ਈਰਾਨ ਨਰਕ ਵਿੱਚ ਜਾਵੇਗਾ ਜਾਂ ਫਿਰ ਡੀਲ ਕਰੇਗਾ… UNGA ਵਿੱਚ ਬੋਲੇ ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ ਵਿਖੇ ਸੰਯੁਕਤ ਰਾਸ਼ਟਰ ਮਹਾਸਭਾ (UNGA) ਦੇ 81ਵੇਂ ਇਜਲਾਸ ਨੂੰ ਸੰਬੋਧਨ ਕਰਦਿਆਂ ਵਿਸ਼ਵ ਪੱਧਰ 'ਤੇ ਅਮਰੀਕਾ ਦੀ ਤਾਕਤ ਦਾ ਲੋਹਾ ਮਨਵਾਇਆ। ਆਪਣੇ ਸੰਬੋਧਨ ਦੌਰਾਨ ਟਰੰਪ ਨੇ ਆਖਿਆ ਕਿ ਅਮਰੀਕਾ ਕੋਲ ਅੱਜ ਊਰਜਾ ਦੇ ਸਭ ਤੋਂ ਵੱਡੇ ਸਰੋਤ ਮੌਜੂਦ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ ਵਿਖੇ ਸੰਯੁਕਤ ਰਾਸ਼ਟਰ ਮਹਾਸਭਾ (UNGA) ਦੇ 81ਵੇਂ ਇਜਲਾਸ ਨੂੰ ਸੰਬੋਧਨ ਕਰਦਿਆਂ ਵਿਸ਼ਵ ਪੱਧਰ ‘ਤੇ ਅਮਰੀਕਾ ਦੀ ਤਾਕਤ ਦਾ ਲੋਹਾ ਮਨਵਾਇਆ। ਆਪਣੇ ਸੰਬੋਧਨ ਦੌਰਾਨ ਟਰੰਪ ਨੇ ਆਖਿਆ ਕਿ ਅਮਰੀਕਾ ਕੋਲ ਅੱਜ ਊਰਜਾ ਦੇ ਸਭ ਤੋਂ ਵੱਡੇ ਸਰੋਤ ਮੌਜੂਦ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਅਮਰੀਕੀ ਨਾਗਰਿਕ ਗ਼ਰੀਬੀ ਦੀ ਰੇਖਾ ਵਿੱਚੋਂ ਬਾਹਰ ਨਿਕਲੇ ਹਨ ਅਤੇ ਅੱਜ ਅਮਰੀਕਾ ਦੀ ਊਰਜਾ ਹੀ ਸਮੁੱਚੀ ਦੁਨੀਆ ਨੂੰ ਚਲਾ ਰਹੀ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਤਕਨਾਲੋਜੀ ਦੇ ਖੇਤਰ ਵਿੱਚ ਅਮਰੀਕਾ ਦੁਨੀਆ ਭਰ ਵਿੱਚ ਨੰਬਰ ਇੱਕ ‘ਤੇ ਹੈ ਅਤੇ ਅਸੀਂ ਵਪਾਰ ਦੇ ਰਾਹ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਲਗਾਤਾਰ ਦੂਰ ਕਰ ਰਹੇ ਹਾਂ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਸਮੁੱਚੀ ਦੁਨੀਆ ਅਮਰੀਕਾ ਦੀ ਮਜ਼ਬੂਤ ਅਰਥਵਿਵਸਥਾ ਤੋਂ ਖਾਰ ਖਾਂਦੀ (ਈਰਖਾ ਕਰਦੀ) ਹੈ ਅਤੇ ਸਾਡਾ ਮੁਲਕ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੋ ਚੁੱਕਾ ਹੈ।
ਈਰਾਨ ‘ਤੇ ਤਿੱਖਾ ਹਮਲਾ: ‘ਕਦੇ ਨਹੀਂ ਬਣਨ ਦੇਵਾਂਗੇ ਪਰਮਾਣੂ ਹਥਿਆਰ’
ਆਪਣੇ ਭਾਸ਼ਣ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਇੱਕ ਵਾਰ ਫਿਰ ਈਰਾਨ ਖ਼ਿਲਾਫ਼ ਤਿੱਖੇ ਤੇਵਰ ਦਿਖਾਉਂਦਿਆਂ ਜ਼ੋਰਦਾਰ ਹਮਲਾ ਬੋਲਿਆ। ਟਰੰਪ ਨੇ ਕਿਹਾ ਕਿ ਅਰਬ ਜਗਤ ਅੰਦਰ ਫੈਲੀ ਅਸ਼ਾਂਤੀ ਲਈ ਪੂਰੀ ਤਰ੍ਹਾਂ ਈਰਾਨ ਹੀ ਜ਼ਿੰਮੇਵਾਰ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਸੀਂ ਪਹਿਲਾਂ ਈਰਾਨ ਨਾਲ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦਾ ਯਤਨ ਕੀਤਾ ਸੀ, ਪਰ ਅਸੀਂ ਈਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਤਿਆਰ ਨਹੀਂ ਕਰਨ ਦੇਵਾਂਗੇ।
10 ਹਜ਼ਾਰ ਪ੍ਰਦਰਸ਼ਨਕਾਰੀਆਂ ਦਾ ਕਤਲ ਤੇ 159 ਜਹਾਜ਼ ਤਬਾਹ ਕਰਨ ਦਾ ਦਾਅਵਾ
ਟਰੰਪ ਨੇ ਅੱਗੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਈਰਾਨ ਅੰਦਰ ਹੁਣ ਤੱਕ ਲਗਭਗ 10 ਹਜ਼ਾਰ ਪ੍ਰਦਰਸ਼ਨਕਾਰੀਆਂ ਦਾ ਕਤਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਅਮਰੀਕੀ ਕਾਰਵਾਈ ਤਹਿਤ ਈਰਾਨ ਦੇ 159 ਜਹਾਜ਼ ਤਬਾਹ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੋ-ਟੁੱਕ ਸ਼ਬਦਾਂ ਵਿੱਚ ਕਿਹਾ ਕਿ ਹੁਣ ਈਰਾਨ ਕੋਲ ਦੋ ਹੀ ਰਾਹ ਹਨ ਜਾਂ ਤਾਂ ਉਹ ਨਰਕ ਵਿੱਚ ਜਾਵੇ ਜਾਂ ਫਿਰ ਸਮਝੌਤਾ (ਡੀਲ) ਕਰੇ, ਇਸ ਲਈ ਹੁਣ ਈਰਾਨ ਨੂੰ ਖ਼ੁਦ ਹੀ ਵੱਡਾ ਫ਼ੈਸਲਾ ਲੈਣਾ ਪਵੇਗਾ।
ਮਿਡ-ਟਰਮ ਚੋਣਾਂ ਅਤੇ ਗਾਜ਼ਾ ਪੀਸ ਬੋਰਡ ‘ਤੇ ਅਹਿਮ ਬਿਆਨ
ਇਸ ਦੌਰਾਨ ਮਿਡ-ਟਰਮ ਚੋਣਾਂ ਬਾਰੇ ਬੋਲਦਿਆਂ ਟਰੰਪ ਨੇ ਕਿਹਾ ਕਿ ਈਰਾਨ ਦੇ ਮਾਮਲੇ ਦਾ ਇਨ੍ਹਾਂ ਚੋਣਾਂ ‘ਤੇ ਕੋਈ ਅਸਰ ਨਹੀਂ ਪਵੇਗਾ, ਹਾਲਾਂਕਿ ਇਹ ਗੱਲ ਯਕੀਨੀ ਹੈ ਕਿ ਚੋਣਾਂ ਤੋਂ ਬਾਅਦ ਈਰਾਨ ਨਾਲ ਕੋਈ ਸਮਝੌਤਾ ਸਿਰੇ ਚੜ੍ਹ ਸਕਦਾ ਹੈ। ਇਸੇ ਦੌਰਾਨ ਟਰੰਪ ਨੇ ਗਾਜ਼ਾ ਸੰਕਟ ਬਾਰੇ ਵੀ ਅਹਿਮ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਗਾਜ਼ਾ ਸ਼ਾਂਤੀ ਬੋਰਡ (ਪੀਸ ਬੋਰਡ) ਵਿੱਚ 30 ਤੋਂ ਵੱਧ ਮੁਲਕ ਸ਼ਾਮਲ ਹਨ ਅਤੇ ਗਾਜ਼ਾ ਦੇ ਮੁੜ-ਨਿਰਮਾਣ ਦੇ ਕਾਰਜ ਵਿੱਚ ਅਰਬ ਦੇਸ਼ ਵੀ ਪੂਰੀ ਤਰ੍ਹਾਂ ਹਿੱਸਾ ਲੈ ਰਹੇ ਹਨ।
ਇਹ ਵੀ ਪੜ੍ਹੋ
‘ਯੂਰਪ ਨੂੰ ਈਰਾਨੀ ਹਮਲੇ ਤੋਂ ਬਚਾਇਆ’
ਸੰਬੋਧਨ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਇੱਕ ਹੋਰ ਵੱਡਾ ਦਾਅਵਾ ਕੀਤਾ। ਟਰੰਪ ਨੇ ਕਿਹਾ ਕਿ ਈਰਾਨ ਯੂਰਪ ਉੱਤੇ ਹਮਲਾ ਕਰਨ ਦੀ ਪੂਰੀ ਯੋਜਨਾ ਬਣਾ ਚੁੱਕਾ ਸੀ ਅਤੇ ਉਨ੍ਹਾਂ ਨੇ ਯੂਰਪ ਨੂੰ ਈਰਾਨੀ ਹਮਲੇ ਤੋਂ ਬਚਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਸਮੇਂ ਸਿਰ ਸਖ਼ਤ ਕਦਮ ਨਾ ਚੁੱਕਦੇ ਤਾਂ ਈਰਾਨ ਨੇ ਯੂਰਪ ‘ਤੇ ਹਮਲਾ ਕਰ ਦੇਣਾ ਸੀ, ਜਿਸ ਨਾਲ ਬੇਹੱਦ ਭਾਰੀ ਤਬਾਹੀ ਹੁੰਦੀ। ਪ੍ਰੰਤੂ ਉਨ੍ਹਾਂ ਨੇ ਸਮਾਂ ਰਹਿੰਦਿਆਂ ਖ਼ੁਦ ਪੂਰੀ ਤਾਕਤ ਨਾਲ ਈਰਾਨ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ।
ਵਿਦੇਸ਼ ਮੰਤਰੀ ਡਾ. ਜੈਸ਼ੰਕਰ 26 ਸਤੰਬਰ ਨੂੰ ਕਰਨਗੇ ਸੰਬੋਧਨ
ਰਾਜਨੀਤਿਕ ਮਾਹਿਰਾਂ ਮੁਤਾਬਕ ਟਰੰਪ ਵਿਸ਼ਵਵਿਆਪੀ ਸੰਕਟਾਂ, ਅਮਰੀਕੀ ਵਿਦੇਸ਼ ਨੀਤੀ ਅਤੇ ਕੌਮਾਂਤਰੀ ਸੰਸਥਾਵਾਂ ਦੀ ਕਾਰਜਪ੍ਰਣਾਲੀ ਬਾਰੇ ਬੇਹੱਦ ਸਖ਼ਤ ਅਤੇ ਸਪੱਸ਼ਟ ਸੰਦੇਸ਼ ਦੇ ਰਹੇ ਹਨ। ਇਸ ਦੇ ਨਾਲ ਹੀ ਟਰੰਪ ਯੂਕਰੇਨ ਅਤੇ ਰੂਸ ਵਿਚਾਲੇ ਜਾਰੀ ਭਿਆਨਕ ਜੰਗ ਨੂੰ ਰੋਕਣ ਅਤੇ ਊਰਜਾ ਜੰਗਬੰਦੀ (ਐਨਰਜੀ ਟਰੂਸ) ਨੂੰ ਲੈ ਕੇ ਵੀ ਵੱਡੇ ਐਲਾਨ ਕਰ ਸਕਦੇ ਹਨ। ਦੂਜੇ ਪਾਸੇ, ਸੰਯੁਕਤ ਰਾਸ਼ਟਰ ਮਹਾਸਭਾ ਦੇ ਇਸ 81ਵੇਂ ਇਜਲਾਸ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਕਰ ਰਹੇ ਹਨ। ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ 26 ਸਤੰਬਰ 2026 ਨੂੰ ਮਹਾਸਭਾ ਨੂੰ ਰਸਮੀ ਤੌਰ ‘ਤੇ ਸੰਬੋਧਨ ਕਰਨਗੇ।


