ਪੇਸ਼ਾਵਰ ਦੀ ਮਸਜਿਦ ਤੇ ਆਤਮਘਾਤੀ ਹਮਲੇ ਵਿੱਚ ਹਲਾਕ ਹੋਣ ਵਾਲਿਆਂ ਦੀ ਗਿਣਤੀ 83 ਤੱਕ ਪੁੱਜੀ

Updated On: 

31 Jan 2023 12:50 PM

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ, ਮੁਲਕ ਨੂੰ ਇਸ ਹਮਲੇ ਤੇ ਬੜਾ ਅਫਸੋਸ ਹੈ। ਬੇਸ਼ੱਕ ਮੈਨੂੰ ਲੱਗਦਾ ਹੈ ਕਿ ਦਹਿਸ਼ਤਗਰਦੀ ਆਪਣੇ ਮੁਲਕ ਵਾਸਤੇ ਸਭ ਤੋਂ ਵੱਡੀ ਰਾਸ਼ਟਰੀ ਸੁਰੱਖਿਆ ਦੀ ਚਿੰਤਾ ਹੈ

ਪੇਸ਼ਾਵਰ ਦੀ ਮਸਜਿਦ ਤੇ ਆਤਮਘਾਤੀ ਹਮਲੇ ਵਿੱਚ ਹਲਾਕ ਹੋਣ ਵਾਲਿਆਂ ਦੀ ਗਿਣਤੀ 83 ਤੱਕ ਪੁੱਜੀ

ਸੰਕੇਤਕ ਤਸਵੀਰ.

Follow Us On

ਪਾਕਿਸਤਾਨ ਦੇ ਪੇਸ਼ਾਵਰ ਦੀ ਇੱਕ ਮਸਜਿਦ ਵਿੱਚ ਕੀਤੇ ਗਏ ਆਤਮਘਾਤੀ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 83 ਹੋ ਗਈ ਹੈ, ਅਤੇ ਡੇਢ ਸੌ ਤੋਂ ਵੱਧ ਫੱਟੜ ਹੋਏ ਹਨ। ਦਸਿਆ ਜਾਂਦਾ ਹੈ ਕਿ ਉਥੇ ਮਰਨ ਵਾਲਿਆਂ ਵਿੱਚੋਂ ਜ਼ਿਆਦਾਤਰ ਪੁਲਿਸ ਅਧਿਕਾਰੀ ਹਨ।
ਪਿਸ਼ਾਵਰ ਦੇ ਪੁਲਿਸ ਮੁਖੀ ਵੱਲੋਂ ਦੱਸਿਆ ਗਿਆ ਕਿ 300 ਤੋਂ ਲੈ ਕੇ 400 ਲੋਕੀਂ ਹਰ ਰੋਜ਼ ਮਸਜਿਦ ਵਿਚ ਨਮਾਜ਼ ਅਦਾ ਕਰਨ ਆਉਂਦੇ ਹਨ। ਇਸ ਆਤਮਘਾਤੀ ਹਮਲੇ ਦੇ ਸਮੇ ਮਸਜਿਦ ਵਿੱਚ 300 ਤੋਂ ਵੱਧ ਲੋਕੀ ਮੌਜੂਦ ਸਨ। ਪੁਲਿਸ ਦਾ ਕਹਿਣਾ ਹੈ ਕਿ ਉੱਥੇ ਮਲਬੇ ਦੇ ਥੱਲੇ ਦੱਬੇ ਲੋਕਾਂ ਨੂੰ ਬਾਹਰ ਕੱਢਣ ਵਾਸਤੇ ਬਚਾਉਣ ਵਾਲਿਆਂ ਨੂੰ ਬੜੀ ਮੁਸ਼ੱਕਤ ਕਰਨੀ ਪਈ।

ਪਾਕਿਸਤਾਨ ਦਾ ਝੰਡਾ ਅੱਧਾ ਝੁਕਿਆ ਰਹੇਗਾ :

ਖੈਬਰ ਪਖਤੂਨਵਾ ਦੇ ਕੰਮ-ਚਲਾਊ ਮੁੱਖ ਮੰਤਰੀ ਮੁਹੰਮਦ ਇਜਾਜ਼ ਖ਼ਾਨ ਵੱਲੋਂ ਮੰਗਲਵਾਰ ਦਾ ਦਿਨ ਸੂਬੇ ਵਿੱਚ ਇਸ ਹਮਲੇ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਅਫਸੋਸ ਜਤਾਉਣ ਵਾਸਤੇ ਰੱਖੇ ਜਾਣ ਦੀ ਘੋਸ਼ਣਾ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਪਾਕਿਸਤਾਨ ਦਾ ਝੰਡਾ ਅੱਧਾ ਝੁਕਿਆ ਰਹੇਗਾ।
ਪਾਕਿਸਤਾਨ ਤਾਲੀਬਾਨ, ਜਿਸ ਨੂੰ ਤਹਿਰੀਕੇ ਤਾਲਿਬਾਨ ਪਾਕਿਸਤਨ- ਟੀਟੀਪੀ ਕਿਹਾ ਜਾਂਦਾ ਹੈ, ਉਸਦੇ ਕਮਾਂਡਰ ਸਰਬਕਫ ਮੁਹੰਮਦ ਨੇ ਟਵਿੱਟਰ ਤੇ ਪਾਈ ਇੱਕ ਪੋਸਟ ਵਿੱਚ ਇਸ ਆਤਮਘਾਤੀ ਹਮਲੇ ਦਾ ਜਿੰਮਾ ਲਿਆ ਪਰ ਉਸ ਦੇ ਕੁਝ ਘੰਟਿਆਂ ਬਾਅਦ ਹੀ ਟੀਟੀਪੀ ਦੇ ਪ੍ਰਵਕਤਾ ਮੁਹੰਮਦ ਖੁਰਸਾਨੀ ਨੇ ਦੱਸਿਆ ਕਿ ਮਸਜਿਦਾਂ, ਸੈਮੀਨਾਰਾਂ ਅਤੇ ਧਰਮ ਸਥਾਨਾਂ ਨੂੰ ਨਿਸ਼ਾਨਾ ਬਣਾਉਣਾ ਉਹਨਾਂ ਦੀ ਸੋਚ ਨਹੀਂ।

ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਅਫਸੋਸ ਜਤਾਇਆ :

ਮੰਗਲਵਾਰ ਨੂੰ ਯੂਐੱਨ ਪ੍ਰਮੁੱਖ ਐਂਟੋਨੀਓ ਗੁਲਟਰਸ ਵੱਲੋਂ ਪੇਸ਼ਾਵਰ ਦੀ ਮਸਜਿਦ ਤੇ ਹੋਏ ਇਸ ਆਤਮਘਾਤੀ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ, ਮੈਂ ਇਸ ਹਮਲੇ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਵਾਸਤੇ ਅਫਸੋਸ ਜਤਾਉਂਦਾ ਹਾਂ। ਕਿਸੇ ਧਰਮ ਸਥਲ ਤੇ ਅਜਿਹਾ ਹਮਲਾ ਕੋਈ ਚੰਗੀ ਗੱਲ ਨਹੀਂ। ਕਿਸੇ ਵੀ ਧਰਮ, ਮਾਨਤਾ ਜਾਂ ਸ਼ਾਂਤੀ ਅਤੇ ਸੁਰੱਖਿਅਤ ਤਰੀਕੇ ਨਾਲ ਰੱਬ ਨੂੰ ਧਿਆਉਣਾ ਦੁਨੀਆਂ ਭਰ ਦਾ ਸਭ ਤੋਂ ਵੱਡਾ ਮਾਨਵ ਅਧਿਕਾਰ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਆਤਮਘਾਤੀ ਹਮਲੇ ਵਿੱਚ ਫੱਟੜ ਹੋਏ ਲੋਕਾਂ ਨੂੰ ਮਿਲਣ ਵਾਸਤੇ ਲੇਡੀ ਰੇਡਿੰਗ ਅਸਪਤਾਲ ਦਾ ਦੌਰਾ ਕੀਤਾ ਸੀ।

ਆਪਣੇ ਇੱਕ ਟਵੀਟ ਵਿੱਚ ਉਨ੍ਹਾਂ ਨੇ ਕਿਹਾ ਸੀ, ਇਹ ਆਤਮਘਾਤੀ ਹਮਲਾ ਇਨਸਾਨ ਨਾਲ ਬਦਸਲੂਕੀ ਦੀ ਸੋਚ ਤੋਂ ਵੀ ਪਰੇ ਹੈ। ਇਹ ਹਮਲਾ ਅਸਲ ਵਿੱਚ ਪਾਕਿਸਤਾਨ ਤੇ ਕੀਤਾ ਗਿਆ ਹਮਲਾ ਹੈ। ਮੁਲਕ ਨੂੰ ਇਸ ਹਮਲੇ ਤੇ ਬੜਾ ਅਫਸੋਸ ਹੈ। ਬੇਸ਼ੱਕ ਮੈਨੂੰ ਲੱਗਦਾ ਹੈ ਕਿ ਦਹਿਸ਼ਤਗਰਦੀ ਆਪਣੇ ਮੁਲਕ ਵਾਸਤੇ ਸਭ ਤੋਂ ਵੱਡੀ ਰਾਸ਼ਟਰੀ ਸੁਰੱਖਿਆ ਦੀ ਚਿੰਤਾ ਹੈ। ਉਨ੍ਹਾਂ ਨੇ ਅੱਗੇ ਦੱਸਿਆ, ਇਸ ਆਤਮਘਾਤੀ ਹਮਲੇ ਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਸਾਫ ਤੌਰ ਤੇ ਦੱਸ ਦਿਆਂ ਕਿ ਅਜਿਹੀ ਵਾਰਦਾਤਾਂ ਕਰਕੇ ਸਾਡੇ ਲੋਕਾਂ ਦੀ ਅਮਨ-ਪਸੰਦੀ ਨੂੰ ਕੋਈ ਸਾਡੇ ਹੱਥੀਂ ਖੋਹ ਨਹੀਂ ਸਕਦਾ।

Exit mobile version