ਦਿੱਲ ਟੁੱਟਿਆ…ਪਰ ਹਾਰ ਨਹੀਂ ਮੰਨੀ…ਛੇਤੀ ਆਵਾਂਗੇ ਵਾਪਸ, ਫਾਇਰਿੰਗ ਤੋਂ ਬਾਅਦ CAP’S CAFE ਦੀ ਪਹਿਲੀ ਪ੍ਰਤੀਕ੍ਰਿਆ
Kapil Sharma CAP'S CAFE: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਸਰੇ 'ਚ ਕਾਮੇਡੀਅਨ ਕਪਿਲਾ ਸ਼ਰਮਾ ਦੇ ਨਵੇਂ ਖੁੱਲ੍ਹੇ KAP's Cafe 'ਤੇ ਬੀਤੀ 9 ਜੁਲਾਈ ਦੀ ਰਾਤ ਨੂੰ ਫਾਇਰਿੰਗ ਹੋਈ ਸੀ। ਇਸ ਘਟਨਾ ਦੀ ਜਿੰਮੇਦਾਰੀ ਬੱਬਰ ਖਾਲਸਾ ਦੇ ਅੱਤਵਾਦੀ ਹਰਜੀਤ ਸਿੰਘ ਲਾਡੀ ਨੇ ਲਈ ਹੈ। ਫਾਇਰਿੰਗ ਤੋਂ ਬਾਅਦ ਹੁਣ ਕੈਫੇ ਵੱਲੋਂ ਅਧਿਕਾਰਿਕ ਬਿਆਨ ਜਾਰੀ ਕੀਤਾ ਗਿਆ ਹੈ। ਹਾਲਾਂਕਿ ਟੀਵੀ9 ਪੰਜਾਬੀ ਇਸਦੀ ਪੁਸ਼ਟੀ ਨਹੀਂ ਕਰਦਾ ਹੈ।
KAPs Cafe, Canada
CAP’S CAFE Firing Update: ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਵਿੱਚ ਨਵੇਂ ਖੁੱਲ੍ਹੇ ਰੈਸਟੋਰੈਂਟ CAPs ਕੈਫੇ ‘ਤੇ ਹੋਈ ਫਾਇਰਿੰਗ ਤੋਂ ਬਾਅਦ ਕੈਫੇ ਦੀ ਪਹਿਲੀ ਪ੍ਰਤੀਕ੍ਰਿਆ ਸਾਹਮਣੇ ਆਈ ਹੈ। ਕੈਫੇ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਬੜੀ ਹੀ ਭਾਵੁਕ ਸਟੋਰੀ ਸ਼ੇਅਰ ਕੀਤੀ ਹੈ। ਕੈਫੇ ਵੱਲੋਂ ਲਿਖਿਆ ਗਿਆ ਹੈ ਕਿ ਬੇਸ਼ੱਕ ਸਾਡਾ ਦਿਲ ਟੁੱਟਿਆ ਹੈ…ਪਰ ਸਾਡੇ ਹੌਂਸਲੇ ਹਾਲੇ ਵੀ ਪੂਰੀ ਤਰ੍ਹਾਂ ਨਾਲ ਬੁਲੰਦ ਹਨ। ਅਸੀਂ ਛੇਤੀ ਹੀ ਵਾਪਸ ਆਵਾਂਗੇ ਅਤੇ ਆਪਣੇ ਪਿਆਰੇ ਗਾਹਕਾਂ ਨੂੰ ਲਜੀਜ਼ ਭੋਜਨ ਮੁੜ ਤੋਂ ਪਰੋਸਾਂਗੇ। ਹਾਲਾਂਕਿ ਟੀਵੀ9 ਪੰਜਾਬੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।
ਕੈਫੇ ਵੱਲੋਂ ਪਾਈ ਗਈ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਇਹ ਕੈਫੇ ਉਸ ਭਰੋਸੇ ਕਰਕੇ ਹੈ ਜੋ ਅਸੀਂ ਮਿਲ ਕੇ ਬਣਾ ਰਹੇ ਹਾਂ…ਆਓ ਅਸੀਂ ਸਾਰੇ ਹਿੰਸਾ ਦੇ ਖਿਲਾਫ਼ ਇਕੱਠੇ ਹੋਈਏ ਅਤੇ ਯਕੀਨੀ ਬਣਾਈਏ ਕਿ CAP’S CAFE ਭਾਈਚਾਰਕ ਸਾਂਝ ਦੀ ਥਾਂ ਬਣਿਆ ਰਹੇ। CAP’S CAFE ਦੀ ਸ਼ੁਰੂਆਤ ਕੌਫੀ ਅਤੇ ਫ੍ਰੈਂਡਲੀ ਗੱਲਬਾਤ ਰਾਹੀਂ ਗਰਮਜੋਸ਼ੀ, ਭਾਈਚਾਰੇ ਅਤੇ ਖੁਸ਼ੀ ਦੀ ਉਮੀਦ ਨਾਲ ਕੀਤੀ ਗਈ …ਪਰ ਇਹ ਹਿੰਸਾ ਸਾਡੇ ਸੁਪਨੇ ਤੋੜਣ ਵਾਲੀ ਹੈ…ਅਸੀਂ ਇਸ ਝਟਕੇ ਤੋਂ ਉਭਰ ਰਹੇ ਹਾਂ ਪਰ ਅਸੀਂ ਹਾਰ ਨਹੀਂ ਮੰਨ ਰਹੇ…ਇਸ ਔਖੇ ਸਮੇਂ ਵਿੱਚ ਸਾਥ ਦੇਣ ਲਈ ਅਤੇ ਦੁਆਵਾਂ ਲਈ ਸਾਰੇ ਸਾਥੀਆਂ ਦਾ ਧੰਨਵਾਦ। ਅਸੀਂ ਛੇਤੀ ਹੀ ਵਾਪਸ ਆਵਾਂਗੇ।
ਪੁਲਿਸ ਦਾ ਵੀ ਕੀਤਾ ਧੰਨਵਾਦ
ਨਾਲ ਹੀ ਪੋਸਟ ਵਿੱਚ ਸਰੇ ਪੁਲਿਸ ਦਾ ਵੀ ਧੰਨਵਾਦ ਕੀਤਾ ਗਿਆ ਹੈ। ਸਰੇ ਪੁਲਿਸ ਨੂੰ ਟੈਗ ਕਰਕੇ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਪੁਲਿਸ ਵੱਲੋਂ ਇਸ ਘਟਨਾ ਤੇ ਫੌਰਨ ਐਕਸ਼ਨ ਲੈਣ ਲਈ ਉਹ ਉਨ੍ਹਾਂ ਦੇ ਸ਼ੁਕਰਗੁਜਾਰ ਹਨ। ਇਸ ਮੁਸ਼ਕਲ ਘੜੀ ਵਿੱਚ ਉਨ੍ਹਾਂ ਨੇ ਸਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ। ਸਾਡੇ ਲਈ ਇਹ ਸਭ ਤੋਂ ਵੱਡੀ ਗੱਲ ਹੈ।
ਇਹ ਵੀ ਪੜ੍ਹੋ
ਕੈਨੇਡਾ ਪੁਲਿਸ ਕਰ ਰਹੀ ਹਮਲਾਵਰਾਂ ਦੀ ਭਾਲ
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ, ਕੈਨੇਡਾ ਦੀ ਸਥਾਨਕ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਸਥਾਨ ਦੇ ਆਲੇ-ਦੁਆਲੇ ਲਗਾਏ ਗਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕੀਤਾ ਜਾ ਰਿਹਾ ਹੈ ਅਤੇ ਹਮਲਾਵਰ ਦੀ ਭਾਲ ਜਾਰੀ ਹੈ। ਇਸ ਘਟਨਾ ‘ਤੇ ਕਪਿਲ ਸ਼ਰਮਾ ਵੱਲੋਂ ਹੁਣ ਤੱਕ ਕੋਈ ਜਨਤਕ ਬਿਆਨ ਨਹੀਂ ਆਇਆ ਹੈ, ਪਰ ਸੂਤਰਾਂ ਅਨੁਸਾਰ, ਉਹ ਇਸ ਘਟਨਾ ਤੋਂ ਬਹੁਤ ਪਰੇਸ਼ਾਨ ਹਨ ਅਤੇ ਆਪਣੇ ਸਟਾਫ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।
ਵਧਾਈ ਗਈ ਕਪਿਲ ਦੀ ਸੁਰੱਖਿਆ
ਕਪਿਲ ਸ਼ਰਮਾ ਦੇ ਨਾਲ ਹਾਲਾਂਕਿ ਉਨ੍ਹਾਂ ਦੇ ਪਰਸਨਲ ਬਾਊਂਸਰਾਂ ਦੀ ਟੀਮ ਹਮੇਸ਼ਾ ਉਨ੍ਹਾਂ ਨਾਲ ਮੌਜੂਦ ਰਹਿੰਦੀ ਹੈ, ਪਰ ਕੈਫੇ ‘ਤੇ ਗੋਲੀਬਾਰੀ ਤੋਂ ਬਾਅਦ ਉਨ੍ਹਾਂ ਦੇ ਘਰ ਦੀ ਸੁਰੱਖਿਆ ਹੋਰ ਵੀ ਵਧਾ ਦਿੱਤੀ ਗਈ ਹੈ। ਨਾਲ ਹੀ, ਗੋਲੀਬਾਰੀ ਦੀ ਘਟਨਾ ਤੋਂ ਬਾਅਦ ਭਾਰਤ ਵਿੱਚ ਪੁਲਿਸ ਅਤੇ ਏਜੰਸੀਆਂ ਚੌਕਸ ਹੋ ਗਈਆਂ ਹਨ। ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲਾ ਹਰਜੀਤ ਸਿੰਘ ਲਾਡੀ ਇੱਕ ਮੋਸਟ ਵਾਂਟੇਡ ਅੱਤਵਾਦੀ ਹੈ, ਜੋ ਬੱਬਰ ਖਾਲਸਾ ਇੰਟਰਨੈਸ਼ਨਲ ਲਈ ਕੰਮ ਕਰਦਾ ਹੈ। ਉਸਨੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਕਪਿਲ ਸ਼ਰਮਾ ਨੂੰ ਹੋਰ ਵੀ ਮਾੜੇ ਨਤੀਜਿਆਂ ਦੀ ਧਮਕੀ ਦਿੱਤੀ ਹੈ।
ਬੱਬਰ ਖਾਲਸਾ ਨੇ ਲਈ ਹੈ ਫਾਇਰਿੰਗ ਦੀ ਜਿੰਮੇਦਾਰੀ
ਦੱਸ ਦੇਈਏ ਕਿ ਰਾਸ਼ਟਰੀ ਜਾਂਚ ਏਜੰਸੀ ਯਾਨੀ NIA ਵੱਲੋਂ ਮੋਸਟ ਵਾਂਟੇਡ ਐਲਾਨੇ ਗਏ ਦਹਿਸ਼ਤਗਰਦ ਬੱਬਰ ਖਾਲਸਾ ਦੇ ਅੱਤਵਾਦੀ ਹਰਜੀਤ ਸਿੰਘ ਲਾਡੀ ਨੇ ਇਸ ਘਟਨਾ ਦੀ ਜਿੰਮੇਦਾਰੀ ਲਈ ਹੈ। ਐਨਆਈਏ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਨੇਤਾ ਵਿਕਾਸ ਪ੍ਰਭਾਕਰ ਉਰਫ ਵਿਕਾਸ ਬੱਗਾ ਦੇ ਕਤਲ ਦੇ ਸਬੰਧ ਵਿੱਚ ਲਾਡੀ ਦੀ ਭਾਲ ਕਰ ਰਹੀ ਹੈ। ਵੀਐਚਪੀ ਨੇਤਾ ਦੀ ਅਪ੍ਰੈਲ 2024 ਵਿੱਚ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿੱਚ ਉਸਦੀ ਦੁਕਾਨ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਨਿਹੰਗ ਸਿੰਘਾਂ ਨੂੰ ਲੈ ਕੇ ਕੀਤੀ ਟਿੱਪਣੀ ਤੋਂ ਨਰਾਜ਼ਗੀ – ਸੂਤਰ
ਸੂਤਰਾਂ ਦੀ ਮੰਨੀਏ ਤਾਂ ਕਪਿਲ ਸ਼ਰਮਾ ਨੇ ਓਟੀਟੀ ਪਲੇਟਫਾਰਮ ਤੇ ਸਟ੍ਰੀਮ ਹੋ ਰਹੇ ਕਾਮੇਡੀ ਸ਼ੋਅ ‘The Great Kapil Sharma Show’ ਵਿੱਚ ਨਿਹੰਗ ਸਿੰਘਾਂ ਨੂੰ ਲੈ ਕੇ ਕੋਈ ਟਿੱਪਣੀ ਕੀਤੀ ਗਈ ਸੀ, ਜਿਸਤੋਂ ਬਾਅਦ ਉਨ੍ਹਾਂ ਖਿਲਾਫ਼ ਨਰਾਜ਼ਗੀ ਜਤਾਈ ਗਈ। ਜਾਣਕਾਰੀ ਮੁਤਾਬਕ, ਕਪਿਲ ਤੋਂ ਮੁਆਫੀ ਮੰਗਣ ਲਈ ਉਨ੍ਹਾਂ ਦੇ ਮੈਨੇਜਰ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਜਦੋਂ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ ਤਾਂ ਇਸ ਘਟਨਾ ਨੂੰ ਅੰਜਾਮ ਦੇ ਕੇ ਚੇਤਾਵਨੀ ਦਿੱਤੀ ਗਈ ਹੈ। ਫਿਲਹਾਲ ਪੁਲਿਸ ਫਿਰੌਤੀ ਅਤੇ ਨਰਾਜ਼ਗੀ …ਇਨ੍ਹਾਂ ਦੋਵਾਂ ਐਂਗਲਸ ਤੋਂ ਕੰਮ ਕਰ ਰਹੀ ਹੈ।