1981 ਜਹਾਜ਼ ਹਾਈਜੈਕ ਮਾਮਲਾ, ਮੁਲਜ਼ਮ ਗਜਿੰਦਰ ਸਿੰਘ ਦੀ ਲਾਹੌਰ ਵਿੱਚ ਹੋਈ ਮੌਤ, ਭਾਰਤ ਸਰਕਾਰ ਕਰ ਰਹੀ ਸੀ ਭਾਲ
ਸਾਲ 1981 ਵਿੱਚ ਹੋਈ ਜਰਨੈਲ ਸਿੰਘ ਭਿੰਡਰਾਵਾਲੇ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਏਅਰ ਇੰਡੀਆ ਦਾ ਜਹਾਜ਼ ਹੈਕ ਦੀ ਸਾਜ਼ਿਸ ਵਿੱਚ ਸ਼ਾਮਿਲ ਇੱਕ ਮੁਲਜ਼ਮ ਗਜਿੰਦਰ ਸਿੰਘ ਦੀ ਮੌਤ ਹੋ ਗਈ ਹੈ। ਗਜਿੰਦਰ ਸਿੰਘ ਨੇ ਲਾਹੌਰ ਦੇ ਇੱਕ ਹਸਪਤਾਲ ਵਿੱਚ ਦਮ ਤੋੜਿਆ।
ਭਾਰਤ ਸਰਕਾਰ ਨੂੰ ਕਈ ਮਾਮਲੇ ਵਿੱਚ ਲੋੜੀਂਦੇ ਮੁਲਜ਼ਮ ਗਜਿੰਦਰ ਸਿੰਘ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦਹਿਸ਼ਤਗਰਦ ਗਜਿੰਦਰ ਸਿੰਘ ਨੇ ਲਾਹੌਰ ਸਥਿਤ ਇੱਕ ਹਸਪਤਾਲ ਵਿੱਚ ਆਪਣੇ ਆਖਰੀ ਸਾਹ ਲਏ। ਗਜਿੰਦਰ ਸਿੰਘ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਾਲਿਆਂ ਦੇ ਹਿਮਾਇਤੀ ਸਨ। ਉਹ ਦਲ ਖਾਲਸਾ ਦੇ ਸਹਿ ਸੰਸਥਾਪਕ ਵੀ ਸਨ। ਉਹ ਭਾਰਤ ਸਰਕਾਰ ਦੀ ਨਜ਼ਰ ਤੋਂ ਬਚਣ ਲਈ ਪਾਕਿਸਤਾਨ ਚਲੇ ਗਏ ਸਨ।
29 ਸਤੰਬਰ, 1981 ਨੂੰ, ਗਜਿੰਦਰ ਸਿੰਘ ਸਮੇਤ ਪੰਜ ਖਾੜਕੂਆਂ ਨੇ, ਦਿੱਲੀ ਦੇ ਪਾਲਮ ਹਵਾਈ ਅੱਡੇ ਤੋਂ ਅੰਮ੍ਰਿਤਸਰ ਦੇ ਰਾਜਾ ਸਾਂਸੀ ਏਅਰਪੋਰਟ ਲਈ ਜਾ ਰਹੇ ਇੰਡੀਅਨ ਏਅਰਲਾਈਨਜ਼ ਦੇ ਬੋਇੰਗ 737 ਜਹਾਜ਼ ਨੂੰ ਹਾਈਜੈਕ ਕਰ ਲਿਆ ਸੀ। ਜਹਾਜ਼ ਵਿੱਚ 111 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ, ਜਿਨ੍ਹਾਂ ਨੂੰ ਪਾਕਿਸਤਾਨ ਦੇ ਲਾਹੌਰ ਲਿਜਾਇਆ ਗਈ । ਗਜਿੰਦਰ ਸਿੰਘ ਨੇ ਪਾਕਿਸਤਾਨ ਵਿੱਚ ਭਾਰਤ ਦੇ ਤਤਕਾਲੀ ਰਾਜਦੂਤ ਨਟਵਰ ਸਿੰਘ ਅੱਗੇ ਆਪਣੀ ਮੰਗ ਰੱਖੀ ਸੀ। ਜਿਸ ਵਿੱਚ ਵੱਖਰੇ ਸਿੱਖ ਹੋਮਲੈਂਡ, ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਖਾਲਿਸਤਾਨ ਲਹਿਰ ਦੇ ਹੋਰ ਕੱਟੜਪੰਥੀਆਂ ਦੀ ਰਿਹਾਈ ਤੋਂ ਇਲਾਵਾ 50 ਲੱਖ ਅਮਰੀਕੀ ਡਾਲਰਾਂ ਦੀ ਮੰਗੇ ਗਏ ਸਨ।
ਮੌਸਟ ਵਾਂਟਡ ਲੋਕਾਂ ਵਿੱਚ ਸ਼ਾਮਿਲ
1981 ਦੀ ਘਟਨਾ ਤੋਂ ਬਾਅਦ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਲਗਾਤਾਰ ਗਜਿੰਦਰ ਸਿੰਘ ਦੀ ਭਾਲ ਵਿੱਚ ਜੁਟਿਆ ਹੋਈਆਂ ਸਨ। ਪਰ ਕਿਸੇ ਪਾਸਿਓ ਵੀ ਉਹਨਾਂ ਨੂੰ ਗਜਿੰਦਰ ਦਾ ਕੋਈ ਸਬੂਤ ਨਹੀਂ ਸੀ ਮਿਲ ਰਿਹਾ। ਜਿਸ ਮਗਰੋਂ ਸਾਲ 2002 ਵਿੱਚ ਭਾਰਤ ਸਰਕਾਰ ਨੇ ਉਹਨਾਂ ਨੂੰਮੌਸਟ ਵਾਂਟਡ ਲੋਕਾਂ ਦੀ ਸੂਚੀ ਵਿੱਚ ਸ਼ਾਮਿਲ ਕਰ ਦਿੱਤਾ।
ਪਾਕਿਸਤਾਨ ਵਿੱਚ ਚੱਲਿਆ ਮੁਕੱਦਮਾ
ਜਹਾਜ਼ ਨੂੰ ਹਾਈਜੈਕ ਕਰਨ ਵਾਲੇ ਅੱਤਵਾਦੀਆਂ ‘ਤੇ ਪਾਕਿਸਤਾਨ ‘ਚ ਮੁਕੱਦਮਾ ਚਲਾਇਆ ਗਿਆ ਅਤੇ ਹਾਈਜੈਕਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਗਜਿੰਦਰ ਸਿੰਘ ਨੂੰ ਅਕਤੂਬਰ 1994 ਵਿਚ 14 ਸਾਲ ਦੀ ਕੈਦ ਪੂਰੀ ਹੋਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।
ਸ਼ੋਸਲ ਮੀਡੀਆ ਤੇ ਪਾਈ ਸੀ ਫੋਟੋ
ਪਹਿਲਾਂ ਵੀ ਗਜਿੰਦਰ ਸਿੰਘ ਦੇ ਮਾਰੇ ਜਾਣ ਦੀਆਂ ਖ਼ਬਰਾਂ ਆਈਆਂ ਸਨ ਪਰ ਉਹਨਾਂ ਨੇ ਸਾਲ 2022 ਵਿੱਚ ਸ਼ੋਸਲ ਮੀਡੀਆ ਤੇ ਇੱਕ ਤਸਵੀਰ ਸਾਂਝੀ ਕਰਕੇ ਆਪਣੇ ਜਿਉਂਦੇ ਹੋਣ ਦਾ ਦਾਅਵਾ ਕੀਤਾ ਸੀ।