ਹੂਤੀ ਹਮਲਿਆਂ ਨਾਲ ਦਹਿਲਿਆ ਸਾਊਦੀ ਅਰਬ, 9 ਦੇਸ਼ਾਂ ‘ਚ STEP ਅਲਰਟ; ਅਮਰੀਕਾ ਨੇ ਜਾਰੀ ਕੀਤੀ ਐਡਵਾਈਜ਼ਰੀ
ਰਿਆਦ 'ਤੇ ਹੂਤੀ ਮਿਜ਼ਾਈਲ-ਡਰੋਨ ਹਮਲਿਆਂ ਤੋਂ ਬਾਅਦ ਅਮਰੀਕਾ ਨੇ ਮੱਧ ਪੂਰਬ 'ਚ ਆਪਣੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਵਿਦੇਸ਼ਾਂ 'ਚ ਮੌਜੂਦ ਅਮਰੀਕੀ ਨਾਗਰਿਕਾਂ ਨੂੰ ਇਸ ਖੇਤਰ ਦੀ ਯਾਤਰਾ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਸਲਾਹ ਦਿੱਤੀ ਗਈ ਹੈ।
ਈਰਾਨ ਸਮਰਥਿਤ ਹੂਤੀ ਬਾਗੀਆਂ ਨੇ ਸਾਊਦੀ ਅਰਬ ਦੇ ਰਿਆਦ ਸਮੇਤ ਕਈ ਵੱਡੇ ਸ਼ਹਿਰਾਂ ‘ਤੇ ਡਰੋਨ ਤੇ ਮਿਜ਼ਾਈਲਾਂ ਨਾਲ ਜ਼ੋਰਦਾਰ ਹਮਲੇ ਕੀਤੇ ਹਨ। ਇਨ੍ਹਾਂ ਹਮਲਿਆਂ ਤੋਂ ਬਾਅਦ ਸਾਊਦੀ ਅਰਬ ਨੇ ਰਿਆਦ ਸਮੇਤ ਪੂਰੇ ਦੇਸ਼ ‘ਚ ਹਵਾਈ ਹਮਲੇ ਦੀ ਚੇਤਾਵਨੀ (ਏਅਰ ਰੇਡ ਅਲਰਟ) ਜਾਰੀ ਕਰ ਦਿੱਤੀ ਹੈ। ਇਸ ਦੌਰਾਨ ਮੱਧ ਪੂਰਬ ‘ਚ ਵਧਦੇ ਤਣਾਅ ਤੇ ਅਮਰੀਕੀ ਹਿੱਤਾਂ ਨੂੰ ਖ਼ਤਰੇ ਦੇ ਮੱਦੇਨਜ਼ਰ ਅਮਰੀਕਾ ਨੇ ਪੱਛਮੀ ਏਸ਼ੀਆ ਦੇ ਦੇਸ਼ਾਂ ਲਈ STEP (Smart Traveler Enrollment Program) ਅਲਰਟ ਜਾਰੀ ਕੀਤਾ ਹੈ। ਇਸ ‘ਚ ਅਮਰੀਕੀ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਸ ਖੇਤਰ ਦੀ ਯਾਤਰਾ ਕਰਨ ਜਾਂ ਇੱਥੋਂ ਲੰਘਣ ਬਾਰੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨ। ਨਾਗਰਿਕਾਂ ਨੂੰ STEP ‘ਤੇ ਤੁਰੰਤ ਰਜਿਸਟਰ ਕਰਨ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਉਨ੍ਹਾਂ ਨੂੰ ਸਮੇਂ-ਸਮੇਂ ‘ਤੇ ਸੁਰੱਖਿਆ ਸਬੰਧੀ ਜਾਣਕਾਰੀ ਤੇ ਅਪਡੇਟ ਮਿਲ ਸਕਣ।
ਹੂਤੀਆਂ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਰਿਆਦ ‘ਚ ਕਈ ਸੰਵੇਦਨਸ਼ੀਲ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਬਾਅਦ ਸ਼ਹਿਰ ਦੇ ਮੁੱਖ ਹਵਾਈ ਅੱਡੇ ਦੇ ਨੇੜੇ ਅੱਗ ਦੀਆਂ ਲਪਟਾਂ ਤੇ ਕਾਲੇ ਧੂੰਏਂ ਦਾ ਵੱਡਾ ਗੁਬਾਰ ਦਿਖਾਈ ਦਿੱਤਾ। ਸਾਊਦੀ ਅਗਵਾਈ ਵਾਲੇ ਫੌਜੀ ਗਠਜੋੜ ਨੇ ਦੱਸਿਆ ਕਿ ਉਸ ਦੀ ਏਅਰ ਡਿਫੈਂਸ ਨੇ ਰਿਆਦ ਵੱਲ ਦਾਗੀ ਗਈ ਇੱਕ ਬੈਲਿਸਟਿਕ ਮਿਜ਼ਾਈਲ ਨੂੰ ਹਵਾ ‘ਚ ਹੀ ਨਸ਼ਟ ਕਰ ਦਿੱਤਾ। ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਕੈਂਪ ਡੇਵਿਡ ‘ਚ ਰਾਤ ਬਿਤਾਉਣ ਤੋਂ ਬਾਅਦ ਵ੍ਹਾਈਟ ਹਾਊਸ ਵਾਪਸ ਆ ਗਏ। ਉਨ੍ਹਾਂ ਦਾ ਕੈਂਪ ਡੇਵਿਡ ਦੌਰਾ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ। ਵਧਦੇ ਤਣਾਅ ਦੇ ਵਿਚਕਾਰ ਅਮਰੀਕਾ ਦਾ ਬੰਬਾਰ ਬ੍ਰਿਟੇਨ ਦੇ ਏਅਰਬੇਸ ਤੋਂ ਰਵਾਨਾ ਹੋਇਆ।
ਅਮਰੀਕਾ ਦੇ ਦੂਤਾਵਾਸਾਂ ਨੇ ਮੱਧ ਪੂਰਬ ਦੇ ਕਈ ਦੇਸ਼ਾਂ’ਚ ਅੱਜ ਇੱਕੋ ਸਮੇਂ ਸੁਰੱਖਿਆ ਅਲਰਟ ਜਾਰੀ ਕੀਤੇ ਹਨ।
- ਈਰਾਨ ਦੀ ਯਾਤਰਾ ਨਾ ਕਰੋ; ਤੁਰੰਤ ਦੇਸ਼ ਛੱਡੋ
- ਇਰਾਕ ਦੀ ਯਾਤਰਾ ਨਾ ਕਰੋ
- ਲੇਬਨਾਨ ਦੀ ਯਾਤਰਾ ਨਾ ਕਰੋ
- ਸੀਰੀਆ ਦੀ ਯਾਤਰਾ ਨਾ ਕਰੋ
- ਯਮਨ ਦੀ ਯਾਤਰਾ ਨਾ ਕਰੋ
- ਗਾਜ਼ਾ ਦੀ ਯਾਤਰਾ ਨਾ ਕਰੋ
- ਸਾਊਦੀ ਅਰਬ ਦੀ ਯਾਤਰਾ ‘ਤੇ ਮੁੜ ਵਿਚਾਰ ਕਰੋ
- ਬਹਿਰੀਨ ਲਈ ਸੁਰੱਖਿਆ ਅਲਰਟ ਜਾਰੀ
- ਓਮਾਨ ਲਈ ਸੁਰੱਖਿਆ ਅਲਰਟ ਜਾਰੀ
- ਕਤਰ ਲਈ ਸੁਰੱਖਿਆ ਅਲਰਟ ਜਾਰੀ
- ਕੁਵੈਤ ਲਈ ਸੁਰੱਖਿਆ ਅਲਰਟ ਜਾਰੀ
- ਜਾਰਡਨ ਲਈ ਸੁਰੱਖਿਆ ਅਲਰਟ ਜਾਰੀ
ਹੂਤੀਆਂ ਨੇ ਦੱਸੀ ਹਮਲੇ ਦੀ ਵਜ੍ਹਾ
ਹੂਤੀਆਂ ਨੇ ਰਿਆਦ ਤੋਂ ਇਲਾਵਾ ਲਾਲ ਸਾਗਰ ਦੇ ਪ੍ਰਮੁੱਖ ਤੇਲ ਨਿਰਯਾਤ ਕੇਂਦਰ ਯਾਨਬੂ ‘ਚ ਸਾਊਦੀ ਅਰਾਮਕੋ ਦੀ ਇੱਕ ਸਹੂਲਤ ‘ਤੇ ਹਮਲੇ ਦਾ ਵੀ ਦਾਅਵਾ ਕੀਤਾ ਹੈ। ਸਮੂਹ ਨੇ ਕਿਹਾ ਕਿ ਇਹ ਹਮਲੇ ਯਮਨ ਦੀ ਰਾਜਧਾਨੀ ਸਨਾ ‘ਚ ਸਾਊਦੀ ਕਾਰਵਾਈ ਦੇ ਜਵਾਬ ‘ਚ ਕੀਤੇ ਗਏ ਹਨ। ਸਾਊਦੀ ਗਠਜੋੜ ਨੇ ਬਿਸ਼, ਫਰਾਸਾਨ, ਤਾਇਫ ਤੇ ਯਾਨਬੂ ‘ਚ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਨੂੰ ਨਾਕਾਮ ਕਰਨ ਦੀ ਵੀ ਗੱਲ ਕਹੀ ਹੈ।
ਹੂਤੀਆਂ ਨੇ ਜੁਲਾਈ ‘ਚ ਸਾਊਦੀ ਅਰਬ ਖ਼ਿਲਾਫ਼ ਸਮੁੰਦਰੀ ਨਾਕਾਬੰਦੀ ਦਾ ਐਲਾਨ ਕਰਨ ਤੋਂ ਬਾਅਦ ਹਮਲੇ ਵਧਾਏ ਹਨ। ਉਨ੍ਹਾਂ ਦੇ ਨਿਸ਼ਾਨੇ ‘ਤੇ ਸਾਊਦੀ ਸ਼ਹਿਰ, ਊਰਜਾ ਢਾਂਚਾ ਤੇ ਲਾਲ ਸਾਗਰ ਦੀ ਸ਼ਿਪਿੰਗ ਰਹੀ ਹੈ। ਇਸ ਨਾਲ ਵਿਸ਼ਵ ਪੱਧਰੀ ਤੇਲ ਸਪਲਾਈ ਤੇ ਸਮੁੰਦਰੀ ਵਪਾਰ ‘ਤੇ ਖ਼ਤਰਾ ਵਧਿਆ ਹੈ। ਉੱਥੇ ਹੀ ਸਟ੍ਰੇਟ ਆਫ ਹੋਰਮੁਜ਼ ਪਹਿਲਾਂ ਤੋਂ ਹੀ ਪ੍ਰਭਾਵਿਤ ਹੈ।
ਇਹ ਵੀ ਪੜ੍ਹੋ
ਮੱਧ ਪੂਰਬ ਤੋਂ ਬਾਹਰ ਵੀ ਅਮਰੀਕੀ ਠਿਕਾਣਿਆਂ ‘ਤੇ ਹਮਲਾ
ਅਮਰੀਕਾ ਨੇ ਇਹ ਵੀ ਕਿਹਾ ਹੈ ਕਿ ਉਸ ਦੇ ਕੂਟਨੀਤਿਕ ਠਿਕਾਣਿਆਂ ਨੂੰ ਮੱਧ ਪੂਰਬ ਤੋਂ ਬਾਹਰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਈਰਾਨ ਤੇ ਉਸ ਦੇ ਸਮਰਥਕ ਅਮਰੀਕੀ ਹਿੱਤਾਂ, ਕਾਰੋਬਾਰਾਂ ਤੇ ਅਮਰੀਕੀ ਨਾਗਰਿਕਾਂ ਨਾਲ ਜੁੜੇ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਰਾਸ਼ਟਰਪਤੀ ਟਰੰਪ ਨੇ ਸਾਊਦੀ ਅਪੀਲ ਦੇ ਬਾਵਜੂਦ ਹੂਤੀਆਂ ਖ਼ਿਲਾਫ਼ ਸਿੱਧੇ ਅਮਰੀਕੀ ਫੌਜੀ ਦਖ਼ਲ ਤੋਂ ਇਨਕਾਰ ਕੀਤਾ ਹੈ। ਇਸ ਦੌਰਾਨ ਤੁਰਕੀ ਨੇ ਪਾਕਿਸਤਾਨ ਤੇ ਸਾਊਦੀ ਅਰਬ ਨਾਲ ਰੱਖਿਆ ਸਮਝੌਤੇ ਤਹਿਤ ਮਦਦ ਦੀ ਪੇਸ਼ਕਸ਼ ਕੀਤੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਵੀ ਹੂਤੀ ਹਮਲਿਆਂ ਦੀ ਨਿੰਦਾ ਕੀਤੀ ਹੈ।


