ਬ੍ਰਿਟੇਨ ਦੇ ਸਾਊਥੈਂਡ ਹਵਾਈ ਅੱਡੇ ‘ਤੇ ਜਹਾਜ਼ ਹਾਦਸਾਗ੍ਰਸਤ, ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਜਹਾਜ਼ ਨੂੰ ਲੱਗੀ ਅੱਗ

tv9-punjabi
Updated On: 

14 Jul 2025 00:00 AM

ਸਾਊਥਐਂਡ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਇੱਕ ਬੀਚਕ੍ਰਾਫਟ ਬੀ200 ਜਹਾਜ਼ ਨੂੰ ਅੱਗ ਲੱਗ ਗਈ, ਜੋ ਹਾਦਸਾਗ੍ਰਸਤ ਹੋ ਗਿਆ ਅਤੇ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ। ਐਸੈਕਸ ਪੁਲਿਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਮੌਕੇ 'ਤੇ ਮੌਜੂਦ ਹਨ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਹਾਦਸੇ ਵਿੱਚ ਕਿੰਨੇ ਲੋਕਾਂ ਦੀ ਜਾਨ ਗਈ ਹੈ।

ਬ੍ਰਿਟੇਨ ਦੇ ਸਾਊਥੈਂਡ ਹਵਾਈ ਅੱਡੇ ਤੇ ਜਹਾਜ਼ ਹਾਦਸਾਗ੍ਰਸਤ, ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਜਹਾਜ਼ ਨੂੰ ਲੱਗੀ ਅੱਗ
Follow Us On

ਬ੍ਰਿਟੇਨ ਦੇ ਸਾਊਥੈਂਡ ਹਵਾਈ ਅੱਡੇ ਤੋਂ ਇੱਕ ਛੋਟਾ ਯਾਤਰੀ ਜਹਾਜ਼, ਬੀਚਕ੍ਰਾਫਟ ਬੀ200 ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ। ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ, ਜਹਾਜ਼ ਨੀਦਰਲੈਂਡ ਦੇ ਲੇਲੀਸਟੈਡ ਜਾ ਰਿਹਾ ਸੀ ਪਰ ਉਡਾਣ ਭਰਨ ਤੋਂ ਬਾਅਦ ਅੱਗ ਲੱਗ ਗਈ, ਜਿਸ ਕਾਰਨ ਇਹ ਰਨਵੇਅ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ।

ਚਸ਼ਮਦੀਦਾਂ ਦੇ ਅਨੁਸਾਰ, ਜਹਾਜ਼ ਅਚਾਨਕ ਅੱਗ ਦੇ ਗੋਲੇ ਵਿੱਚ ਬਦਲ ਗਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚ ਜਹਾਜ਼ ਵਿੱਚੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਉੱਠਦੀਆਂ ਵੇਖੀਆਂ ਜਾ ਸਕਦੀਆਂ ਹਨ। ਹਾਦਸੇ ਸਮੇਂ ਹਵਾਈ ਅੱਡੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਡਾਣ ਭਰਨ ਤੋਂ ਕੁਝ ਮਿੰਟ ਬਾਅਦ ਹੀ ਜਹਾਜ਼ ਵਿੱਚ ਤਕਨੀਕੀ ਨੁਕਸ ਪੈ ਗਿਆ, ਜਿਸ ਕਾਰਨ ਇਹ ਕੰਟਰੋਲ ਗੁਆ ਬੈਠਾ ਅਤੇ ਰਨਵੇਅ ਦੇ ਨੇੜੇ ਇੱਕ ਜ਼ੋਰਦਾਰ ਧਮਾਕੇ ਨਾਲ ਹਾਦਸਾਗ੍ਰਸਤ ਹੋ ਗਿਆ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਸਾਊਥਐਂਡ ਹਵਾਈ ਅੱਡੇ ਤੋਂ ਬੀਚਕ੍ਰਾਫਟ ਜਹਾਜ਼ ਦੇ ਉਡਾਣ ਭਰਨ ਤੋਂ ਲਗਭਗ 40 ਮਿੰਟ ਬਾਅਦ, ਇੱਕ ਸੇਸਨਾ ਜਹਾਜ਼ ਵੀ ਰਨਵੇਅ ਤੋਂ ਬਾਹਰ ਨਿਕਲਣ ਤੋਂ ਬਾਅਦ ਕਰੈਸ਼ ਹੁੰਦਾ ਦੇਖਿਆ ਗਿਆ।

ਹਾਦਸੇ ਤੋਂ ਬਾਅਦ ਬਚਾਅ ਕਾਰਜ ਜਾਰੀ

ਹਾਦਸੇ ਦੀ ਸੂਚਨਾ ਮਿਲਦੇ ਹੀ ਐਸੈਕਸ ਪੁਲਿਸ, ਫਾਇਰ ਬ੍ਰਿਗੇਡ ਤੇ ਐਂਬੂਲੈਂਸ ਸੇਵਾ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ, ਪਰ ਸਥਾਨਕ ਪ੍ਰਸ਼ਾਸਨ ਅਤੇ ਹਵਾਬਾਜ਼ੀ ਅਧਿਕਾਰੀਆਂ ਵੱਲੋਂ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਜਾ ਰਹੀ ਹੈ।

ਐਸੈਕਸ ਪੁਲਿਸ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ, “ਅਸੀਂ ਸਾਊਥਐਂਡ ਹਵਾਈ ਅੱਡੇ ‘ਤੇ ਜਹਾਜ਼ ਹਾਦਸੇ ਦੀਆਂ ਰਿਪੋਰਟਾਂ ਦਾ ਜਵਾਬ ਦੇ ਰਹੇ ਹਾਂ। ਸਾਡੀਆਂ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਹਨ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।”

ਹਾਦਸੇ ਦੇ ਕਾਰਨਾਂ ਦੀ ਜਾਂਚ

ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਸ਼ੁਰੂਆਤੀ ਅਨੁਮਾਨਾਂ ਅਨੁਸਾਰ ਇਹ ਤਕਨੀਕੀ ਨੁਕਸ ਜਾਂ ਇੰਜਣ ਦੀ ਅਸਫਲਤਾ ਹੋ ਸਕਦੀ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਸ ਵੇਲੇ ਰਨਵੇਅ ਬੰਦ ਕਰ ਦਿੱਤਾ ਹੈ ਅਤੇ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਬੇਲੋੜੀ ਯਾਤਰਾ ਤੋਂ ਬਚਣ ਅਤੇ ਹਵਾਈ ਅੱਡੇ ਦੀ ਵੈੱਬਸਾਈਟ ‘ਤੇ ਦਿੱਤੇ ਗਏ ਅਪਡੇਟਸ ‘ਤੇ ਨਜ਼ਰ ਰੱਖਣ। ਇੱਕ ਚਸ਼ਮਦੀਦ ਯਾਤਰੀ ਨੇ ਕਿਹਾ, ਅਸੀਂ ਇੱਕ ਉੱਚੀ ਆਵਾਜ਼ ਸੁਣੀ ਅਤੇ ਦੇਖਿਆ ਕਿ ਜਹਾਜ਼ ਵਿੱਚ ਅੱਗ ਲੱਗ ਗਈ ਸੀ। ਉਸ ਤੋਂ ਬਾਅਦ ਹਰ ਪਾਸੇ ਚੀਕ-ਚਿਹਾੜਾ ਪੈ ਗਿਆ।