Agriculture: ਮਿਰਚਾਂ ਦੀ ਪੈਦਾਵਾਰ ‘ਚ ਫਿਰੋਜ਼ਪੁਰ ਬਣਿਆ ਮੋਹਰੀ ਜ਼ਿਲ੍ਹਾ, ਇੱਥੇ 1700 ਹੈਕਟੇਅਰ ਰਕਬੇ ‘ਚ ਹੋ ਰਹੀ ਮਿਰਚਾਂ ਦੀ ਖੇਤੀ
ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਿਰਚਾਂ ਦੀ ਪੈਦਾਵਰ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਵਿਦੇਸ਼ਾਂ ਵਿੱਚ ਵੀ ਫਿਰੋਜ਼ਪੁਰ ਦੀਆਂ ਮਿਰਚਾਂ ਭੇਜੀਆਂ ਜਾਣਗੀਆਂ।
ਫਿਰੋਜ਼ਪੁਰ। ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ (Ferozepur) ਦੇ ਕਿਸਾਨਾਂ ਦੀ ਮਿਹਨਤ ਸਦਕਾ ਫਿਰੋਜ਼ਪੁਰ ਜ਼ਿਲ੍ਹਾ ਪੂਰੇ ਰਾਜ ਵਿਚੋਂ ਮਿਰਚਾਂ ਦੀ ਕਾਸ਼ਤ ਵਿੱਚ ਮੋਹਰੀ ਜ਼ਿਲ੍ਹਾ ਬਣ ਗਿਆ ਹੈ। ਬਾਗਬਾਨੀ ਵਿਭਾਗ ਵੱਲੋਂ ਕੀਤੀ ਜਾ ਰਹੀ ਅਗਵਾਈ ਸਦਕਾ ਮਿਰਚਾਂ ਦੀ ਖੇਤੀ ਕਰਕੇ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਵਿਚੋਂ ਨਿਕਲਣ ਵਿੱਚ ਵੱਡੀ ਮੱਦਦ ਮਿਲਦੀ ਹੈ।
ਫਿਰੋਜ਼ਪੁਰ ਜ਼ਿਲ੍ਹਾ ਮਿਰਚਾਂ ਦੀ ਕਾਸ਼ਤ ਵਿੱਚ ਪੰਜਾਬ ਵਿਚੋਂ ਪਹਿਲੇ ਨੰਬਰ ਤੇ ਹੈ। ਇੱਥੇ ਜ਼ਿਲ੍ਹੇ ਦੇ 1700 ਤੋਂ ਵੱਧ ਹੈਕਟੇਅਰ ਰਕਬੇ ਵਿੱਚ ਮਿਰਚਾਂ ਦੀ ਪੈਦਾਵਾਰ ਕੀਤੀ ਜਾ ਰਹੀ ਹੈ ਅਤੇ ਪੰਜਾਬ ਵਿੱਚ ਮਿਰਚਾਂ ਦੀ ਵੱਧ ਤੋਂ ਵੱਧ ਉਤਪਾਦਕਤਾ 19 ਮੀਟਰਕ ਟਨ ਪ੍ਰਤੀ ਹੈਕਟੇਅਰ ਤੱਕ ਹੋ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸਰਹੱਦੀ ਜ਼ਿਲ੍ਹੇ ਵਿੱਚ ਬਾਗਬਾਨੀ ਵਿਭਾਗ ਦੇ ਤਕਨੀਕੀ ਸਹਿਯੋਗ ਅਤੇ ਨਿੱਜੀ ਖੇਤਰ ਦੇ ਸੰਸਥਾਵਾਂ ਦੇ ਸਹਿਯੋਗ ਨਾਲ 19 ਜਨਵਰੀ 2023 ਨੂੰ ਮਿਰਚ ਕਲੱਸਟਰ ਵਿਕਾਸ ਪ੍ਰੋਗਰਾਮ ਸ਼ੁਰੂ ਕੀਤਾ ਸੀ।
‘ਸਪੀਕਰ ਨੇ ਕੀਤੀ ਸੀ ਕਲੱਸਟਰ ਪ੍ਰੋਗਰਾਮ ਦੀ ਸ਼ੁਰੂਆਤ’
ਇਸ ਪ੍ਰੋਗਰਾਮ ਨੂੰ ਅੱਗੇ ਵਧਾਉਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Speaker Kultar Singh Sandhwan) ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ, ਪੰਜਾਬ, ਵਲੋਂ 17 ਮਾਰਚ 2023 ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮਹਾਲਮ ਵਿਖੇ ਚਿੱਲੀ ਕਲੱਸਟਰ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਪ੍ਰੋਜੈਕਟ ਫੇਜ਼ ਦੇ ਪੜਾਅ 1 ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਲਗਭਗ 9,920 ਹੈਕਟੇਅਰ ਰਕਬੇ ਵਿੱਚੋਂ 19,963 ਮੀਟਰਕ ਟਨ ਹਰੀ ਮਿਰਚ ਦਾ ਉਤਪਾਦਨ ਹੁੰਦਾ ਹੈ। ਪੰਜਾਬ ਦੇ ਪ੍ਰਮੁੱਖ ਮਿਰਚ ਉਤਪਾਦਕ ਜ਼ਿਲ੍ਹੇ ਫਿਰੋਜ਼ਪੁਰ, ਪਟਿਆਲਾ, ਮਲੇਰਕੋਟਲਾ, ਸੰਗਰੂਰ, ਜਲੰਧਰ, ਤਰਨਤਾਰਨ, ਅੰਮ੍ਰਿਤਸਰ, ਐਸ.ਬੀ.ਐਸ. ਨਗਰ ਅਤੇ ਹੁਸ਼ਿਆਰਪੁਰ ਹਨ ਅਤੇ ਫਿਰੋਜਪੁਰ ਵਿੱਚ ਸਭ ਤੋਂ ਵੱਧ 1700 ਹੈਕਟੇਅਰ ਰਕਬੇ ਵਿੱਚ ਮਿਰਚਾਂ ਦੀ ਪੈਦਾਵਾਰ ਹੁੰਦੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ