ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤ ਵਿਰੁੱਧ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਜਾ ਰਿਹਾ ਸੀ ਪਾਕਿਸਤਾਨ? ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੱਸਿਆ

tv9-punjabi
Updated On: 

13 Jul 2025 08:32 AM

India Pakistan Tension: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕੁਝ ਸਮਾਂ ਪਹਿਲਾਂ ਫੌਜੀ ਟਕਰਾਅ ਦੌਰਾਨ ਭਾਰਤ ਨਾਲ ਪ੍ਰਮਾਣੂ ਟਕਰਾਅ ਦੀ ਕਿਸੇ ਵੀ ਸੰਭਾਵਨਾ ਨੂੰ ਰੱਦ ਕਰਦੇ ਹੋਏ ਕਿਹਾ ਸੀ ਕਿ ਦੇਸ਼ ਦੇ ਪ੍ਰਮਾਣੂ ਹਥਿਆਰ ਸਿਰਫ ਸਵੈ-ਰੱਖਿਆ ਅਤੇ ਸ਼ਾਂਤੀ ਲਈ ਹਨ।

ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤ ਵਿਰੁੱਧ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਜਾ ਰਿਹਾ ਸੀ ਪਾਕਿਸਤਾਨ? ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੱਸਿਆ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ

Follow Us On

ਪਾਕਿਸਤਾਨ ‘ਚ ਰਾਜਨੀਤਿਕ ਅਸਥਿਰਤਾ ਬਾਰੇ ਲਗਾਤਾਰ ਅਟਕਲਾਂ ਚੱਲ ਰਹੀਆਂ ਹਨ। ਸੱਤਾ ਤਬਦੀਲੀ ਦੀਆਂ ਸੰਭਾਵਨਾਵਾਂ ਦੇ ਵਿਚਕਾਰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਭਾਰਤ ਨਾਲ ਹਾਲ ਹੀ ‘ਚ ਹੋਏ ਟਕਰਾਅ ਦੌਰਾਨ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੀ ਕਿਸੇ ਵੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦਾ ਪ੍ਰਮਾਣੂ ਪ੍ਰੋਗਰਾਮ “ਸ਼ਾਂਤਮਈ ਗਤੀਵਿਧੀਆਂ ਤੇ ਸਵੈ-ਰੱਖਿਆ” ਲਈ ਹੈ।

ਸ਼ਰੀਫ ਨੇ ਇਹ ਟਿੱਪਣੀ ਸ਼ਨੀਵਾਰ ਨੂੰ ਰਾਜਧਾਨੀ ਇਸਲਾਮਾਬਾਦ ‘ਚ ਪਾਕਿਸਤਾਨੀ ਵਿਦਿਆਰਥੀਆਂ ਦੇ ਇੱਕ ਸਮੂਹ ਨੂੰ ਸੰਬੋਧਨ ਕਰਦੇ ਹੋਏ ਕੀਤੀ। ਮਈ ‘ਚ 4 ਦਿਨਾਂ ਤੱਕ ਚੱਲੇ ਫੌਜੀ ਟਕਰਾਅ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਸ਼ਰੀਫ ਨੇ ਕਿਹਾ ਕਿ ਭਾਰਤੀ ਫੌਜੀ ਹਮਲਿਆਂ ਵਿੱਚ 55 ਪਾਕਿਸਤਾਨੀ ਨਾਗਰਿਕ ਮਾਰੇ ਗਏ ਸਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਨੇ ਇਸ ਹਮਲੇ ਦਾ ਪੂਰੀ ਤਾਕਤ ਨਾਲ ਜਵਾਬ ਦਿੱਤਾ।

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ

ਜਦੋਂ ਸੰਘਰਸ਼ ਦੌਰਾਨ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੀ ਸੰਭਾਵਨਾ ਬਾਰੇ ਪੁੱਛਿਆ ਗਿਆ ਤਾਂ ਪ੍ਰਧਾਨ ਮੰਤਰੀ ਸ਼ਰੀਫ ਨੇ ਕਿਹਾ, “ਪਾਕਿਸਤਾਨ ਦਾ ਪ੍ਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਸ਼ਾਂਤੀਪੂਰਨ ਉਦੇਸ਼ਾਂ ਤੇ ਦੇਸ਼ ਦੀ ਰੱਖਿਆ ਲਈ ਹੈ, ਹਮਲੇ ਲਈ ਨਹੀਂ।”

ਭਾਰਤ ਅਤੇ ਪਾਕਿਸਤਾਨ ਵਿਚਕਾਰ ਇਹ ਫੌਜੀ ਟਕਰਾਅ ਉਦੋਂ ਸ਼ੁਰੂ ਹੋਇਆ ਸੀ, ਜਦੋਂ ਭਾਰਤ ਨੇ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ‘ਚ ਅੱਤਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ।

ਆਪ੍ਰੇਸ਼ਨ ਸਿੰਦੂਰ ਰਾਹੀਂ, ਭਾਰਤੀ ਫੌਜ ਨੇ 7 ਮਈ ਨੂੰ ਬਹਾਵਲਪੁਰ ਸਮੇਤ 9 ਅੱਤਵਾਦੀ ਕੈਂਪਾਂ ‘ਤੇ ਹਮਲਾ ਕੀਤਾ, ਜਿਸ ਨੂੰ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦਾ ਮੁੱਖ ਗੜ੍ਹ ਮੰਨਿਆ ਜਾਂਦਾ ਹੈ। ਇਹ ਹਮਲੇ ਭਾਰਤ ਦੁਆਰਾ ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਕੀਤੇ ਗਏ ਸਨ।

ਰਾਸ਼ਟਰਪਤੀ ਬਣਨ ਦੀ ਮੁਨੀਰ ਦੀ ਇੱਛਾ ਬੇਬੁਨਿਆਦ ਹੈ: ਸ਼ਰੀਫ

ਦੂਜੇ ਪਾਸੇ, ਇਨ੍ਹੀਂ ਦਿਨੀਂ ਪਾਕਿਸਤਾਨ ‘ਚ ਸੰਭਾਵੀ ਲੀਡਰਸ਼ਿਪ ਤਬਦੀਲੀ ਬਾਰੇ ਲਗਾਤਾਰ ਅਫਵਾਹਾਂ ਹਨ। ਲਗਾਤਾਰ ਅਫਵਾਹਾਂ ਦੇ ਵਿਚਕਾਰ, ਪ੍ਰਧਾਨ ਮੰਤਰੀ ਸ਼ਰੀਫ ਨੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ ਕਿ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਹੁਦਾ ਛੱਡ ਸਕਦੇ ਹਨ ਅਤੇ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਰਾਸ਼ਟਰਪਤੀ ਅਹੁਦੇ ‘ਤੇ ਕਾਬਜ਼ ਹੋਣਾ ਚਾਹੁੰਦੇ ਹਨ।

ਸ਼ੁੱਕਰਵਾਰ ਨੂੰ ਸਥਾਨਕ ਮੀਡੀਆ ਹਾਊਸ ਦ ਨਿਊਜ਼ ਨਾਲ ਇੱਕ ਇੰਟਰਵਿਊ ‘ਚ, ਸ਼ਰੀਫ ਨੇ ਰਿਪੋਰਟਾਂ ਨੂੰ “ਨਿਰਆਧਾਰ ਅਟਕਲਾਂ” ਵਜੋਂ ਖਾਰਜ ਕਰਦੇ ਹੋਏ ਕਿਹਾ, “ਫੀਲਡ ਮਾਰਸ਼ਲ ਅਸੀਮ ਮੁਨੀਰ ਨੇ ਕਦੇ ਵੀ ਰਾਸ਼ਟਰਪਤੀ ਬਣਨ ‘ਚ ਕੋਈ ਦਿਲਚਸਪੀ ਨਹੀਂ ਦਿਖਾਈ ਹੈ, ਨਾ ਹੀ ਉਨ੍ਹਾਂ ਦੀ ਕੋਈ ਅਜਿਹੀ ਯੋਜਨਾ ਹੈ।” ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਜ਼ਰਦਾਰੀ ਅਤੇ ਮੁਨੀਰ ਦੋਵਾਂ ਨਾਲ ਉਨ੍ਹਾਂ ਦਾ ਰਿਸ਼ਤਾ ਆਪਸੀ ਸਤਿਕਾਰ ਅਤੇ ਦੇਸ਼ ਦੀ ਤਰੱਕੀ ਪ੍ਰਤੀ ਸਾਂਝੀ ਵਚਨਬੱਧਤਾ ‘ਤੇ ਅਧਾਰਤ ਹੈ।