ਨੇਪਾਲ ‘ਚ ‘ਬਾਲੇਨ ਰਾਜ’ ਦਾ ਆਗਾਜ਼, ਦੇਸ਼ ਦੇ ਬਣੇ 47ਵੇਂ ਪ੍ਰਧਾਨ ਮੰਤਰੀ; PM ਮੋਦੀ ਨੇ ਦਿੱਤੀ ਵਧਾਈ

Updated On: 

27 Mar 2026 20:09 PM IST

ਨੇਪਾਲ ਵਿੱਚ 'ਜੇਨ ਜੀ' (Gen Z) ਦੇ ਇਨਕਲਾਬ ਅਤੇ ਓਲੀ ਸਰਕਾਰ ਦੇ ਤਖਤਾਪਲਟ ਤੋਂ ਬਾਅਦ ਹੁਣ ਨਵੀਂ ਚੁਣੀ ਗਈ ਸਰਕਾਰ ਹੋਂਦ ਵਿੱਚ ਆ ਗਈ ਹੈ। ਦੇਸ਼ ਵਿੱਚ ਪ੍ਰਸਿੱਧ ਆਗੂ ਬਾਲੇਂਦਰ ਸ਼ਾਹ, ਜੋ ਕਿ 'ਬਾਲੇਨ' ਦੇ ਨਾਂ ਨਾਲ ਜਾਣੇ ਜਾਂਦੇ ਹਨ, ਨੇ ਅੱਜ ਸ਼ੁੱਕਰਵਾਰ ਨੂੰ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ।

ਨੇਪਾਲ ਚ ਬਾਲੇਨ ਰਾਜ ਦਾ ਆਗਾਜ਼, ਦੇਸ਼ ਦੇ ਬਣੇ 47ਵੇਂ ਪ੍ਰਧਾਨ ਮੰਤਰੀ; PM ਮੋਦੀ ਨੇ ਦਿੱਤੀ ਵਧਾਈ

ਬਾਲੇਨ ਸ਼ਾਹ ਨੇ ਸੰਭਾਲੀ ਨੇਪਾਲ ਦੀ ਕਮਾਨ, 47ਵੇਂ PM ਵਜੋਂ ਮੋਦੀ ਨੇ ਦਿੱਤੀ ਵਧਾਈ

ਨੇਪਾਲ ਵਿੱਚ ‘ਜੇਨ ਜੀ’ (Gen Z) ਦੇ ਇਨਕਲਾਬ ਅਤੇ ਓਲੀ ਸਰਕਾਰ ਦੇ ਤਖਤਾਪਲਟ ਤੋਂ ਬਾਅਦ ਹੁਣ ਨਵੀਂ ਚੁਣੀ ਗਈ ਸਰਕਾਰ ਹੋਂਦ ਵਿੱਚ ਆ ਗਈ ਹੈ। ਦੇਸ਼ ਵਿੱਚ ਪ੍ਰਸਿੱਧ ਆਗੂ ਬਾਲੇਂਦਰ ਸ਼ਾਹ, ਜੋ ਕਿ ‘ਬਾਲੇਨ’ ਦੇ ਨਾਂ ਨਾਲ ਜਾਣੇ ਜਾਂਦੇ ਹਨ, ਨੇ ਅੱਜ ਸ਼ੁੱਕਰਵਾਰ ਨੂੰ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਦੇ ਨਾਲ ਹੀ ਬਾਲੇਨ ਇਸ ਹਿਮਾਲੀਅਨ ਦੇਸ਼ ਵਿੱਚ ਸਭ ਤੋਂ ਉੱਚੇ ਕਾਰਜਕਾਰੀ ਅਹੁਦੇ ‘ਤੇ ਬਿਰਾਜਮਾਨ ਹੋਣ ਵਾਲੇ ਸਭ ਤੋਂ ਘੱਟ ਉਮਰ ਦੇ ਚੁਣੇ ਹੋਏ ਨੇਤਾ ਬਣ ਗਏ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਹ ਨੂੰ ਇਸ ਇਤਿਹਾਸਕ ਜਿੱਤ ‘ਤੇ ਵਧਾਈ ਦਿੱਤੀ ਹੈ ਅਤੇ ਨੇਪਾਲ ਨਾਲ ਸਬੰਧਾਂ ਨੂੰ ਹੋਰ ਬਿਹਤਰ ਬਣਾਉਣ ਦਾ ਭਰੋਸਾ ਦਿੱਤਾ ਹੈ।

ਸੂਤਰਾਂ ਅਨੁਸਾਰ, ਬਾਲੇਨ ਸੰਭਵ ਤੌਰ ‘ਤੇ ਆਪਣੀ ਇੱਕ ਛੋਟੀ ਕੈਬਨਿਟ ਦਾ ਗਠਨ ਕਰਨਗੇ, ਜਿਸ ਵਿੱਚ ਮੰਤਰੀਆਂ ਦੀ ਗਿਣਤੀ 15 ਤੋਂ 18 ਦੇ ਵਿਚਕਾਰ ਹੋ ਸਕਦੀ ਹੈ। ਉਹ ਦੇਸ਼ ਦੇ 47ਵੇਂ ਪ੍ਰਧਾਨ ਮੰਤਰੀ ਬਣੇ ਹਨ। ਉਨ੍ਹਾਂ ਨੇ ਦੁਪਹਿਰ 12 ਵੱਜ ਕੇ 34 ਮਿੰਟ ਦੇ ਸ਼ੁਭ ਮਹੂਰਤ ‘ਤੇ ਅਹੁਦੇ ਦੀ ਸਹੁੰ ਚੁੱਕੀ।

ਪੀਐਮ ਮੋਦੀ ਨੇ ਬਾਲੇਨ ਸ਼ਾਹ ਨੂੰ ਦਿੱਤੀ ਵਧਾਈ

ਬਾਲੇਨ ਦੇ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ‘ਤੇ ਪੀਐਮ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਭੇਜੀਆਂ ਹਨ। ਆਪਣੇ ਵਧਾਈ ਸੰਦੇਸ਼ ਵਿੱਚ ਪੀਐਮ ਮੋਦੀ ਨੇ ਕਿਹਾ, “ਬਾਲੇਂਦਰ ਸ਼ਾਹ ਨੂੰ ਹਾਰਦਿਕ ਵਧਾਈ। ਤੁਹਾਡੀ ਨਿਯੁਕਤੀ ਨੇਪਾਲ ਦੀ ਜਨਤਾ ਵੱਲੋਂ ਤੁਹਾਡੀ ਅਗਵਾਈ ਵਿੱਚ ਪ੍ਰਗਟਾਏ ਗਏ ਵਿਸ਼ਵਾਸ ਨੂੰ ਦਰਸਾਉਂਦੀ ਹੈ। ਮੈਂ ਭਾਰਤ ਅਤੇ ਨੇਪਾਲ ਦੀ ਦੋਸਤੀ ਅਤੇ ਸਹਿਯੋਗ ਨੂੰ, ਸਾਡੇ ਦੋਵਾਂ ਦੇਸ਼ਾਂ ਦੀ ਜਨਤਾ ਦੇ ਆਪਸੀ ਲਾਭ ਲਈ, ਹੋਰ ਵੀ ਉਚਾਈਆਂ ‘ਤੇ ਲੈ ਜਾਣ ਵਾਸਤੇ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ।”

ਮਧੇਸ਼ ਖੇਤਰ ਤੋਂ ਦੇਸ਼ ਨੂੰ ਮਿਲਿਆ ਪਹਿਲਾ ਪ੍ਰਧਾਨ ਮੰਤਰੀ

ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਸੂਚਨਾ ਅਨੁਸਾਰ, ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਰਾਸ਼ਟਰੀ ਸੁਤੰਤਰ ਪਾਰਟੀ (RSP) ਦੇ ਸੰਸਦੀ ਦਲ ਦੇ ਨੇਤਾ ਬਾਲੇਨ ਸ਼ਾਹ ਨੂੰ ਸੰਵਿਧਾਨ ਦੀ ਧਾਰਾ 76 (1) ਤਹਿਤ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਰੈਪਰ ਤੋਂ ਸਿਆਸਤਦਾਨ ਬਣੇ 35 ਸਾਲਾ ਬਾਲੇਨ ਸ਼ਾਹ ਮਧੇਸ਼ ਖੇਤਰ (Madhes Region) ਤੋਂ ਪ੍ਰਧਾਨ ਮੰਤਰੀ ਬਣਨ ਵਾਲੇ ਦੇਸ਼ ਦੇ ਪਹਿਲੇ ਆਗੂ ਵੀ ਬਣ ਗਏ ਹਨ।

ਇਸ ਤੋਂ ਪਹਿਲਾਂ ਰਾਸ਼ਟਰਪਤੀ ਦੇ ਪ੍ਰੈੱਸ ਸਲਾਹਕਾਰ ਕਿਰਨ ਪੋਖਰੈਲ ਨੇ ਦੱਸਿਆ ਸੀ ਕਿ ਰਾਸ਼ਟਰਪਤੀ ਪੌਡੇਲ ਨਵ-ਨਿਯੁਕਤ ਪ੍ਰਧਾਨ ਮੰਤਰੀ ਨੂੰ ਦੁਪਹਿਰ 12:34 ਵਜੇ ਰਾਸ਼ਟਰਪਤੀ ਭਵਨ ‘ਸ਼ੀਤਲ ਨਿਵਾਸ’ ਵਿੱਚ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਉਣਗੇ। ਬਾਲੇਨ ਦੇ ਸਹੁੰ ਚੁੱਕ ਸਮਾਗਮ ਵਿੱਚ ਹਿੰਦੂ ਅਤੇ ਬੌਧ ਧਾਰਮਿਕ ਪਰੰਪਰਾਵਾਂ ਦਾ ਇੱਕ ਅਨੋਖਾ ਸੰਗਮ ਦੇਖਣ ਨੂੰ ਮਿਲਿਆ।

ਸਹੁੰ ਚੁੱਕ ਸਮਾਗਮ ਦੌਰਾਨ ਸ਼ਾਨਦਾਰ ਧਾਰਮਿਕ ਰਸਮਾਂ

ਬਾਲੇਨ ਦੇ ਸੂਤਰਾਂ ਨੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਬਾਰੇ ਦੱਸਿਆ ਕਿ ਇਸ ਸਮਾਰੋਹ ਵਿੱਚ ਵੱਡੇ ਪੱਧਰ ‘ਤੇ ਸ਼ਾਨਦਾਰ ਧਾਰਮਿਕ ਰਸਮਾਂ ਨਿਭਾਈਆਂ ਗਈਆਂ। ਇਨ੍ਹਾਂ ਵਿੱਚ 7 ਬ੍ਰਾਹਮਣਾਂ ਵੱਲੋਂ ਸ਼ੰਖਨਾਦ, 108 ਨੌਜਵਾਨ ਬ੍ਰਾਹਮਣਾਂ ਵੱਲੋਂ ਵੈਦਿਕ ਮੰਤਰਾਂ ਜਾਂ ‘ਸਵਸਤੀ ਵਾਚਨ’ ਦਾ ਪਾਠ ਅਤੇ 107 ਲਾਮਿਆਂ ਵੱਲੋਂ ‘ਮੰਗਲ ਵਾਚਨ’ (ਬੌਧ ਧਰਮ ਗ੍ਰੰਥਾਂ ਦਾ ਪਾਠ) ਸ਼ਾਮਲ ਸੀ।

ਪਿਛਲੇ ਸਾਲ ਹੋਏ ਹਿੰਸਕ ‘Gen Z’ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਨੇਪਾਲ ਵਿੱਚ ਹੋਈਆਂ ਪਹਿਲੀਆਂ ਆਮ ਚੋਣਾਂ ਵਿੱਚ ਰਵਾਇਤੀ ਪਾਰਟੀਆਂ ਨੂੰ ਪਛਾੜਦਿਆਂ ਬਾਲੇਨ ਸ਼ਾਹ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੇਸ਼ ਵਿੱਚ ਅਗਲੀ ਸਰਕਾਰ ਬਣਾਉਣ ਲਈ ਨੇਪਾਲੀ ਜਨਤਾ ਨੇ ਕਾਠਮੰਡੂ ਦੇ ਸਾਬਕਾ ਮੇਅਰ ਅਤੇ ਰਾਜਨੀਤੀ ਵਿੱਚ ਨਵੇਂ ਚਿਹਰੇ ਬਾਲੇਂਦਰ ਸ਼ਾਹ ਅਤੇ ਉਨ੍ਹਾਂ ਦੀ ਪਾਰਟੀ RSP ਨੂੰ ਚੁਣਿਆ ਹੈ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੌਰਾਨ ਪੀੜ੍ਹੀਗਤ ਬਦਲਾਅ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੀ ਮੰਗ ਕੀਤੀ ਗਈ ਸੀ।

4 ਵਾਰ ਦੇ ਪ੍ਰਧਾਨ ਮੰਤਰੀ ਓਲੀ ਨੂੰ ਵੱਡੇ ਫਰਕ ਨਾਲ ਹਰਾਇਆ

ਰਾਸ਼ਟਰੀ ਸੁਤੰਤਰ ਪਾਰਟੀ, ਜਿਸ ਨੇ ਬਾਲੇਨ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕੀਤਾ ਸੀ, ਨੇ ਪ੍ਰਤੀਨਿਧੀ ਸਭਾ (HoR) ਦੀਆਂ ਕੁੱਲ 275 ਸੀਟਾਂ ਵਿੱਚੋਂ 182 ਸੀਟਾਂ ਜਿੱਤ ਕੇ ਹੂੰਝਾਫੇਰ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਪਾਰਟੀ ਸੰਵਿਧਾਨ ਦੀ ਧਾਰਾ 76 (1) ਤਹਿਤ ਬਹੁਮਤ ਵਾਲੀ ਸਰਕਾਰ ਬਣਾਉਣ ਦੀ ਹੱਕਦਾਰ ਬਣ ਗਈ ਹੈ। ਪ੍ਰਤੀਨਿਧੀ ਸਭਾ ਦੇ 275 ਮੈਂਬਰਾਂ ਵਿੱਚੋਂ 165 ਮੈਂਬਰ ਸਿੱਧੇ ਵੋਟਿੰਗ ਰਾਹੀਂ ਅਤੇ 110 ਮੈਂਬਰ ਅਨੁਪਾਤਕ ਵੋਟਿੰਗ ਰਾਹੀਂ ਚੁਣੇ ਜਾਂਦੇ ਹਨ। ਕੱਲ੍ਹ ਵੀਰਵਾਰ ਨੂੰ ਸੰਸਦ ਦੇ ਸਾਰੇ ਨਵੇਂ ਚੁਣੇ ਗਏ ਮੈਂਬਰਾਂ ਨੇ ਸਹੁੰ ਚੁੱਕੀ ਸੀ।

Follow Us