ਸੁਪਰੀਮ ਕੋਰਟ ਨੇ ਇਮਰਾਨ ਖਾਨ ਨੂੰ ਦਿੱਤੀ ਜ਼ਮਾਨਤ, ਪਰ ਸਵਾਲ ਇਹ ਕੀ ਜੇਲ੍ਹ ‘ਚੋਂ ਬਾਹਰ ਆਉਣਗੇ ਅਤੇ ਚੋਣ ਲੜਨਗੇ?
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਸ਼ੁੱਕਰਵਾਰ ਨੂੰ ਸਾਈਫਰ ਮਾਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਅਤੇ ਸਾਬਕਾ ਵਿਦੇਸ਼ ਮੰਤਰੀ ਦੀ ਜ਼ਮਾਨਤ ਮਨਜ਼ੂਰ ਕਰ ਲਈ। ਪਿਛਲੇ ਹਫਤੇ ਹੀ ਵਿਸ਼ੇਸ਼ ਅਦਾਲਤ ਨੇ ਸਾਈਫਰ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੀ ਸੀ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜ਼ਮਾਨਤ ਮਿਲ ਗਈ ਹੈ। ਉਨ੍ਹਾਂ ਦੇ ਨਾਲ ਪੀਟੀਆਈ ਨੇਤਾ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਵੀ ਜ਼ਮਾਨਤ ਮਿਲ ਗਈ ਹੈ। ਇਮਰਾਨ ਅਤੇ ਕੁਰੈਸ਼ੀ ਦੋਵੇਂ ਹੀ ਸਾਈਫਰ ਮਾਮਲੇ ‘ਚ ਦੋਸ਼ੀ ਸਨ। ਦੋਵਾਂ ਨੂੰ 10-10 ਲੱਖ ਪਾਕਿਸਤਾਨੀ (Pakistan) ਰੁਪਏ ਦੇ ਬਾਂਡ ‘ਤੇ ਜ਼ਮਾਨਤ ਦਿੱਤੀ ਗਈ ਹੈ। ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਦੋਵਾਂ ਆਗੂਆਂ ਦੀ ਜ਼ਮਾਨਤ ਦੇ ਹੁਕਮ ਦਿੱਤੇ ਹਨ।
ਸਾਈਫਰ ਕੇਸ ਕੁਝ ਕੂਟਨੀਤਕ ਦਸਤਾਵੇਜ਼ਾਂ ਨਾਲ ਜੁੜਿਆ ਮਾਮਲਾ ਹੈ, ਜਿਸ ਵਿਚ ਇਮਰਾਨ ਖਾਨ ‘ਤੇ ਕੂਟਨੀਤਕ ਦਸਤਾਵੇਜ਼ਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਗੁਪਤ ਦਸਤਾਵੇਜ਼ ਨੂੰ ਜਨਤਕ ਕਰਕੇ ਦੇਸ਼ ਦੀ ਸੁਰੱਖਿਆ (Securiy) ਲਈ ਖਤਰਾ ਪੈਦਾ ਕਰ ਦਿੱਤਾ। ਪਾਕਿਸਤਾਨ ਦੀ ਜਾਂਚ ਏਜੰਸੀ ਦਾ ਦਾਅਵਾ ਹੈ ਕਿ ਇਮਰਾਨ ਖਾਨ ਨੇ ਸਰਕਾਰ ਨੂੰ ਸਬੰਧਤ ਕੂਟਨੀਤਕ ਦਸਤਾਵੇਜ਼ ਵਾਪਸ ਨਹੀਂ ਕੀਤੇ।
ਸਪੈਸ਼ਲ ਕੋਰਟ ਨੇ ਇਮਰਾਨ ਕੇਸ ਦੀ ਸੁਣਵਾਈ ਕੀਤੀ
ਸਪੈਸ਼ਲ ਕੋਰਟ (ਆਫਿਸ਼ਿਅਲ ਸੀਕਰੇਟ ਐਕਟ) ਨੇ ਪਿਛਲੇ ਹਫਤੇ ਹੀ ਸਾਈਫਰ ਕੇਸ ਦੀ ਸੁਣਵਾਈ ਨਵੇਂ ਤਰੀਕੇ ਨਾਲ ਸ਼ੁਰੂ ਕਰ ਦਿੱਤੀ ਸੀ। ਇਮਰਾਨ ਖਾਨ ਅਤੇ ਮਹਿਮੂਦ ਕੁਰੈਸ਼ੀ ਦੇ ਮਾਮਲੇ ‘ਚ 13 ਦਸੰਬਰ ਨੂੰ ਮੁੜ ਅਦਾਲਤ (Court) ‘ਚ ਪੇਸ਼ ਹੋਣ ਤੋਂ ਬਾਅਦ ਅਦਿਆਲਾ ਜੇਲ ‘ਚ ਸੁਣਵਾਈ ਹੋਈ, ਜਿੱਥੇ ਇਮਰਾਨ ਖਾਨ ਬੰਦ ਹਨ। ਦੋਵਾਂ ਆਗੂਆਂ ਨੂੰ ਪਹਿਲਾਂ 23 ਅਕਤੂਬਰ ਨੂੰ ਇਸ ਕੇਸ ਵਿੱਚ ਸ਼ਾਮਲ ਕੀਤਾ ਗਿਆ ਸੀ। ਦੋਵਾਂ ਨੇ ਅਦਾਲਤ ਸਾਹਮਣੇ ਦੋਸ਼ਾਂ ਨੂੰ ਕਬੂਲ ਨਹੀਂ ਕੀਤਾ। ਮੁਕੱਦਮੇ ਦੀ ਸੁਣਵਾਈ ਅਦਿਆਲਾ ਜੇਲ੍ਹ ਵਿੱਚ ਚੱਲ ਰਹੀ ਸੀ ਅਤੇ ਚਾਰ ਗਵਾਹਾਂ ਨੇ ਆਪਣੇ ਬਿਆਨ ਵੀ ਦਰਜ ਕਰਵਾਏ ਸਨ ਪਰ ਇਸਲਾਮਾਬਾਦ ਹਾਈ ਕੋਰਟ ਨੇ ਕਿਸੇ ਕਾਰਨ ਮੁਕੱਦਮੇ ਨੂੰ ਖਾਰਜ ਕਰ ਦਿੱਤਾ ਸੀ।
ਇਮਰਾਨ ਖਾਨ ਚੋਣ ਲੜਨਗੇ ਜਾਂ ਨਹੀਂ?
ਪਾਕਿਸਤਾਨ ‘ਚ ਅਗਲੇ ਸਾਲ 8 ਫਰਵਰੀ ਨੂੰ ਆਮ ਚੋਣਾਂ ਹੋਣੀਆਂ ਹਨ ਅਤੇ ਇਮਰਾਨ ਖਾਨ ਦੇ ਚੋਣ ਲੜਨਗੇ ਜਾਂ ਨਹੀਂ ਇਹ ਸਵਾਲ ਬਣਿਆ ਹੋਇਆ ਹੈ। ਸਾਬਕਾ ਪ੍ਰਧਾਨ ਮੰਤਰੀ ਖਿਲਾਫ ਦਰਜਨਾਂ ਮਾਮਲੇ ਪੈਂਡਿੰਗ ਹਨ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਜ਼ਮਾਨਤ ਮਿਲਣ ਤੋਂ ਬਾਅਦ ਇਮਰਾਨ ਜੇਲ੍ਹ ਤੋਂ ਬਾਹਰ ਆ ਜਾਣਗੇ ਜਾਂ ਨਹੀਂ। ਸਥਾਨਕ ਮੀਡੀਆ ਸੰਗਠਨ ਡਾਊਨ ਨੇ ਖ਼ਬਰ ਲਿਖੇ ਜਾਣ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਜੇਕਰ ਉਹ ਚੋਣਾਂ ਵਿੱਚ ਜੇਲ੍ਹ ਤੋਂ ਬਾਹਰ ਆ ਜਾਂਦੇ ਹਨ ਤਾਂ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਲਈ ਇਹ ਕਿਸੇ ਈਦ ਤੋਂ ਘੱਟ ਨਹੀਂ ਹੋਵੇਗੀ।