ਐਪਸਟੀਨ ਫਾਈਲਸ ‘ਚ ਟਰੰਪ ‘ਤੇ ਜਬਰ-ਜਨਾਹ ਦਾ ਦੋਸ਼, ਜਾਣੋ ਹੋਰ ਕਿਹੜੇ ਖੁਲਾਸੇ?
ਮੰਗਲਵਾਰ ਰਾਤ ਨੂੰ ਅਮਰੀਕੀ ਨਿਆਂ ਵਿਭਾਗ ਨੇ ਯੌਨ ਅਪਰਾਧੀ ਜੈਫਰੀ ਐਪਸਟੀਨ ਨਾਲ ਸਬੰਧਤ ਲਗਭਗ 30,000 ਪੰਨਿਆਂ ਦੇ ਨਵੇਂ ਦਸਤਾਵੇਜ਼ ਜਾਰੀ ਕੀਤੇ। ਇਨ੍ਹਾਂ ਨਵੀਆਂ ਫਾਈਲਾਂ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਬਲਾਤਕਾਰ ਦੇ ਦੋਸ਼ ਹਨ। ਆਓ ਜਾਣਦੇ ਹਾਂ ਕਿ ਹੋਰ ਕਿਹੜੇ ਨਵੇਂ ਖੁਲਾਸੇ ਹੋਏ ਹਨ।
ਐਪਸਟੀਨ ਫਾਈਲਸ 'ਚ ਟਰੰਪ 'ਤੇ ਜਬਰ-ਜਨਾਹ ਦਾ ਦੋਸ਼
ਅਮਰੀਕਾ ਦੇ ਬਦਨਾਮ ਯੌਨ ਅਪਰਾਧੀ ਜੈਫਰੀ ਐਪਸਟੀਨ ਨਾਲ ਸਬੰਧਤ ਮਾਮਲੇ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਾਮ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਅਮਰੀਕੀ ਨਿਆਂ ਵਿਭਾਗ (DOJ) ਨੇ ਮੰਗਲਵਾਰ ਰਾਤ ਨੂੰ ਇਸ ਕੇਸ ਨਾਲ ਸਬੰਧਤ ਲਗਭਗ 30,000 ਪੰਨਿਆਂ ਦੇ ਨਵੇਂ ਦਸਤਾਵੇਜ਼ ਜਾਰੀ ਕੀਤੇ। ਇਨ੍ਹਾਂ ਫਾਈਲਾਂ ‘ਚ ਟਰੰਪ ਤੇ ਐਪਸਟrਨ ਦੇ ਪੁਰਾਣੇ ਜਾਣਕਾਰਾਂ, ਨਿੱਜੀ ਯਾਤਰਾਵਾਂ ਤੇ ਕੁੱਝ ਗੰਭੀਰ ਪਰ ਅਪ੍ਰਮਾਣਿਤ ਦੋਸ਼ਾਂ ਦਾ ਵੇਰਵਾ ਹੈ।
ਨਵੇਂ ਜਾਰੀ ਕੀਤੇ ਗਏ ਪੰਨਿਆਂ ‘ਚ ਟਰੰਪ ਵਿਰੁੱਧ ਜਬਰ-ਜਨਾਹ ਦੇ ਦੋਸ਼ ਵੀ ਸ਼ਾਮਲ ਹਨ। ਹਾਲਾਂਕਿ, ਨਿਆਂ ਵਿਭਾਗ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਟਰੰਪ ਵਿਰੁੱਧ ਬਲਾਤਕਾਰ ਦੇ ਦੋਸ਼ ਬਿਨਾਂ ਸਬੂਤਾਂ ਦੇ ਹਨ ਤੇ ਉਨ੍ਹਾਂ ਨੂੰ ਸੱਚ ਨਹੀਂ ਮੰਨਿਆ ਜਾਣਾ ਚਾਹੀਦਾ। ਆਓ ਜਾਣਦੇ ਹਾਂ ਕਿ ਇਨ੍ਹਾਂ ਫਾਈਲਾਂ ‘ਚ ਟਰੰਪ ਬਾਰੇ ਹੋਰ ਕਿਹੜੇ ਨਵੇਂ ਖੁਲਾਸੇ ਕੀਤੇ ਗਏ ਹਨ।
ਟਰੰਪ ਦੀਆਂ ਐਪਸਟੀਨ ਦੇ ਨਿੱਜੀ ਜੈੱਟ ‘ਤੇ ਯਾਤਰਾਵਾਂ
ਡੋਨਾਲਡ ਟਰੰਪ ਨੇ ਪਹਿਲਾਂ ਜਨਤਕ ਤੌਰ ‘ਤੇ ਕਹਿ ਚੁੱਕੇ ਹਨ ਕਿ ਉਨ੍ਹਾਂ ਨੇ ਕਦੇ ਵੀ ਐਪਸਟੀਨ ਦੇ ਜਹਾਜ਼ ‘ਤੇ ਯਾਤਰਾ ਨਹੀਂ ਕੀਤੀ। ਹਾਲਾਂਕਿ, ਨਵੇਂ ਫਲਾਈਟ ਲੌਗਸ ਸਿੱਧੇ ਤੌਰ ‘ਤੇ ਇਨ੍ਹਾਂ ਦਾਅਵਿਆਂ ਦਾ ਖੰਡਨ ਕਰਦੇ ਹਨ। ਫਾਈਲਾਂ ‘ਚ ਸ਼ਾਮਲ ਜਨਵਰੀ 2020 ਦੀ ਈਮੇਲ ਦੇ ਅਨੁਸਾਰ, ਡੋਨਾਲਡ ਟਰੰਪ ਨੇ 1993 ਤੇ 1996 ਦੇ ਵਿਚਕਾਰ ਘੱਟੋ-ਘੱਟ ਅੱਠ ਵਾਰ ਐਪਸਟੀਨ ਦੇ ਨਿੱਜੀ ਜੈੱਟ ‘ਤੇ ਯਾਤਰਾ ਕੀਤੀ। ਰਿਕਾਰਡਾਂ ‘ਚ ਇਹ ਵੀ ਦੱਸਿਆ ਗਿਆ ਹੈ ਕਿ ਟਰੰਪ ਦੀ ਉਸ ਸਮੇਂ ਦੀ ਪਤਨੀ, ਮਾਰਲਾ ਮੈਪਲਸ ਤੇ ਉਨ੍ਹਾਂ ਦੇ ਬੱਚੇ ਕੁੱਝ ਯਾਤਰਾਵਾਂ ‘ਤੇ ਉਨ੍ਹਾਂ ਦੇ ਨਾਲ ਸਨ। ਹਾਲਾਂਕਿ, ਇਹ ਦਸਤਾਵੇਜ਼ ਟਰੰਪ ‘ਤੇ ਕਿਸੇ ਅਪਰਾਧ ਦਾ ਦੋਸ਼ ਨਹੀਂ ਲਗਾਉਂਦੇ ਹਨ।
ਟਰੰਪ ਨੂੰ ਰਹੱਸਮਈ ਔਰਤ ਨਾਲ ਦੇਖਿਆ ਗਿਆ
ਰਿਕਾਰਡ ਦਰਸਾਉਂਦੇ ਹਨ ਕਿ ਇਨ੍ਹਾਂ ‘ਚੋਂ ਘੱਟੋ-ਘੱਟ ਚਾਰ ਉਡਾਣਾਂ ‘ਤੇ, ਐਪਸਟੀਨ ਦੀ ਨਜ਼ਦੀਕੀ ਸਹਿਯੋਗੀ, ਗਿਸਲੀਨ ਮੈਕਸਵੈੱਲ ਵੀ ਮੌਜੂਦ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਸੈਕਸ ਟ੍ਰੈਫ਼ਿਕਿੰਗ ਦਾ ਦੋਸ਼ੀ ਠਹਿਰਾਇਆ ਗਿਆ ਸੀ। 1993 ਦੀ ਇੱਕ ਉਡਾਣ ‘ਚ ਸਿਰਫ਼ ਐਪਸਟੀਨ, ਟਰੰਪ ਤੇ ਇੱਕ 20 ਸਾਲਾ ਔਰਤ ਸਵਾਰ ਸੀ, ਜਿਸਦੀ ਪਛਾਣ ਗੁਪਤ ਰੱਖੀ ਗਈ ਹੈ। ਹੋਰ ਉਡਾਣਾਂ ‘ਚ ਉਹ ਔਰਤਾਂ ਵੀ ਸਵਾਰ ਸਨ ਜਿਨ੍ਹਾਂ ਨੂੰ ਬਾਅਦ ‘ਚ ਮੈਕਸਵੈੱਲ ਕੇਸ ‘ਚ ਸੰਭਾਵੀ ਗਵਾਹਾਂ ਵਜੋਂ ਦੱਸਿਆ ਗਿਆ ਸੀ।
ਐਫਬੀਆਈ ਫਾਈਲ ‘ਚ ਬਲਾਤਕਾਰ ਦਾ ਦੋਸ਼ (ਅਪ੍ਰਮਾਣਿਤ)
ਸਭ ਤੋਂ ਵਿਵਾਦਪੂਰਨ ਖੁਲਾਸੇ ‘ਚੋਂ ਇੱਕ ਅਕਤੂਬਰ 2020 ਦੀ ਇੱਕ ਐਫਬੀਆਈ ਫਾਈਲ ਸ਼ਾਮਲ ਹੈ, ਜਿਸ ‘ਚ ਇੱਕ ਔਰਤ ਦਾਅਵਾ ਕਰਦੀ ਹੈ ਕਿ ਡੋਨਾਲਡ ਟਰੰਪ ਤੇ ਜੈਫਰੀ ਐਪਸਟੀਨ ਦੋਵਾਂ ਨੇ ਉਸ ਨਾਲ ਬਲਾਤਕਾਰ ਕੀਤਾ। ਫਾਈਲਾਂ ‘ਚ ਇੱਕ ਲਿਮੋਜ਼ਿਨ ਡਰਾਈਵਰ ਦੇ ਇੱਕ ਬਿਆਨ ਦਾ ਵੀ ਜ਼ਿਕਰ ਹੈ ਜਿਸ ਨੇ 1995 ਦੀ ਇੱਕ ਫੋਨ ਕਾਲ ਸੁਣੀ ਸੀ, ਜਿਸ ‘ਚ ਟਰੰਪ ਨੇ ਕਥਿਤ ਤੌਰ ‘ਤੇ ਇੱਕ ਕੁੜੀ ਨਾਲ ਬਦਸਲੂਕੀ ਕਰਨ ਬਾਰੇ ਚਰਚਾ ਕੀਤੀ ਸੀ। ਹਾਲਾਂਕਿ, ਐਫਬੀਆਈ ਰਿਕਾਰਡ ਇਹ ਸਪੱਸ਼ਟ ਨਹੀਂ ਕਰਦੇ ਹਨ ਕਿ ਕੀ ਇਨ੍ਹਾਂ ਦੋਸ਼ਾਂ ਦੀ ਅਧਿਕਾਰਤ ਤੌਰ ‘ਤੇ ਜਾਂਚ ਕੀਤੀ ਗਈ ਸੀ। ਇਹ ਦੱਸਿਆ ਜਾਂਦਾ ਹੈ ਕਿ ਦੋਸ਼ ਲਗਾਉਣ ਵਾਲੀ ਔਰਤ ਦੀ ਬਾਅਦ ‘ਚ ਸ਼ੱਕੀ ਹਾਲਾਤਾਂ ‘ਚ ਗੋਲੀ ਲੱਗਣ ਨਾਲ ਮੌਤ ਹੋ ਗਈ।
ਇਹ ਵੀ ਪੜ੍ਹੋ
ਹੱਥ ਲਿਖਤ ਪੱਤਰ ਤੇ ਵਿਵਾਦ
ਫਾਈਲਾਂ ‘ਚ ਐਪਸਟੀਨ ਦਾ ਇੱਕ ਕਥਿਤ ਹੱਥ ਲਿਖਤ ਪੱਤਰ ਵੀ ਸ਼ਾਮਲ ਹੈ ਜਿਸ ‘ਚ ਰਾਸ਼ਟਰਪਤੀ ਬਾਰੇ ਅਪਮਾਨਜਨਕ ਟਿੱਪਣੀਆਂ ਹਨ। ਇਸ ਪੱਤਰ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਤੇ ਡੀਓਜੇ ਨੇ ਇਸ ਦੀ ਪ੍ਰਮਾਣਿਕਤਾ ‘ਤੇ ਸਵਾਲ ਉਠਾਏ ਹਨ। ਨਿਆਂ ਵਿਭਾਗ ਨੇ ਦੁਹਰਾਇਆ ਹੈ ਕਿ ਟਰੰਪ ‘ਤੇ ਐਪਸਟੀਨ ਮਾਮਲੇ ‘ਚ ਕੋਈ ਅਪਰਾਧਿਕ ਦੋਸ਼ ਨਹੀਂ ਹਨ ਤੇ 2020 ਦੀਆਂ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਦਸਤਾਵੇਜ਼ ਬਿਨਾਂ ਜਾਂਚ ਦੇ ਜਮ੍ਹਾ ਕੀਤੇ ਗਏ ਸਨ।
