Terror Attack In Balochistan: ਬਲੋਚਿਸਤਾਨ ‘ਚ ਫੌਜੀ ਇਲਾਕੇ ‘ਚ ਅੱਤਵਾਦੀ ਹਮਲਾ, 4 ਜਵਾਨਾਂ ਦੀ ਮੌਤ, 5 ਜ਼ਖਮੀ
Pakistan Terror Attack: ਪਾਕਿਸਤਾਨੀ ਫੌਜ ਨੇ ਦੱਸਿਆ ਕਿ ਅੱਤਵਾਦੀਆਂ ਵੱਲੋਂ ਇਲਾਕੇ 'ਚ ਦਾਖਲ ਹੋਣ ਦੀ ਸ਼ੁਰੂਆਤੀ ਕੋਸ਼ਿਸ਼ ਦੌਰਾਨ ਉੱਥੇ ਡਿਊਟੀ 'ਤੇ ਮੌਜੂਦ ਜਵਾਨਾਂ ਵਿਚਾਲੇ ਭਿਆਨਕ ਗੋਲੀਬਾਰੀ ਹੋਈ। ਭਾਰੀ ਗੋਲੀਬਾਰੀ ਦੇ ਦੌਰਾਨ, ਉਨ੍ਹਾਂ ਨੇ ਅੱਤਵਾਦੀਆਂ ਨੂੰ ਇੱਕ ਛੋਟੇ ਖੇਤਰ ਤੱਕ ਸੀਮਤ ਕਰ ਦਿੱਤਾ।
ਪਾਕਿਸਤਾਨ ਦੇ ਬਲੋਚਿਸਤਾਨ (Balochistan) ਵਿੱਚ ਇੱਕ ਵਾਰ ਫਿਰ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ ‘ਚ ਬੁੱਧਵਾਰ ਸਵੇਰੇ ਹੋਏ ਅੱਤਵਾਦੀ ਹਮਲੇ ‘ਚ 4 ਫੌਜੀ ਮਾਰੇ ਗਏ ਜਦਕਿ 5 ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਪਾਕਿਸਤਾਨੀ ਫੌਜ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਫੌਜ ਦੀ ਇਕ ਚੌਕੀ ‘ਤੇ ਹਮਲਾ ਕਰ ਦਿੱਤਾ, ਜਿਸ ‘ਚ 4 ਪਾਕਿਸਤਾਨੀ ਫੌਜੀ ਮਾਰੇ ਗਏ ਅਤੇ 5 ਹੋਰ ਗੰਭੀਰ ਜ਼ਖਮੀ ਹੋ ਗਏ।
ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ISPR) ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਅੱਤਵਾਦੀਆਂ ਦੇ ਇਕ ਸਮੂਹ ਨੇ ਸੂਬੇ ਦੇ ਉੱਤਰ ‘ਚ ਝੋਬ ਗੈਰੀਸਨ ‘ਤੇ ‘ਕਾਇਰਾਨਾ ਹਮਲਾ’ ਕੀਤਾ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋਈ, ਜਿਸ ‘ਚ ਤਿੰਨ ਅੱਤਵਾਦੀ ਵੀ ਮਾਰੇ ਗਏ। ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਭਾਰੀ ਗੋਲੀਬਾਰੀ ਦੀ ਲਪੇਟ ਵਿਚ ਆਉਣ ਕਰਕੇ ਉਥੋਂ ਲੰਘ ਰਹੀ ਇਕ ਔਰਤ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਨਾਗਰਿਕ ਜ਼ਖਮੀ ਹੋ ਗਏ।
ਘੱਟ ਜਾਣੇ-ਪਛਾਣੇ ਸਮੂਹ ਨੇ ਲਈ ਜ਼ਿੰਮੇਵਾਰੀ
ਹਮਲੇ ਦੀ ਜ਼ਿੰਮੇਵਾਰੀ ਇੱਕ ਘੱਟ ਜਾਣੇ-ਪਛਾਣੇ ਅੱਤਵਾਦੀ ਸਮੂਹ ਤਹਿਰੀਕ-ਏ-ਜੇਹਾਦ ਪਾਕਿਸਤਾਨ ਨੇ ਲਈ ਹੈ, ਹਾਲਾਂਕਿ ਉਸ ਨੇ ਕੋਈ ਵੇਰਵਾ ਨਹੀਂ ਦਿੱਤਾ ਹੈ। ਬਿਆਨ ‘ਚ ਅੱਗੇ ਕਿਹਾ ਗਿਆ ਕਿ ਅੱਤਵਾਦੀਆਂ ਦੇ ਇਲਾਕੇ ‘ਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਉੱਥੇ ਡਿਊਟੀ ‘ਤੇ ਮੌਜੂਦ ਜਵਾਨਾਂ ਨੇ ਜ਼ੋਰਦਾਰ ਗੋਲੀਬਾਰੀ ਸ਼ੁਰੂ ਕਰ ਦਿੱਤੀ। ਭਾਰੀ ਗੋਲੀਬਾਰੀ ਦੇ ਦੌਰਾਨ, ਉਨ੍ਹਾਂ ਨੇ ਅੱਤਵਾਦੀਆਂ ਨੂੰ ਇੱਕ ਛੋਟੇ ਖੇਤਰ ਤੱਕ ਸੀਮਤ ਕਰ ਦਿੱਤਾ।
ਆਈਐਸਪੀਆਰ ਦੇ ਅਨੁਸਾਰ, “ਬਾਕੀ ਦੇ ਦੋ ਅੱਤਵਾਦੀਆਂ ਨੂੰ ਵੀ ਫੜਨ ਲਈ ਸੁਰੱਖਿਆ ਬਲਾਂ ਦੁਆਰਾ ਆਪ੍ਰੇਸ਼ਨ ਜਾਰੀ ਹੈ,” ਫੌਜ ਨੇ ਦਾਅਵਾ ਕੀਤਾ ਕਿ ਸਾਡੇ ਸੁਰੱਖਿਆ ਬਲ ਬਲੋਚਿਸਤਾਨ ਵਿੱਚ ‘ਸ਼ਾਂਤੀ ਭੰਗ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ’ ਨੂੰ ਨਾਕਾਮ ਕਰਨ ਲਈ ਦ੍ਰਿੜ ਹਨ।
ਹਮਲਿਆਂ ਤੋਂ ਪਰੇਸ਼ਾਨ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ
ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਅਬਦੁਲ ਕੁਦੂਸ ਬਿਜੈਂਜੋ ਨੇ ਜ਼ੋਬ ਗੈਰੀਸਨ (Mir Abdul Qudoos Bizenjo)ਨੇ ਹਮਲੇ ਦੀ ਸਖਤ ਨਿੰਦਾ ਕੀਤੀ ਅਤੇ ਹਮਲੇ ਨੂੰ ਰੋਕਣ ਲਈ ਤੁਰੰਤ ਕਾਰਵਾਈ ਕਰਨ ਲਈ ਪਾਕਿਸਤਾਨੀ ਫੌਜ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ। ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ, ਮੁੱਖ ਮੰਤਰੀ ਬਿਜੈਂਜੋ ਨੇ ਕਿਹਾ ਕਿ “ਪਾਕਿਸਤਾਨੀ ਫੌਜ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ।”
ਇਹ ਵੀ ਪੜ੍ਹੋ
ਪਾਕਿਸਤਾਨ ਦੇ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਸੂਬੇ ਲੰਬੇ ਸਮੇਂ ਤੋਂ ਅੱਤਵਾਦੀ ਹਮਲਿਆਂ ਤੋਂ ਪ੍ਰੇਸ਼ਾਨ ਹਨ। ਇਹ ਇਲਾਕਾ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਬਲੋਚ ਵੱਖਵਾਦੀਆਂ ਦੇ ਹਮਲਿਆਂ ਦਾ ਸਾਹਮਣਾ ਕਰਦਾ ਰਿਹਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਬਲੋਚਿਸਤਾਨ ਦੇ ਧਾਨਾ ਸਰ ਇਲਾਕੇ ਵਿੱਚ ਇੱਕ ਅੱਤਵਾਦੀ ਹਮਲੇ ਵਿੱਚ ਚਾਰ ਸੁਰੱਖਿਆਕਰਮੀ ਮਾਰੇ ਗਏ ਸਨ, ਜਦੋਂ ਕਿ ਇੱਕ ਅੱਤਵਾਦੀ ਵੀ ਢੇਰ ਹੋ ਗਿਆ ਸੀ।
ਇੱਕ ਥਿੰਕ-ਟੈਂਕ, ਪਾਕਿਸਤਾਨ ਇੰਸਟੀਚਿਊਟ ਫਾਰ ਕਾਫਲਿਕਟ ਐਂਡ ਸਕਿਓਰਿਟੀ ਸਟੱਡੀਜ਼, ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਜਾਰੀ ਕੀਤੀ ਆਪਣੀ ਰਿਪੋਰਟ ਵਿੱਚ ਕਿਹਾ ਕਿ ਪਾਕਿਸਤਾਨ ਵਿੱਚ ਅੱਤਵਾਦੀ ਹਮਲਿਆਂ ਵਿੱਚ ਵਾਧਾ ਹੋਇਆ ਹੈ ਅਤੇ 2023 ਦੀ ਪਹਿਲੀ ਛਿਮਾਹੀ ਵਿੱਚ ਅੱਤਵਾਦੀ ਹਮਲਿਆਂ ਵਿੱਚ ਲਗਾਤਾਰ ਵਾਧਾ ਹੋਇਆ ਹੈ, ਜਿਸ ਵਿੱਚ 389 ਲੋਕ ਮਾਰੇ ਗਏ ਹਨ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ