ਕੈਨੇਡਾ ਦੇ ਐਡਮੋਂਟਨ ‘ਚ 16 ਸਾਲਾ ਪੰਜਾਬੀ ਕੁੜੀ ਜੈਜ਼ਮਿਨ ਧੇਸੀ ਦੀ ਮੌਤ ਮਾਮਲੇ ‘ਚ 16 ਸਾਲਾ ਨਾਬਾਲਗ ਗ੍ਰਿਫ਼ਤਾਰ
Jazmin Dhasi: ਇਹ ਘਟਨਾ ਐਤਵਾਰ ਸਵੇਰ ਦੀ ਹੈ, ਜਦੋਂ ਐਡਮੋਂਟਨ ਪੁਲਿਸ ਨੂੰ 139 ਐਵੇਨਿਊ ਅਤੇ 32 ਸਟ੍ਰੀਟ ਦੇ ਨੇੜੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਉੱਥੇ ਪਹੁੰਚਣ 'ਤੇ ਅਧਿਕਾਰੀਆਂ ਨੂੰ ਜੈਜ਼ਮਿਨ ਧੇਸੀ ਗੰਭੀਰ ਰੂਪ ਵਿੱਚ ਜ਼ਖਮੀ ਅਤੇ ਖੂਨ ਨਾਲ ਲਥਪਥ ਹਾਲਤ ਵਿੱਚ ਮਿਲੀ।
16 ਸਾਲਾ ਪੰਜਾਬੀ ਕੁੜੀ ਦੀ ਹੋਈ ਮੌਤ Photo Credit : Social Media
ਕੈਨੇਡਾ ਦੇ ਐਡਮੋਂਟਨ ਸ਼ਹਿਰ ਵਿੱਚ 16 ਸਾਲਾ ਪੰਜਾਬੀ ਕੁੜੀ ਜੈਜ਼ਮਿਨ ਧੇਸੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਕਾਰਵਾਈ ਕਰਦਿਆਂ ਐਡਮੋਂਟਨ ਪੁਲਿਸ ਨੇ ਇੱਕ 16 ਸਾਲਾ ਨਾਬਾਲਗ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਹੋਣ ਵਾਲੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਬਾਰੇ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋ ਸਕੇਗੀ। ਇਸ ਘਟਨਾ ਨੇ ਇੱਕ ਵਾਰ ਫਿਰ ਨੌਜਵਾਨਾਂ ਵਿੱਚ ਵਧ ਰਹੀ ਹਿੰਸਾ ਅਤੇ ਗੈਂਗ ਕਲਚਰ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ।
ਇਹ ਘਟਨਾ ਐਤਵਾਰ ਸਵੇਰ ਦੀ ਹੈ, ਜਦੋਂ ਐਡਮੋਂਟਨ ਪੁਲਿਸ ਨੂੰ 139 ਐਵੇਨਿਊ ਅਤੇ 32 ਸਟ੍ਰੀਟ ਦੇ ਨੇੜੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਉੱਥੇ ਪਹੁੰਚਣ ‘ਤੇ ਅਧਿਕਾਰੀਆਂ ਨੂੰ ਜੈਜ਼ਮਿਨ ਧੇਸੀ ਗੰਭੀਰ ਰੂਪ ਵਿੱਚ ਜ਼ਖਮੀ ਅਤੇ ਖੂਨ ਨਾਲ ਲਥਪਥ ਹਾਲਤ ਵਿੱਚ ਮਿਲੀ।
ਐਮਰਜੈਂਸੀ ਟੀਮਾਂ ਨੇ ਤੁਰੰਤ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਸੱਟਾਂ ਇੰਨੀਆਂ ਗੰਭੀਰ ਸਨ ਕਿ ਬਾਅਦ ਵਿੱਚ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਘਟਨਾ ਨਾਲ ਜੈਜ਼ਮਿਨ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੈਜ਼ਮਿਨ ਉਸ ਦਿਨ ਆਪਣੇ ਇੱਕ ਦੋਸਤ ਨੂੰ ਮਿਲਣ ਲਈ ਘਰੋਂ ਬਾਹਰ ਗਈ ਸੀ। ਉਨ੍ਹਾਂ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਅਜਿਹਾ ਖੌਫਨਾਕ ਹਾਦਸਾ ਵਾਪਰ ਜਾਵੇਗਾ।
16 ਸਾਲਾ ਨਾਬਾਲਗ ਨੂੰ ਕੀਤਾ ਗ੍ਰਿਫ਼ਤਾਰ
ਮਾਮਲੇ ਦੀ ਜਾਂਚ ਦੇ ਵਿਚਕਾਰ ਪੁਲਿਸ ਮੁਖੀ ਵੌਰੇਨ ਡ੍ਰਿਚੇਲ ਨੇ ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪੁਸ਼ਟੀ ਕੀਤੀ ਕਿ ਇਸ ਮਾਮਲੇ ਵਿੱਚ 16 ਸਾਲਾ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿਉਂਕਿ ਸ਼ੱਕੀ ਨਾਬਾਲਗ ਹੈ, ਇਸ ਲਈ ਕਾਨੂੰਨ ਤਹਿਤ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।
ਬੁੱਧਵਾਰ ਨੂੰ ਜੈਜ਼ਮਿਨ ਦੀ ਲਾਸ਼ ਦਾ ਹੋਵੇਗਾ ਪੋਸਟਮਾਰਟਮ
ਐਡਮੋਂਟਨ ਪੁਲਿਸ ਸਰਵਿਸ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ‘ਤੇ ਕਿਹੜੇ ਅਧਿਕਾਰਤ ਆਰੋਪ ਲਗਾਏ ਗਏ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਜੈਜ਼ਮਿਨ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮਾਮਲੇ ਨਾਲ ਜੁੜੀ ਹੋਰ ਅਹਿਮ ਜਾਣਕਾਰੀ ਮੀਡੀਆ ਅਤੇ ਜਨਤਾ ਨਾਲ ਸਾਂਝੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ
ਇਸ ਵਾਰਦਾਤ ‘ਤੇ ਪੁਲਿਸ ਮੁਖੀ ਡ੍ਰਿਚੇਲ ਨੇ ਐਡਮੋਂਟਨ ਸ਼ਹਿਰ ਵਿੱਚ ਨੌਜਵਾਨਾਂ ਨਾਲ ਜੁੜੀਆਂ ਹਿੰਸਕ ਘਟਨਾਵਾਂ ਦੇ ਲਗਾਤਾਰ ਵੱਧ ਰਹੇ ਮਾਮਲਿਆਂ ‘ਤੇ ਵੀ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਘੱਟ ਉਮਰ ਦੇ ਲੜਕਿਆਂ ਵਿੱਚ ਹਿੰਸਾ ਅਤੇ ਅਪਰਾਧ ਵੱਲ ਵਧਦਾ ਰੁਝਾਨ ਬੇਹੱਦ ਚਿੰਤਾਜਨਕ ਵਿਸ਼ਾ ਬਣਦਾ ਜਾ ਰਿਹਾ ਹੈ।
