ਅੱਤਵਾਦੀਆਂ ਦੇ ਹਮਲੇ ਤੋਂ ਬੌਖਲਾਇਆ ਪਾਕਿਸਤਾਨ, ਈਰਾਨ ‘ਤੇ ਕੀਤਾ ਪਲਟਵਾਰ

Updated On: 

18 Jan 2024 09:19 AM

ਪਾਕਿਸਤਾਨ ਨੇ ਹਮਲੇ ਦੇ 24 ਘੰਟੇ ਬਾਅਦ ਈਰਾਨ ਨੂੰ ਜਵਾਬ ਦਿੱਤਾ। ਪਾਕਿਸਤਾਨੀ ਹਵਾਈ ਫੌਜ ਨੇ ਪੂਰਬੀ ਈਰਾਨ ਦੇ ਸਰਵਾਨ ਸ਼ਹਿਰ 'ਚ ਬਲੋਚ ਅੱਤਵਾਦੀ ਸਮੂਹ 'ਤੇ ਹਵਾਈ ਹਮਲਾ ਕੀਤਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਈਰਾਨ ਨੇ ਪਾਕਿਸਤਾਨ 'ਚ ਜੈਸ਼ ਅਲ-ਅਦਲ ਦੇ ਟਿਕਾਣਿਆਂ 'ਤੇ ਹਮਲਾ ਕੀਤਾ ਸੀ, ਜਿਸ 'ਚ ਦੋ ਬੱਚੇ ਮਾਰੇ ਗਏ ਸਨ।

ਅੱਤਵਾਦੀਆਂ ਦੇ ਹਮਲੇ ਤੋਂ ਬੌਖਲਾਇਆ ਪਾਕਿਸਤਾਨ, ਈਰਾਨ ਤੇ ਕੀਤਾ ਪਲਟਵਾਰ

ਪਾਕਿਸਤਾਨ ਨੇ ਈਰਾਨ 'ਤੇ ਕੀਤਾ ਪਲਟਵਾਰ

Follow Us On

ਮੰਗਲਵਾਰ ਨੂੰ ਈਰਾਨ ਨੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਅੱਤਵਾਦੀ ਸੰਗਠਨ ਜੈਸ਼ ਅਲ-ਅਦਲ ( Jaishul Adal) ਦੇ ਠਿਕਾਣਿਆਂ ‘ਤੇ ਹਮਲਾ ਕੀਤਾ। ਪਾਕਿਸਤਾਨ ਨੇ ਹਮਲੇ ਦੇ 24 ਘੰਟੇ ਬਾਅਦ ਈਰਾਨ ਨੂੰ ਜਵਾਬ ਦਿੱਤਾ ਹੈ। ਪਾਕਿਸਤਾਨੀ ਹਵਾਈ ਫੌਜ ਨੇ ਪੂਰਬੀ ਈਰਾਨ ਦੇ ਸਰਵਾਨ ਸ਼ਹਿਰ ‘ਚ ਬਲੋਚ ਅੱਤਵਾਦੀ ਸਮੂਹ ‘ਤੇ ਹਵਾਈ ਹਮਲਾ ਕੀਤਾ ਹੈ। ਪਾਕਿਸਤਾਨੀ ਫੌਜ ਦੇ ਮੁਤਾਬਕ, ਹਵਾਈ ਫੌਜ ਨੇ ਬੁੱਧਵਾਰ ਰਾਤ ਨੂੰ ਪੂਰਬੀ ਈਰਾਨ ਦੇ ਸਰਵਾਨ ਸ਼ਹਿਰ ਦੇ ਕੋਲ ਬਲੋਚ ਅੱਤਵਾਦੀ ਸਮੂਹ ‘ਤੇ ਕਈ ਹਵਾਈ ਹਮਲੇ ਕੀਤੇ। ਹਮਲੇ ਤੋਂ ਬਾਅਦ ਸ਼ਹਿਰ ਵਿੱਚ ਧੂੰਆਂ ਫੈਲ ਗਿਆ ਹੈ।

ਇੱਕ ਕਰਨਲ ਦੀ ਹੋਈ ਮੌਤ

ਇਸ ਦੌਰਾਨ ਈਰਾਨੀ ਫੌਜ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਕਿਸਤਾਨ-ਈਰਾਨ ਸਰਹੱਦ ‘ਤੇ ਹੋਏ ਅੱਤਵਾਦੀ ਹਮਲੇ ‘ਚ ਇੱਕ ਕਰਨਲ ਦੀ ਮੌਤ ਹੋ ਗਈ ਹੈ। ਕਰਨਲ ਹੁਸੈਨ ਅਲੀ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਉਹ ਆਈਆਰਜੀਸੀ ਦੀ ਸਲਮਾਨ ਯੂਨਿਟ ਵਿੱਚ ਤਾਇਨਾਤ ਸੀ। ਇਸ ਯੂਨਿਟ ਨੇ ਪਾਕਿਸਤਾਨ ਦੇ ਜੈਸ਼ ਅਲ-ਅਦਲ ਖਿਲਾਫ ਖੁਫੀਆ ਜਾਣਕਾਰੀ ਦਿੱਤੀ ਸੀ। IRGC ਅਧਿਕਾਰੀ ਈਰਾਨ ‘ਤੇ ਪਾਕਿਸਤਾਨ ਦੇ ਹਵਾਈ ਹਮਲੇ ਤੋਂ ਠੀਕ ਪਹਿਲਾਂ ਮਾਰਿਆ ਗਿਆ ਸੀ।

ਇਸ ਤੋਂ ਪਹਿਲਾਂ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ (Pakistan) ‘ਚ ਹਮਲੇ ਤੋਂ ਬਾਅਦ ਸਿਸਤਾਨ ਅਤੇ ਬਲੋਚਿਸਤਾਨ ਸੂਬੇ ‘ਚ ਈਰਾਨੀ ਠਿਕਾਣਿਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਉਹ ਜਵਾਬੀ ਹਮਲਿਆਂ ਦੀ ਤਿਆਰੀ ਕਰ ਰਹੇ ਹਨ। ਜ਼ਾਹੇਦਾਨ ਦੇ ਸ਼ਾਹਿਦ ਅਲੀ ਅਰਬੀ ਏਅਰ ਬੇਸ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਪਾਕਿਸਤਾਨ ਨੇ ਇਹ ਹਮਲਾ ਈਰਾਨ ਦੇ ਹਵਾਈ ਹਮਲੇ ਦੇ ਜਵਾਬ ਵਿੱਚ ਕੀਤਾ ਹੈ। ਮੰਗਲਵਾਰ ਨੂੰ ਈਰਾਨ ਨੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਜੈਸ਼ ਅਲ-ਅਦਲ ਦੇ ਟਿਕਾਣਿਆਂ ‘ਤੇ ਹਮਲਾ ਕੀਤਾ, ਜਿਸ ‘ਚ ਦੋ ਬੱਚੇ ਮਾਰੇ ਗਏ।

ਈਰਾਨ ਦੇ ਹਮਲੇ ਦੀ ਪਾਕਿਸਤਾਨ ਵੱਲੋਂ ਨਿੰਦਾ

ਪਾਕਿਸਤਾਨ ਨੇ ਈਰਾਨ ਦੇ ਹਮਲੇ ਦੀ ਨਿੰਦਾ ਕੀਤੀ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਹਮਲਾ ਚੰਗੇ ਗੁਆਂਢੀ ਦੀ ਨਿਸ਼ਾਨੀ ਨਹੀਂ ਹੈ। ਇਸ ਦੇ ਗੰਭੀਰ ਨਤੀਜੇ ਨਿਕਲਣਗੇ। ਹਮਲੇ ਤੋਂ ਬਾਅਦ ਪਾਕਿਸਤਾਨ ਨੇ ਈਰਾਨ ਤੋਂ ਆਪਣੇ ਰਾਜਦੂਤ ਨੂੰ ਵੀ ਵਾਪਸ ਬੁਲਾ ਲਿਆ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਆਉਣ ਵਾਲੇ ਸਾਰੇ ਉੱਚ ਪੱਧਰੀ ਦੁਵੱਲੇ ਦੌਰੇ ਮੁਅੱਤਲ ਕਰ ਦਿੱਤੇ।

ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਕਿਹਾ, ਈਰਾਨ ਵੱਲੋਂ ਬਿਨਾਂ ਭੜਕਾਹਟ ਦੇ ਪਾਕਿਸਤਾਨ ਦੀ ਪ੍ਰਭੂਸੱਤਾ ਦੀ ਉਲੰਘਣਾ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਦੀ ਉਲੰਘਣਾ ਹੈ। ਇਹ ਗੈਰ-ਕਾਨੂੰਨੀ ਕਾਰਵਾਈ ਬਿਲਕੁਲ ਅਸਵੀਕਾਰਨਯੋਗ ਹੈ ਅਤੇ ਇਸ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿਹਾ ਕਿ ਪਾਕਿਸਤਾਨ ਨੂੰ ਇਸ ਗੈਰ ਕਾਨੂੰਨੀ ਕਾਰਵਾਈ ਦਾ ਜਵਾਬ ਦੇਣ ਦਾ ਅਧਿਕਾਰ ਹੈ। ਇਸ ਦੇ ਸਿੱਟਿਆਂ ਦੀ ਸਾਰੀ ਜ਼ਿੰਮੇਵਾਰੀ ਈਰਾਨ ‘ਤੇ ਹੋਵੇਗੀ।

ਭਾਰਤ ਨੇ ਕੀ ਕਿਹਾ ?

ਪਾਕਿਸਤਾਨ ‘ਤੇ ਈਰਾਨ ਦੇ ਹਮਲੇ ‘ਤੇ ਭਾਰਤ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਭਾਰਤ ਨੇ ਕਿਹਾ ਕਿ ਉਹ ਸਵੈ-ਰੱਖਿਆ ਵਿੱਚ ਦੇਸ਼ਾਂ ਦੁਆਰਾ ਕੀਤੀਆਂ ਗਈਆਂ ਕਾਰਵਾਈਆਂ ਨੂੰ ਸਮਝਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਹ ਈਰਾਨ ਅਤੇ ਪਾਕਿਸਤਾਨ ਦਾ ਮਾਮਲਾ ਹੈ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਅੱਤਵਾਦ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ‘ਤੇ ਕੋਈ ਸਮਝੌਤਾ ਨਹੀਂ ਕਰੇਗਾ।

ਜੈਸ਼ ਅਲ ਅਦਲ ਬਾਰੇ ਜਾਣੋ

ਜੈਸ਼ ਅਲ ਅਦਲ ਦਾ ਨਾਮ 2012 ਤੋਂ ਪਹਿਲਾਂ ਜੁੰਦਾਲਾਹ ਸੀ। ਇਹ ਅੱਤਵਾਦੀ ਸੰਗਠਨ 2002 ਵਿੱਚ ਹੋਂਦ ਵਿੱਚ ਆਇਆ ਸੀ। ਉਦੋਂ ਇਸ ਦਾ ਆਗੂ ਅਬਦੁਲ ਮਲਿਕ ਰਿਗੀ ਸੀ। 2010 ਵਿੱਚ ਅਬਦੁਲ ਮਲਿਕ ਰਿਗੀ ਦੀ ਈਰਾਨੀ ਫੌਜ ਨੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਜੁੰਦਾਲਾਹ ਦੇ ਕਈ ਅੱਤਵਾਦੀ ਸਮੂਹ ਬਣ ਗਏ। ਇਹ ਸੁੰਨੀ ਅੱਤਵਾਦੀ ਸੰਗਠਨ ਹੈ। ਜੈਸ਼ ਅਲ-ਅਦਲ ਦਾ ਸਬੰਧ ਅਲ-ਕਾਇਦਾ ਨਾਲ ਹੈ। ਇਸ ਦੇ ਈਰਾਨ, ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਬੇਸ ਹਨ। ਇਸ ਦੇ ਲੜਾਕੇ ਇਨ੍ਹਾਂ ਤਿੰਨਾਂ ਦੇਸ਼ਾਂ ਵਿੱਚ ਸਰਗਰਮ ਹਨ। ਇਸ ਸਮੇਂ ਸਲਾਹੁਦੀਨ ਫਾਰੂਕੀ ਜੈਸ਼ ਅਲ-ਅਦਲ ਦਾ ਆਗੂ ਹੈ।

ਹੋਂਦ ਵਿੱਚ ਆਉਣ ਤੋਂ ਬਾਅਦ ਜੈਸ਼ ਅਲ-ਅਦਲ ਦੇ ਅੱਤਵਾਦੀ ਈਰਾਨ ਵਿੱਚ ਹਮਲੇ ਕਰ ਰਹੇ ਹਨ। ਜੈਸ਼ ਅਲ-ਅਦਲ ਇੱਕ ਸੁੰਨੀ ਅੱਤਵਾਦੀ ਸੰਗਠਨ ਹੈ, ਜਦੋਂ ਕਿ ਈਰਾਨ ਇੱਕ ਸ਼ੀਆ ਬਹੁਗਿਣਤੀ ਵਾਲਾ ਦੇਸ਼ ਹੈ। ਇਸੇ ਲਈ ਜੈਸ਼ ਅਲ-ਅਦਲ ਦੇ ਅੱਤਵਾਦੀ ਨਾ ਸਿਰਫ ਈਰਾਨੀ ਫੌਜ ਨੂੰ ਨਿਸ਼ਾਨਾ ਬਣਾ ਰਹੇ ਹਨ, ਸਗੋਂ ਈਰਾਨ ਦੇ ਸ਼ੀਆ ਲੋਕਾਂ ‘ਤੇ ਵੀ ਹਮਲੇ ਕਰ ਰਹੇ ਹਨ। 2012 ਤੋਂ ਬਾਅਦ ਇਨ੍ਹਾਂ ਦੇ ਹਮਲੇ ਬਹੁਤ ਵਧ ਗਏ ਹਨ। ਹੁਣ ਸਵਾਲ ਇਹ ਹੈ ਕਿ ਕੀ ਪਾਕਿਸਤਾਨ ਨੇ ਈਰਾਨ ‘ਤੇ ਹਵਾਈ ਹਮਲੇ ਕਰਕੇ ਬਦਲਾ ਲਿਆ ਹੈ ਜਾਂ ਫਿਰ ਈਰਾਨ ਜਵਾਬ ਦੇਵੇਗਾ।

ਇਹ ਵੀ ਪੜ੍ਹੋ: ਈਰਾਨ ਦੀ ਏਅਰਸਟ੍ਰਾਈਕ ਤੋਂ ਦਹਲਿਆ ਪਾਕਿਸਤਾਨ, ਕਿੰਨ੍ਹੀ ਤਬਾਹੀ ਹੋਈ ?