ਕੇਂਦਰ ਦੀ ਮੰਗ ਤੋਂ ਬਾਅਦ Twitter ਦੀ ਵੱਡੀ ਕਾਰਵਾਈ, ਭਾਰਤ ‘ਚ ਪਾਕਿਸਤਾਨ ਸਰਕਾਰ ਦਾ ਅਕਾਊਂਟ ਬਲਾਕ
Twitter ਨੇ ਇਹ ਕਦਮ ਭਾਰਤ ਦੀ ਮੰਗ ਤੋਂ ਬਾਅਦ ਚੁੱਕਿਆ ਹੈ। ਕਾਨੂੰਨ ਦਾ ਹਵਾਲਾ ਦਿੰਦੇ ਹੋਏ, ਭਾਰਤ ਸਰਕਾਰ ਨੇ ਦੇਸ਼ ਵਿੱਚ ਦਿਖਾਈ ਦੇਣ ਵਾਲੇ ਪਾਕਿਸਤਾਨ ਸਰਕਾਰ ਦੇ ਅਧਿਕਾਰਤ ਟਵਿੱਟਰ ਹੈਂਡਲ ਨੂੰ ਬਲਾਕ ਕਰਨ ਦੀ ਮੰਗ ਕੀਤੀ ਸੀ।
Twitter ਨੇ ਵੀਰਵਾਰ ਨੂੰ ਇੱਕ ਵੱਡਾ ਕਦਮ ਚੁੱਕਦੇ ਹੋਏ ਭਾਰਤ ਵਿੱਚ ਦਿਖਾਈ ਦੇ ਰਹੇ ਪਾਕਿਸਤਾਨ ਸਰਕਾਰ (Pakistan Government) ਦੇ ਅਧਿਕਾਰਤ ਟਵਿੱਟਰ ਹੈਂਡਲ ਨੂੰ ਬਲਾਕ ਕਰ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਇਹ ਭਾਰਤ ‘ਚ ਨਜ਼ਰ ਨਹੀਂ ਆਵੇਗਾ। ਭਾਰਤ ਨੇ ਦੇਸ਼ ਦੇ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਸਰਕਾਰ ਦੇ ਟਵਿਟਰ ਅਕਾਊਂਟ ਨੂੰ ਬਲਾਕ ਕਰਨ ਦੀ ਮੰਗ ਕੀਤੀ ਸੀ।
ਹਾਲਾਂਕਿ, ਭਾਰਤ ਵਿੱਚ ਬਲਾਕ ਹੋਣ ਤੋਂ ਬਾਅਦ ਪਾਕਿਸਤਾਨ ਸਰਕਾਰ @GovtofPakistan ਦਾ ਟਵਿੱਟਰ ਹੈਂਡਲ ਅਮਰੀਕਾ ਅਤੇ ਕੈਨੇਡਾ ਵਿੱਚ ਦੇਖਿਆ ਜਾ ਸਕਦਾ ਹੈ। ਅਜਿਹਾ ਨਹੀਂ ਹੈ ਕਿ ਟਵਿਟਰ ਵੱਲੋਂ ਅਜਿਹਾ ਕਦਮ ਪਹਿਲੀ ਵਾਰ ਚੁੱਕਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਕੰਪਨੀ ਨੇ ਇਸ ਅਕਾਊਂਟ ਨੂੰ ਬਲਾਕ ਕਰ ਦਿੱਤਾ ਸੀ।
ਟਵਿੱਟਰ ਵੱਲੋਂ ਚੁੱਕੇ ਗਏ ਇਸ ਕਦਮ ਤੋਂ ਬਾਅਦ ਰਾਇਟਰਜ਼ ਨੇ ਭਾਰਤ ਅਤੇ ਪਾਕਿਸਤਾਨ ਦੇ ਆਈਟੀ ਮੰਤਰਾਲੇ ਨਾਲ ਸੰਪਰਕ ਕੀਤਾ ਸੀ ਪਰ ਦੋਵਾਂ ਸਰਕਾਰਾਂ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ।
ਦਰਅਸਲ, ਦੂਜੀਆਂ ਕੰਪਨੀਆਂ ਵਾਂਗ ਟਵਿਟਰ ਦੀ ਵੀ ਆਪਣੀ ਨੀਤੀ ਹੈ। ਕੰਪਨੀ ਵੱਖ-ਵੱਖ ਦੇਸ਼ਾਂ ਦੇ ਕਾਨੂੰਨਾਂ ਦੀ ਪਾਲਣਾ ਕਰਨ ਲਈ ਪਾਬੰਦ ਹੈ। ਭਾਵੇਂ ਇਹ ਅਦਾਲਤ ਦਾ ਫੈਸਲਾ ਹੋਵੇ ਜਾਂ ਸਰਕਾਰ ਦਾ। ਇਸ ਦੇ ਤਹਿਤ ਟਵਿਟਰ ਨੇ ਪਾਕਿਸਤਾਨ ਸਰਕਾਰ ਦੇ ਟਵਿਟਰ ਹੈਂਡਲ ਨੂੰ ਭਾਰਤ ‘ਚ ਦਿਖਣ ਤੋਂ ਬਲਾਕ ਕਰ ਦਿੱਤਾ ਹੈ।
ਇਹ ਵੀ ਪੜ੍ਹੋ
ਟਵਿੱਟਰ ਨੇ ਪਿਛਲੇ ਸਾਲ ਭਾਰਤ, ਸੰਯੁਕਤ ਰਾਸ਼ਟਰ, ਤੁਰਕੀ, ਈਰਾਨ ਅਤੇ ਮਿਸਰ ਵਿੱਚ ਪਾਕਿਸਤਾਨੀ ਦੂਤਾਵਾਸਾਂ ਦੇ ਅਧਿਕਾਰਤ ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਇਲਾਵਾ ਅਗਸਤ ‘ਚ ਭਾਰਤ ਨੇ ਯੂ-ਟਿਊਬ ‘ਤੇ ਅੱਠ ਚੈਨਲਾਂ ਨੂੰ ਬਲਾਕ ਕਰ ਦਿੱਤਾ ਸੀ, ਜਿਨ੍ਹਾਂ ‘ਚ ਇਕ ਪਾਕਿਸਤਾਨ ਤੋਂ ਚਲਾਇਆ ਜਾਂਦਾ ਸੀ। ਇਸ ਤੋਂ ਇਲਾਵਾ ਇੱਕ ਫੇਸਬੁੱਕ ਅਕਾਊਂਟ ਵੀ ਸੀ ਜਿਸ ਨੂੰ ਸਰਕਾਰ ਨੇ ਭਾਰਤ ਵਿਰੋਧੀ ਸਮੱਗਰੀ ਦੇਣ ਦੇ ਦੋਸ਼ ਵਿੱਚ ਬਲਾਕ ਕਰ ਦਿੱਤਾ ਸੀ।
ਸੂਚਨਾ ਤਕਨਾਲੋਜੀ ਨਿਯਮਾਂ ਤਹਿਤ ਕੀਤਾ ਗਿਆ ਸੀ ਬਲਾਕ
ਪਾਕਿਸਤਾਨ ਦੇ ਯੂਟਿਊਬ ਚੈਨਲ ਨੂੰ ਬਲੌਕ ਕੀਤੇ ਜਾਣ ਤੋਂ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ‘ਸੂਚਨਾ ਤਕਨਾਲੋਜੀ ਨਿਯਮ 2021’ ਤਹਿਤ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇਨ੍ਹਾਂ ਚੈਨਲਾਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਗਿਆ ਹੈ।