Punjab Weather: ਅਗਲੇ ਛੇ ਦਿਨਾਂ ਤੱਕ ਇਨ੍ਹਾਂ ਇਲਾਕਿਆਂ ‘ਚ ਪੈ ਸਕਦਾ ਹੈ ਮੀਂਹ, ਡਿੱਗੇਗਾ ਤਾਪਮਾਨ, ਕਦੋਂ ਵਿਦਾ ਲਵੇਗਾ ਮਾਨਸੂਨ? ਜਾਣੋਂ…
Weather Alert: ਉੱਧਰ, ਦੱਖਣੀ ਭਾਰਤ ਦੇ ਕਈ ਸੂਬਿਆਂ ਦੇ ਨਾਲ-ਨਾਲ ਹਿਮਾਚਲ, ਹਰਿਆਣਾ ਅਤੇ ਉੱਤਰਾਖੰਡ ਵਿੱਚ ਵੀ ਹਲਕੇ ਤੋਂ ਦਰਮਿਆਨੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕ, ਬਹੁਤ ਭਾਰੀ ਮੀਂਹ ਦੀ ਭਵਿੱਖਵਾਣੀ ਮੌਸਮ ਵਿਭਾਗ ਵੱਲੋਂ ਨਹੀਂ ਕੀਤੀ ਗਈ ਹੈ, ਪਰ ਫੇਰ ਵੀ ਦੱਖਣੀ ਭਾਰਤ ਦੇ ਕੁਝ ਸੂਬਿਆਂ ਵਿੱਚ ਕਾਫੀ ਮੀਂਹ ਪੈ ਸਕਦਾ ਹੈ।
ਇੱਕ ਵਾਰ ਮੁੜ ਤੋਂ ਪੰਜਾਬ ਦਾ ਮੌਸਮ (Punjab Weather) ਕਰਵਟ ਲੈ ਸਕਦਾ ਹੈ। ਇਸਦੀ ਵਜ੍ਹਾ ਇੱਕ ਨਵੀਂ ਪੱਛਮੀ ਗੜਬੜੀ ਦੱਸੀ ਜਾ ਰਹੀ ਹੈ। ਇਸ ਕਾਰਨ 19 ਸਤੰਬਰ ਤੱਕ ਸੂਬੇ ‘ਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ। ਖਾਸ ਤੌਰ ‘ਤੇ 17 ਸਤੰਬਰ ਤੱਕ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਅਸਮਾਨ ‘ਚ ਬਿਜਲੀ ਚਮਕੇਗੀ। ਇਸ ਕਾਰਨ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਵਿਭਾਗ ਅਨੁਸਾਰ, ਹਾਲਾਂਕਿ ਪੰਜਾਬ ਦੇ ਪੱਛਮੀ ਮਾਲਵਾ ਖੇਤਰ ਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ਜ਼ਿਲ੍ਹੇ ਇਸ ਦੌਰਾਨ ਪੂਰੀ ਤਰ੍ਹਾਂ ਸੁੱਕੇ ਰਹਿਣਗੇ।
ਬੁੱਧਵਾਰ ਨੂੰ ਲੁਧਿਆਣਾ ਸਮੇਤ ਪੰਜਾਬ ‘ਚ ਕੁਝ ਥਾਵਾਂ ‘ਤੇ ਰਿਕਾਰਡ ਮੀਂਹ ਕੀਤਾ ਗਿਆ। ਇਸ ਦੇ ਬਾਵਜੂਦ ਤਾਪਮਾਨ ‘ਚ 0.1 ਡਿਗਰੀ ਦਾ ਮਾਮੂਲੀ ਵਾਧਾ ਦੇਖਿਆ ਗਿਆ। ਤਾਪਮਾਨ ਆਮ ਨਾਲੋਂ 1.6 ਡਿਗਰੀ ਵੱਧ ਰਿਹਾ। ਸਮਰਾਲਾ ਦਾ ਸਭ ਤੋਂ ਵੱਧ ਤਾਪਮਾਨ 37.4 ਡਿਗਰੀ ਰਿਹਾ। ਜਦੋਂ ਕਿ ਅੰਮ੍ਰਿਤਸਰ ਵਿੱਚ 35.5 ਡਿਗਰੀ, ਲੁਧਿਆਣਾ ਵਿੱਚ 33.9, ਪਟਿਆਲਾ ਵਿੱਚ 34.7 ਡਿਗਰੀ, ਮੁਕਤਸਰ ਵਿੱਚ 36.5 ਅਤੇ ਰੋਪੜ ਵਿੱਚ 33.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਬੁੱਧਵਾਰ ਨੂੰ ਮੁੱਖ ਤੌਰ ‘ਤੇ ਲੁਧਿਆਣਾ ‘ਚ 29.0 ਮਿਲੀਮੀਟਰ ਅਤੇ ਐੱਸਬੀਐੱਸ ਨਗਰ ‘ਚ 15.0 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ ਵੀ 0.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਆਮ ਨਾਲੋਂ 4.3 ਡਿਗਰੀ ਵੱਧ ਰਿਹਾ। ਬਲਾਚੌਰ ਦਾ ਸਭ ਤੋਂ ਘੱਟ ਤਾਪਮਾਨ 25.5 ਡਿਗਰੀ ਰਿਹਾ। ਮੌਸਮ ਵਿਭਾਗ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਅਨੁਸਾਰ ਸਤੰਬਰ ਦੇ ਅੰਤ ਤੱਕ ਮਾਨਸੂਨ ਪੰਜਾਬ ਤੋਂ ਅਲਵਿਦਾ ਕਹਿ ਸਕਦਾ ਹੈ। ਉਨ੍ਹਾਂ ਮੰਨਿਆ ਕਿ ਸਤੰਬਰ ਮਹੀਨੇ ਵਿੱਚ ਹੁਣ ਤੱਕ ਪੰਜਾਬ ਵਿੱਚ ਆਮ ਨਾਲੋਂ ਬਹੁਤ ਘੱਟ ਮੀਂਹ ਪਿਆ ਹੈ।
ਅੱਧਾ ਚੰਡੀਗੜ੍ਹ ਗਿੱਲਾ, ਅੱਧਾ ਸੁੱਕਾ
ਚੰਡੀਗੜ੍ਹ ‘ਚ ਬੁੱਧਵਾਰ ਨੂੰ ਇੰਦਰਦੇਵ ਦਾ ਅਜੀਬ ਜਿਹਾ ਜਾਦੂ ਹੋਇਆ। ਸ਼ਹਿਰ ਦੇ ਕੁਝ ਹਿੱਸਿਆਂ ‘ਚ ਧੁੱਪ, ਕਈ ਥਾਵਾਂ ‘ਤੇ ਛਾਂ ਅਤੇ ਕਈ ਹਿੱਸਿਆਂ ‘ਚ ਮੀਂਹ ਪਿਆ। ਸਵੇਰੇ 10 ਵਜੇ ਮਨੀਮਾਜਰਾ ਦੇ ਆਸ-ਪਾਸ ਭਾਰੀ ਮੀਂਹ ਪਿਆ, ਜਦੋਂਕਿ ਇਸ ਦੌਰਾਨ ਸੈਕਟਰ-9 ਵੱਲ ਮੀਂਹ ਦੀ ਇੱਕ ਬੂੰਦ ਵੀ ਨਹੀਂ ਪਈ। ਸੈਕਟਰ-17 ਵਿਚ ਸ਼ਾਮ ਵੇਲੇ ਬੂੰਦਾ-ਬਾਂਦੀ ਹੋਈ ਪਰ ਸੈਕਟਰ-35 ਦੇ ਇਲਾਕੇ ਸੁੱਕੇ ਰਹੇ।
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਸ਼ਹਿਰ ਦੇ ਮੌਸਮ ਵਿੱਚ ਇਹ ਤਬਦੀਲੀ ਚੰਡੀਗੜ੍ਹ ਅਤੇ ਇਸ ਦੇ ਆਲੇ ਦੁਆਲੇ ਸਰਗਰਮ ਇੱਕ ਚੱਕਰਵਾਤ ਸਰਕੂਲੇਸ਼ਨ ਕਾਰਨ ਆਈ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਬੱਦਲਵਾਈ ਹੋ ਸਕਦੀ ਹੈ ਅਤੇ ਰੁਕ-ਰੁਕ ਕੇ ਮੀਂਹ ਪੈ ਸਕਦਾ ਹੈ। ਬੁੱਧਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਘੱਟੋ-ਘੱਟ ਤਾਪਮਾਨ 28.1 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 3.7 ਡਿਗਰੀ ਵੱਧ ਸੀ।
ਇਹ ਵੀ ਪੜ੍ਹੋ
ਬੂੰਦਾਬਾਂਦੀ ਦੀ ਸੰਭਾਵਨਾ
ਮੌਸਮ ਵਿਭਾਗ ਦੇ ਅਨੁਸਾਰ, ਸਰਗਰਮ ਸਾਈਕਲੋਨ ਸਰਕੂਲੇਸ਼ਨ ਦੇ ਕਾਰਨ, ਸ਼ਹਿਰ ਦੇ ਕੁਝ ਖੇਤਰਾਂ ਵਿੱਚ ਬੱਦਲਵਾਈ ਹੋ ਸਕਦੀ ਹੈ ਅਤੇ ਰੁਕ-ਰੁਕ ਕੇ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ ਜ਼ਿਆਦਾ ਬਾਰਿਸ਼ ਦੀ ਸੰਭਾਵਨਾ ਨਾਮੁਮਕਿਨ ਹੈ। ਆਉਣ ਵਾਲੇ ਦਿਨਾਂ ‘ਚ ਵੀ ਹਲਕੀ ਬਾਰਿਸ਼ ਹੋ ਸਕਦੀ ਹੈ। ਵੀਰਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਜਾ ਸਕਦਾ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਸ਼ਹਿਰ ਵਿੱਚ 1 ਜੂਨ ਤੋਂ ਬੁੱਧਵਾਰ ਸ਼ਾਮ 5:30 ਵਜੇ ਤੱਕ 1099.1 ਮਿਲੀਮੀਟਰ ਬਾਰਿਸ਼ ਹੋਈ ਹੈ। ਇਹ ਆਮ ਨਾਲੋਂ 35.6 ਫੀਸਦੀ ਵੱਧ ਹੈ।