ਭਾਰਤੀ ਕੰਪਨੀ ‘ਤੇ ਈਰਾਨ ਦੀ ਮਦਦ ਕਰਨ ਦਾ ਆਰੋਪ, ਅਮਰੀਕਾ ਨੇ ਲਿਆ ਐਕਸ਼ਨ, ਲਗਾਈ ਪਾਬੰਦੀ
India company: ਅਮਰੀਕਾ ਨੇ ਈਰਾਨ ਦੀ ਏਅਰਲਾਈਨ ਮਹਾਨ ਏਅਰ ਨੂੰ ਸਮਰਥਨ ਦੇਣ ਦੇ ਦੋਸ਼ ਹੇਠ ਭਾਰਤ ਦੀ ਇੱਕ ਕੰਪਨੀ ਸਮੇਤ 6 ਸੰਸਥਾਵਾਂ ਅਤੇ ਵਿਅਕਤੀਆਂ 'ਤੇ ਪਾਬੰਦੀਆਂ ਲਗਾਈਆਂ ਹਨ। ਅਮਰੀਕਾ ਵੱਲੋਂ ਜਿਸ ਭਾਰਤੀ ਕੰਪਨੀ 'ਤੇ ਪਾਬੰਦੀ ਲਗਾਈ ਗਈ ਹੈ, ਉਹ ਮਹਾਨ ਏਅਰ ਲਈ ਜਨਰਲ ਸੇਲਜ਼ ਏਜੰਟ (General Sales Agent) ਵਜੋਂ ਕੰਮ ਕਰ ਰਹੀ ਸੀ।
US ਦਾ ਐਕਸ਼ਨ, ਭਾਰਤੀ ਕੰਪਨੀ 'ਤੇ ਲਗਾਇਆ ਬੈਨ
ਈਰਾਨ ਦੀ ਏਅਰਲਾਈਨ ਮਹਾਨ ਏਅਰ ਨੂੰ ਸਮਰਥਨ ਦੇਣ ਦੇ ਆਰੋਪ ਹੇਠ ਅਮਰੀਕਾ ਨੇ ਭਾਰਤ ਦੀ ਇੱਕ ਕੰਪਨੀ ਸਮੇਤ 6 ਸੰਸਥਾਵਾਂ ਅਤੇ ਵਿਅਕਤੀਆਂ ‘ਤੇ ਪਾਬੰਦੀਆਂ ਲਗਾਈਆਂ ਹਨ। ਅਮਰੀਕੀ ਵਿੱਤ ਮੰਤਰਾਲੇ ਦਾ ਆਰੋਪ ਹੈ ਕਿ ਇਨ੍ਹਾਂ ਸੰਸਥਾਵਾਂ ਨੇ ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ (IRGC) ਨੂੰ ਵਿੱਤੀ, ਲੌਜਿਸਟਿਕ ਅਤੇ ਵਪਾਰਕ ਸਹਾਇਤਾ ਮੁਹੱਈਆ ਕਰਵਾਈ। ਅਮਰੀਕਾ ਦਾ ਕਹਿਣਾ ਹੈ ਕਿ ਇਸ ਨਾਲ ਇੱਕ ਅੱਤਵਾਦੀ ਸੰਗਠਨ ਨੂੰ ਮਦਦ ਮਿਲੀ ਹੈ।
ਅਮਰੀਕੀ ਟ੍ਰੇਜ਼ਰੀ ਵਿਭਾਗ ਨੇ ਵੀਰਵਾਰ, 31 ਜੁਲਾਈ ਨੂੰ ਜਿਨ੍ਹਾਂ ਸੰਸਥਾਵਾਂ ‘ਤੇ ਕਾਰਵਾਈ ਕੀਤੀ, ਉਨ੍ਹਾਂ ਵਿੱਚ ਭਾਰਤ ਦੀ ਸਕਾਈਜ਼ ਟ੍ਰੈਵਲਜ਼ ਐਂਡ ਲੌਜਿਸਟਿਕਸ ਪ੍ਰਾਈਵੇਟ ਲਿਮਿਟੇਡ ਵੀ ਸ਼ਾਮਲ ਹੈ। ਇਸ ਕੰਪਨੀ ਦੇ ਦਫ਼ਤਰ ਸ਼੍ਰੀਨਗਰ ਅਤੇ ਨਵੀਂ ਦਿੱਲੀ ਵਿੱਚ ਸਥਿਤ ਹਨ। ਟ੍ਰੇਜ਼ਰੀ ਵਿਭਾਗ ਦੇ ਅਨੁਸਾਰ, ਇਹ ਕੰਪਨੀ ਮਹਾਨ ਏਅਰ ਲਈ ਜਨਰਲ ਸੇਲਜ਼ ਏਜੰਟ (General Sales Agent) ਵਜੋਂ ਕੰਮ ਕਰ ਰਹੀ ਸੀ।
ਅਮਰੀਕੀ ਟ੍ਰੇਜ਼ਰੀ ਸਕੱਤਰ ਨੇ ਕੀ ਕਿਹਾ?
ਅਮਰੀਕੀ ਟ੍ਰੇਜ਼ਰੀ ਸਕੱਤਰ ਸਕਾਟ ਬੈਸੈਂਟ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜੋ ਵੀ ਵਿਅਕਤੀ ਜਾਂ ਸੰਸਥਾ IRGC ਜਾਂ ਮਹਾਨ ਏਅਰ ਨੂੰ ਵਿੱਤੀ ਸੇਵਾਵਾਂ, ਲੌਜਿਸਟਿਕਸ ਜਾਂ ਵਪਾਰਕ ਸਹਿਯੋਗ ਪ੍ਰਦਾਨ ਕਰਦੀ ਹੈ, ਉਹ ਇੱਕ ਅੱਤਵਾਦੀ ਸੰਗਠਨ ਦੀ ਮਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਸਰਕਾਰ ਅਜਿਹੀਆਂ ਸੰਸਥਾਵਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਬੇਨਕਾਬ ਕਰਦੀ ਰਹੇਗੀ ਅਤੇ ਉਨ੍ਹਾਂ ਨੂੰ ਅਮਰੀਕੀ ਵਿੱਤੀ ਪ੍ਰਣਾਲੀ ਤੋਂ ਵੱਖ ਕਰਨ ਲਈ ਕਾਰਵਾਈ ਜਾਰੀ ਰੱਖੇਗੀ।
ਭਾਰਤੀ ਕੰਪਨੀ ‘ਤੇ ਕੀ ਆਰੋਪ ਹਨ?
ਅਮਰੀਕੀ ਟ੍ਰੇਜ਼ਰੀ ਵਿਭਾਗ ਦੇ ਅਨੁਸਾਰ, ਸਕਾਈਜ਼ ਟ੍ਰੈਵਲਜ਼ ਨੇ ਸਾਲ 2020 ਤੋਂ ਮਹਾਨ ਏਅਰ ਦੀ ਜਨਰਲ ਸੇਲਜ਼ ਏਜੰਟ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ। ਕੰਪਨੀ ਨੇ ਆਪਣੀ ਵੈੱਬਸਾਈਟ ‘ਤੇ ਵੀ ਇਸ ਦਾ ਜ਼ਿਕਰ ਕੀਤਾ ਹੈ। ਅਮਰੀਕਾ ਦਾ ਆਰੋਪ ਹੈ ਕਿ ਕੰਪਨੀ ਨੇ ਪਾਬੰਦੀਸ਼ੁਦਾ ਈਰਾਨੀ ਏਅਰਲਾਈਨ ਦੇ ਵਪਾਰਕ ਸੰਚਾਲਨ ਨੂੰ ਸਮਰਥਨ ਦਿੱਤਾ।
ਮਹਾਨ ਏਅਰ ‘ਤੇ ਕੀ ਆਰੋਪ ਹਨ?
ਅਮਰੀਕਾ ਦਾ ਕਹਿਣਾ ਹੈ ਕਿ ਮਹਾਨ ਏਅਰ ਆਪਣੇ ਆਪ ਨੂੰ ਇੱਕ ਨਾਗਰਿਕ ਹਵਾਈ ਸੇਵਾ ਕੰਪਨੀ ਵਜੋਂ ਪੇਸ਼ ਕਰਦੀ ਹੈ, ਪਰ ਲੰਬੇ ਸਮੇਂ ਤੋਂ ਇਹ IRGC ਅਤੇ ਇਸ ਦੀ ਕੁਦਸ ਫੋਰਸ ਦੀ ਮਦਦ ਕਰ ਰਹੀ ਹੈ। ਟ੍ਰੇਜ਼ਰੀ ਵਿਭਾਗ ਮੁਤਾਬਕ, ਏਅਰਲਾਈਨ ਨੇ ਕਥਿਤ ਤੌਰ ‘ਤੇ IRGC-ਕੁਦਸ ਫੋਰਸ ਦੇ ਕਰਮਚਾਰੀਆਂ ਦੀ ਯਾਤਰਾ ਦਾ ਪ੍ਰਬੰਧ ਕੀਤਾ, ਫੌਜੀ ਸਿਖਲਾਈ ਗਤੀਵਿਧੀਆਂ ਵਿੱਚ ਸਹਿਯੋਗ ਦਿੱਤਾ ਅਤੇ ਡਰੋਨ (UAV) ਅਤੇ ਹਥਿਆਰਾਂ ਦੀ ਢੁਆਈ ਵਿੱਚ ਮਦਦ ਕੀਤੀ। ਇਨ੍ਹਾਂ ਆਰੋਪਾਂ ਦੇ ਆਧਾਰ ‘ਤੇ ਅਮਰੀਕਾ ਪਹਿਲਾਂ ਵੀ ਮਹਾਨ ਏਅਰ ‘ਤੇ ਕਈ ਪਾਬੰਦੀਆਂ ਲਗਾ ਚੁੱਕਾ ਹੈ।
ਇਹ ਵੀ ਪੜ੍ਹੋ
ਚੀਨ ਅਤੇ ਰੂਸ ਦੀਆਂ ਕੰਪਨੀਆਂ ਵੀ ਨਿਸ਼ਾਨੇ ‘ਤੇ
ਅਮਰੀਕੀ ਪਾਬੰਦੀਆਂ ਦੀ ਸੂਚੀ ਵਿੱਚ ਚੀਨ ਅਤੇ ਰੂਸ ਦੀਆਂ ਕੁਝ ਕੰਪਨੀਆਂ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਚੀਨ ਦੀ ਸ਼ੰਘਾਈ ਵਿਂਗਜ਼ ਇੰਟਰਨੈਸ਼ਨਲ ਲੌਜਿਸਟਿਕ ਕੰਪਨੀ, ਸ਼ੰਘਾਈ ਐਲੀਟ ਇੰਟਰਨੈਸ਼ਨਲ ਟ੍ਰੈਵਲ ਕੰਪਨੀ ਅਤੇ ਰੂਸ ਦੀ ਕਾਰਗੋ ਪ੍ਰਾਈਵੇਟ ਲਿਮਿਟੇਡ ਸ਼ਾਮਲ ਹਨ। ਇਸ ਤੋਂ ਇਲਾਵਾ, ਅਮਰੀਕਾ ਨੇ ਚੀਨ ਦੇ ਨਾਗਰਿਕ ਤਾਂਗ ਜ਼ਾਨ ‘ਤੇ ਵੀ ਪਾਬੰਦੀ ਲਗਾਈ ਹੈ। ਉਹ ਸ਼ੰਘਾਈ ਵਿਂਗਜ਼ ਦੇ ਮੈਨੇਜਿੰਗ ਡਾਇਰੈਕਟਰ ਅਤੇ ਸ਼ੰਘਾਈ ਐਲੀਟ ਦੇ ਐਗਜ਼ਿਕਿਊਟਿਵ ਡਾਇਰੈਕਟਰ ਅਤੇ 50 ਫ਼ੀਸਦੀ ਹਿੱਸੇਦਾਰ ਹਨ।
ਅਮਰੀਕਾ ਨੇ ਡਾਡੇਨੇਗਰ ਸਟਾਰਟਅੱਪ ਸਟੂਡੀਓ ਨੂੰ ਵੀ IRGC ਨਾਲ ਜੁੜੀ ਇੱਕ ਕਥਿਤ ਫਰੰਟ ਕੰਪਨੀ ਕਰਾਰ ਦਿੰਦਿਆਂ ਪਾਬੰਦੀਸ਼ੁਦਾ ਘੋਸ਼ਿਤ ਕੀਤਾ ਹੈ। ਅਮਰੀਕਾ ਦੇ ਮੁਤਾਬਕ, ਇਹ ਕੰਪਨੀ ਇੱਕ ਵੈੱਬਸਾਈਟ ਰਾਹੀਂ ਅਮਰੀਕੀ ਅਤੇ ਇਜ਼ਰਾਈਲੀ ਫੌਜੀ ਸਾਜ਼ੋ-ਸਾਮਾਨ ਦੀ ਲੋਕੇਸ਼ਨ ਨਾਲ ਸੰਬੰਧਿਤ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਤਾਂ ਜੋ ਉਸ ਦਾ ਇਸਤੇਮਾਲ ਈਰਾਨੀ ਫੌਜੀ ਕਾਰਵਾਈਆਂ ਵਿੱਚ ਕੀਤਾ ਜਾ ਸਕੇ।
ਪਾਬੰਦੀਆਂ ਦਾ ਕੀ ਅਸਰ ਹੋਵੇਗਾ?
ਅਮਰੀਕੀ ਪਾਬੰਦੀਆਂ ਤੋਂ ਬਾਅਦ ਇਨ੍ਹਾਂ ਸੰਸਥਾਵਾਂ ਅਤੇ ਵਿਅਕਤੀਆਂ ਦੀਆਂ ਅਮਰੀਕਾ ਵਿੱਚ ਮੌਜੂਦ ਸੰਪਤੀਆਂ ਫ੍ਰੀਜ਼ ਕਰ ਦਿੱਤੀਆਂ ਜਾਣਗੀਆਂ। ਅਮਰੀਕੀ ਨਾਗਰਿਕਾਂ ਅਤੇ ਕੰਪਨੀਆਂ ਲਈ ਇਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਕਰਨਾ ਮਨਾਹੀ ਹੋਵੇਗਾ। ਇਸ ਦੇ ਨਾਲ ਹੀ, ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਅਤੇ ਵਿਸ਼ਵ ਪੱਧਰੀ ਕਾਰੋਬਾਰ ‘ਤੇ ਵੀ ਇਨ੍ਹਾਂ ਪਾਬੰਦੀਆਂ ਦਾ ਅਸਰ ਪੈ ਸਕਦਾ ਹੈ, ਕਿਉਂਕਿ ਅਮਰੀਕੀ ਪਾਬੰਦੀਆਂ ਦਾ ਗਲੋਬਲ ਵਿੱਤੀ ਪ੍ਰਣਾਲੀ ‘ਤੇ ਵਿਆਪਕ ਪ੍ਰਭਾਵ ਹੁੰਦਾ ਹੈ।
