੈ। ਰਿਸਰਚ ਵਿੱਚ ਐਲਬਮ ਰਿਲੀਜ਼ ਅਤੇ ਹਾਦਸਿਆਂ ਵਿਚਕਾਰ ਇੱਕ ਸਬੰਧ ਮਿਲਿਆ ਹੈ, ਪਰ ਇਸ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਮਿਊਜ਼ਿਕ ਸਟ੍ਰੀਮਿੰਗ ਹੀ ਹਾਦਸਿਆਂ ਦਾ ਕਾਰਨ ਹੈ। ਅਸਲ ਖ਼ਤਰਾ ਉਸ ਸਮੇਂ ਵੱਧ ਸਕਦਾ ਹੈ ਜਦੋਂ ਡਰਾਈਵਰ ਨਵਾਂ ਗਾਣਾ ਜਾਂ ਐਲਬਮ ਲੱਭਣ ਲਈ ਵਾਰ-ਵਾਰ ਫੋਨ ਜਾਂ ਕਾਰ ਦੀ ਸਕ੍ਰੀਨ ਦੇਖਣ ਲੱਗੇ। Spotify ਵਰਗੀਆਂ ਐਪਾਂ ‘ਤੇ ਨਵਾਂ ਮਿਊਜ਼ਿਕ ਲੱਭਣ, ਪਲੇਲਿਸਟ ਬਦਲਣ ਜਾਂ ਗਾਣਾ ਸਰਚ ਕਰਨ ਦੌਰਾਨ ਡਰਾਈਵਰ ਦਾ ਧਿਆਨ ਸੜਕ ਤੋਂ ਹਟ ਸਕਦਾ ਹੈ।
ਤੇਜ਼ ਮਿਊਜ਼ਿਕ ਦਾ ਵੀ ਅਸਰ?
ਕੁਝ ਹੋਰ ਸਟਡੀਜ਼ ਵਿੱਚ ਇਹ ਸੰਕੇਤ ਮਿਲੇ ਹਨ ਕਿ ਬਹੁਤ ਤੇਜ਼ ਬੀਟ ਜਾਂ ਫਾਸਟ-ਟੈਂਪੋ ਮਿਊਜ਼ਿਕ ਸੁਣਨ ਨਾਲ ਕੁਝ ਡਰਾਈਵਰ ਜ਼ਿਆਦਾ ਆਕਰਾਮਕ ਢੰਗ ਨਾਲ ਗੱਡੀ ਚਲਾ ਸਕਦੇ ਹਨ। ਹਾਲਾਂਕਿ, ਹਰ ਵਿਅਕਤੀ ‘ਤੇ ਇਸ ਦਾ ਅਸਰ ਇੱਕੋ ਜਿਹਾ ਨਹੀਂ ਹੁੰਦਾ। ਇਸ ਲਈ ਸਮੱਸਿਆ ਸਿਰਫ਼ ਮਿਊਜ਼ਿਕ ਨਹੀਂ, ਸਗੋਂ ਡਰਾਈਵਿੰਗ ਦੌਰਾਨ ਧਿਆਨ ਭਟਕਣਾ ਅਤੇ ਫੋਨ ਦੀ ਵਰਤੋਂ ਕਰਨਾ ਵਧੇਰੇ ਮਹੱਤਵਪੂਰਨ ਮੁੱਦਾ ਹੈ। ਜੇਕਰ ਤੁਸੀਂ ਗੱਡੀ ਚਲਾਉਂਦੇ ਸਮੇਂ ਮਿਊਜ਼ਿਕ ਸੁਣਨਾ ਪਸੰਦ ਕਰਦੇ ਹੋ ਤਾਂ ਸਭ ਤੋਂ ਸੁਰੱਖਿਅਤ ਤਰੀਕਾ ਇਹ ਹੈ ਕਿ ਗੱਡੀ ਚਲਾਉਣ ਤੋਂ ਪਹਿਲਾਂ ਹੀ ਗਾਣਾ ਜਾਂ ਪਲੇਲਿਸਟ ਸੈੱਟ ਕਰ ਲਓ। ਡਰਾਈਵਿੰਗ ਦੌਰਾਨ ਵਾਰ-ਵਾਰ ਫੋਨ ਚੁੱਕ ਕੇ ਗਾਣਾ ਬਦਲਣ ਜਾਂ ਨਵੀਂ ਐਲਬਮ ਲੱਭਣ ਤੋਂ ਬਚਣਾ ਚਾਹੀਦਾ ਹੈ। ਸਿਸਟਮ ਵਿੱਚ ਵੌਇਸ ਕਮਾਂਡ ਅਤੇ ਹੈਂਡਸ-ਫ੍ਰੀ ਫੀਚਰ ਵੀ ਡਰਾਈਵਰ ਨੂੰ ਸਕ੍ਰੀਨ ਤੋਂ ਦੂਰ ਰੱਖਣ ਵਿੱਚ ਮਦਦ ਕਰ ਸਕਦੇ ਹਨ।
ਇਹ ਵੀ ਪੜ੍ਹੋ
ਸਿੱਧੀ ਗੱਲ ਇਹ ਹੈ ਕਿ ਮਿਊਜ਼ਿਕ ਸੁਣਨਾ ਆਪਣੇ ਆਪ ਵਿੱਚ ਖ਼ਤਰਨਾਕ ਸਾਬਤ ਨਹੀਂ ਹੋਇਆ ਹੈ, ਪਰ ਡਰਾਈਵਿੰਗ ਦੌਰਾਨ ਫੋਨ ‘ਤੇ ਮਿਊਜ਼ਿਕ ਲੱਭਣ ਜਾਂ ਬਦਲਣ ਨਾਲ ਧਿਆਨ ਜ਼ਰੂਰ ਭਟਕ ਸਕਦਾ ਹੈ। ਸੜਕ ‘ਤੇ ਤੁਹਾਡੀ ਨਜ਼ਰ ਅਤੇ ਧਿਆਨ ਸਭ ਤੋਂ ਜ਼ਿਆਦਾ ਜ਼ਰੂਰੀ ਹੈ।


