ਕੈਮਰੇ ਵਰਗਾ ਘਰ ਬਣਵਾ ਕੇ ਚਰਚਾ ‘ਚ ਆਇਆ ਫੋਟੋਗ੍ਰਾਫਰ, VIDEO ਦੇਖ ਹੋ ਜਾਓਗੇ ਹੈਰਾਨ
Camera Shaped House Video Viral: ਕਰਨਾਟਕ ਦੇ ਬੇਲਗਾਵੀ ਵਿੱਚ ਫੋਟੋਗ੍ਰਾਫਰ ਰਵੀ ਹੋਂਗਲ ਦਾ ਕੈਮਰੇ ਦੀ ਡਿਜ਼ਾਇਨ ਵਿੱਚ ਬਣਿਆ ਘਰ 'Click' ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕੰਟੈਂਟ ਕ੍ਰੀਏਟਰ ਪ੍ਰਿਯਮ ਸਾਰਸਵਤ ਵੱਲੋਂ ਸਾਂਝੇ ਕੀਤੇ ਇਸ ਵੀਡੀਓ ਵਿੱਚ ਘਰ ਦਾ ਅੰਦਰੂਨੀ ਨਜ਼ਾਰਾ ਦੇਖੋ ਅਤੇ ਜਾਣੋ ਇਸ ਅਨੋਖੇ ਘਰ ਦੇ ਪਿੱਛੇ ਦੀ ਦਿਲਚਸਪ ਕਹਾਣੀ।
71 ਲੱਖ ਦਾ ਘਰ ਬਣਿਆ Selfie Point
Camera Shaped House Video Viral: ਆਪਣੇ ਸੁਪਨਿਆਂ ਦਾ ਘਰ ਬਣਾਉਣ ਦੀ ਇੱਛਾ ਹਰ ਕਿਸੇ ਦੀ ਹੁੰਦੀ ਹੈ, ਪਰ ਕਰਨਾਟਕ ਦੇ ਬੇਲਗਾਵੀ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਆਪਣੇ ਘਰ ਨੂੰ ਅਜਿਹਾ ਰੂਪ ਦਿੱਤਾ ਕਿ ਹਰ ਕੋਈ ਦੇਖਦਾ ਹੀ ਰਹਿ ਗਿਆ। ਪੇਸ਼ੇ ਤੋਂ ਫੋਟੋਗ੍ਰਾਫਰ ਰਵੀ ਹੋਂਗਲ (Ravi Hongal) ਨੂੰ ਆਪਣੇ ਕੰਮ ਨਾਲ ਇੰਨਾ ਪਿਆਰ ਹੈ ਕਿ ਉਨ੍ਹਾਂ ਨੇ ਆਪਣਾ ਪੂਰਾ ਤਿੰਨ ਮੰਜ਼ਿਲਾ ਘਰ ਹੀ ਕੈਮਰੇ ਦੀ ਸ਼ਕਲ ਵਿੱਚ ਬਣਵਾ ਦਿੱਤਾ। ਉਨ੍ਹਾਂ ਨੇ ਆਪਣੇ ਇਸ ਅਨੋਖੇ ਘਰ ਦਾ ਨਾਮ ‘Click’ ਰੱਖਿਆ ਹੈ, ਜੋ ਇੱਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਾਰ ਮਸ਼ਹੂਰ ਕੰਟੈਂਟ ਕ੍ਰੀਏਟਰ ਪ੍ਰਿਯਮ ਸਾਰਸਵਤ ਨੇ ਇਸ ਘਰ ਦੇ ਅੰਦਰ ਦਾ ਇੱਕ ਖ਼ਾਸ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਘਰ ਦੀ ਹਰ ਦਿਲਚਸਪ ਖ਼ੂਬੀ ਅਤੇ ਬਾਰੀਕੀ ਨੂੰ ਦਿਖਾਇਆ ਗਿਆ ਹੈ।
ਬਾਹਰੋਂ ਕੈਮਰਾ, ਅੰਦਰੋਂ ਯਾਦਾਂ ਦਾ ਖ਼ਜ਼ਾਨਾ
ਜਦੋਂ ਕੰਟੈਂਟ ਕ੍ਰੀਏਟਰ ਪ੍ਰਿਯਮ ਸਾਰਸਵਤ ਇਸ ਘਰ ਦੇ ਮਾਲਕ ਰਵੀ ਹੋਂਗਲ ਨੂੰ ਮਿਲੇ, ਤਾਂ ਉਨ੍ਹਾਂ ਨੇ ਮਾਣ ਨਾਲ ਆਪਣੇ ਇਸ ਅਨੋਖੇ ਘਰ ਦਾ ਦੌਰਾ ਕਰਵਾਇਆ। ਘਰ ਦੇ ਅੰਦਰ ਦਾਖ਼ਲ ਹੁੰਦੇ ਹੀ ਸਭ ਤੋਂ ਪਹਿਲਾਂ ਇੱਕ ਵੱਡੀ ਸ਼ੈਲਫ਼ ਨਜ਼ਰ ਆਉਂਦੀ ਹੈ, ਜਿਸ ਵਿੱਚ ਰਵੀ ਨੇ ਆਪਣੇ 30 ਸਾਲਾਂ ਦੇ ਫੋਟੋਗ੍ਰਾਫੀ ਕਰੀਅਰ ਦੌਰਾਨ ਵਰਤੇ ਗਏ ਸਾਰੇ ਪੁਰਾਣੇ ਕੈਮਰੇ ਅਤੇ ਉਨ੍ਹਾਂ ਦੇ ਲੈਂਸ ਬਹੁਤ ਸੰਭਾਲ ਕੇ ਸਜਾ ਕੇ ਰੱਖੇ ਹੋਏ ਹਨ।
ਕੈਮਰੇ ਦੇ ਲੈਂਸ ਵਰਗੀ ਖਿੜਕੀ, ਫ਼ਿਲਮ ਰੋਲ ਵਰਗੀ ਬਾਲਕਨੀ
ਇਸ ਘਰ ਨੂੰ ਬਾਹਰੋਂ ਜਿੰਨੀ ਖ਼ੂਬਸੂਰਤੀ ਨਾਲ ਕੈਮਰੇ ਦਾ ਰੂਪ ਦਿੱਤਾ ਗਿਆ ਹੈ, ਅੰਦਰੋਂ ਵੀ ਉੱਨੀ ਹੀ ਬਾਰੀਕੀ ਨਾਲ ਹਰ ਡਿਜ਼ਾਇਨ ਤਿਆਰ ਕੀਤਾ ਗਿਆ ਹੈ। ਘਰ ਦੀ ਰਸੋਈ ਦੀ ਖਿੜਕੀ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਬਾਹਰੋਂ ਦੇਖਣ ‘ਤੇ ਉਹ ਕੈਮਰੇ ਦੇ ਵੱਡੇ ਲੈਂਸ ਵਰਗੀ ਦਿਖਾਈ ਦਿੰਦੀ ਹੈ। ਇਸ ਤੋਂ ਇਲਾਵਾ, ਬਾਲਕਨੀ ਦੀ ਰੇਲਿੰਗ ਨੂੰ ਪੁਰਾਣੇ ਸਮੇਂ ਦੇ ਕੈਮਰਿਆਂ ਵਿੱਚ ਵਰਤੀ ਜਾਣ ਵਾਲੀ ‘ਫ਼ਿਲਮ ਰੋਲ’ ਦੀ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ, ਜੋ ਇਸ ਘਰ ਨੂੰ ਹੋਰ ਵੀ ਵਿਲੱਖਣ ਅਤੇ ਆਕਰਸ਼ਕ ਬਣਾਉਂਦੀ ਹੈ।
ਪੌੜੀਆਂ ‘ਤੇ ਖ਼ਾਸ ਸੁਨੇਹੇ, ਗੂਗਲ ਫੋਟੋਜ਼ ਥੀਮ ਵਾਲਾ ਬੈੱਡਰੂਮ
ਘਰ ਦੀਆਂ ਪੌੜੀਆਂ ਚੜ੍ਹਦੇ ਹੋਏ ਹਰ ਪੌੜੀ ਦੇ ਹੇਠਾਂ ਕੈਮਰੇ ਅਤੇ ਫੋਟੋਗ੍ਰਾਫੀ ਨਾਲ ਜੁੜਿਆ ਕੋਈ ਨਾ ਕੋਈ ਖ਼ੂਬਸੂਰਤ ਸੁਨੇਹਾ ਲਿਖਿਆ ਹੋਇਆ ਨਜ਼ਰ ਆਉਂਦਾ ਹੈ। ਇਹ ਸੁਨੇਹੇ ਇਸ ਘਰ ਨੂੰ ਹੋਰ ਵੀ ਖ਼ਾਸ ਬਣਾਉਂਦੇ ਹਨ। ਇਸ ਤੋਂ ਇਲਾਵਾ, ਘਰ ਦੇ ਗੈਸਟ ਬੈੱਡਰੂਮ ਨੂੰ Google Photos ਦੀ ਥੀਮ ‘ਤੇ ਤਿਆਰ ਕੀਤਾ ਗਿਆ ਹੈ। ਕਮਰੇ ਦੀ ਕੰਧ ‘ਤੇ ਕੈਮਰੇ ਦੇ SD ਕਾਰਡ ਦਾ ਡਿਜ਼ਾਇਨ ਬਣਾਇਆ ਗਿਆ ਹੈ, ਜੋ ਇਸ ਦੀ ਵਿਲੱਖਣਤਾ ਨੂੰ ਹੋਰ ਵਧਾ ਦਿੰਦਾ ਹੈ।
ਬੱਚਿਆਂ ਦੇ ਨਾਂ ਵੀ ਹਨ ਬੇਹੱਦ ਅਨੋਖੇ!
ਰਵੀ ਹੋਂਗਲ ਦਾ ਫੋਟੋਗ੍ਰਾਫੀ ਪ੍ਰਤੀ ਜਨੂੰਨ ਸਿਰਫ਼ ਆਪਣੇ ਘਰ ਦੀ ਡਿਜ਼ਾਇਨ ਤੱਕ ਹੀ ਸੀਮਿਤ ਨਹੀਂ ਹੈ। ਜਦੋਂ ਉਨ੍ਹਾਂ ਨੇ ਕੰਟੈਂਟ ਕ੍ਰੀਏਟਰ ਪ੍ਰਿਯਮ ਸਾਰਸਵਤ ਨੂੰ ਆਪਣੇ ਪਰਿਵਾਰ ਦੀ ਤਸਵੀਰ ਦਿਖਾਈ, ਤਾਂ ਆਪਣੇ ਪੁੱਤਰਾਂ ਦੇ ਨਾਂ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਰਵੀ ਨੇ ਆਪਣੇ ਤਿੰਨ ਪੁੱਤਰਾਂ ਦੇ ਨਾਂ ਦੁਨੀਆ ਦੀਆਂ ਮਸ਼ਹੂਰ ਕੈਮਰਾ ਅਤੇ ਪ੍ਰਿੰਟਰ ਕੰਪਨੀਆਂ ਦੇ ਨਾਂ ‘ਤੇ ਰੱਖੇ ਹਨ। ਉਨ੍ਹਾਂ ਦੇ ਵੱਡੇ ਪੁੱਤਰ ਦਾ ਨਾਂ ਕੈਨਨ (Canon), ਮੱਝਲੇ ਪੁੱਤਰ ਦਾ ਨਾਂ ਨਿਕੌਨ (Nikon) ਅਤੇ ਸਭ ਤੋਂ ਛੋਟੇ ਪੁੱਤਰ ਦਾ ਨਾਂ ਐਪਸਨ (Epson) ਹੈ।
ਇਹ ਵੀ ਪੜ੍ਹੋ
ਛੋਟੀ ਜਗ੍ਹਾ ਵਿੱਚ ਵੱਡੀ ਚੁਣੌਤੀ
ਇਸ ਖ਼ੂਬਸੂਰਤ ਅਤੇ ਅਨੋਖੇ ਘਰ ਦੀ ਡਿਜ਼ਾਇਨ ਰਵੀ ਹੋਂਗਲ ਦੇ ਜੀਜਾ ਅਤੇ ਬਿਲਡਰ ਯੱਲਾਨੀ ਜਾਧਵ ਨੇ ਤਿਆਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਘਰ ਨੂੰ ਕੈਮਰੇ ਦੀ ਸ਼ਕਲ ਦੇਣਾ ਬਿਲਕੁਲ ਵੀ ਆਸਾਨ ਨਹੀਂ ਸੀ। ਜ਼ਮੀਨ ਦਾ ਖੇਤਰਫਲ ਸਿਰਫ਼ 1,100 ਵਰਗ ਫੁੱਟ ਸੀ। ਇੰਨੀ ਛੋਟੀ ਜਗ੍ਹਾ ਵਿੱਚ ਪੂਰੇ ਪਰਿਵਾਰ, ਬੱਚਿਆਂ ਅਤੇ ਮਹਿਮਾਨਾਂ ਲਈ ਵੱਖ-ਵੱਖ ਕਮਰੇ ਬਣਾਉਣਾ ਅਤੇ ਨਾਲ ਹੀ ਬਾਹਰੋਂ ਪੂਰੇ ਘਰ ਨੂੰ ਇੱਕ ਅਸਲੀ ਕੈਮਰੇ ਵਰਗੀ ਦਿੱਖ ਦੇਣਾ ਇੱਕ ਵੱਡੀ ਚੁਣੌਤੀ ਸੀ। ਹਾਲਾਂਕਿ, ਉਨ੍ਹਾਂ ਨੇ ਆਪਣੀ ਸੋਚ ਅਤੇ ਡਿਜ਼ਾਇਨ ਰਾਹੀਂ ਇਸ ਚੁਣੌਤੀ ਨੂੰ ਬੇਹੱਦ ਖ਼ੂਬਸੂਰਤੀ ਨਾਲ ਪੂਰਾ ਕੀਤਾ।
71 ਲੱਖ ਰੁਪਏ ਦੀ ਲਾਗਤ, ਬਣ ਗਿਆ ਮਸ਼ਹੂਰ Selfie Point!
ਦੱਸਿਆ ਜਾਂਦਾ ਹੈ ਕਿ ਬੇਲਗਾਵੀ ਦੇ ਸ਼ਾਸਤਰੀ ਨਗਰ ਵਿੱਚ ਸਥਿਤ ਇਸ ਵਿਲੱਖਣ ਘਰ ਨੂੰ ਬਣਾਉਣ ‘ਤੇ ਕਰੀਬ 71 ਲੱਖ ਰੁਪਏ ਦਾ ਖਰਚ ਆਇਆ ਸੀ। ਅੱਜ ਇਹ ਘਰ ਉਸ ਇਲਾਕੇ ਦਾ ਸਭ ਤੋਂ ਮਸ਼ਹੂਰ ਸੈਲਫ਼ੀ ਪੁਆਇੰਟ ਬਣ ਚੁੱਕਾ ਹੈ। ਉੱਥੋਂ ਲੰਘਣ ਵਾਲਾ ਲਗਭਗ ਹਰ ਵਿਅਕਤੀ ਰੁਕ ਕੇ ਇਸ ਅਨੋਖੇ ਘਰ ਦੀ ਤਸਵੀਰ ਆਪਣੇ ਮੋਬਾਈਲ ਵਿੱਚ ਕੈਦ ਕਰਦਾ ਹੈ। ਇਸ ਵਾਇਰਲ ਵੀਡੀਓ ਨੂੰ ਸਿਰਫ਼ ਇੱਕ ਹੀ ਦਿਨ ਵਿੱਚ ਕਰੋੜਾਂ ਵਿਊਜ਼ ਮਿਲ ਚੁੱਕੇ ਹਨ ਅਤੇ ਲੋਕ ਰਵੀ ਹੋਂਗਲ ਦੇ ਇਸ ਅਨੋਖੇ ਜਨੂੰਨ ਅਤੇ ਰਚਨਾਤਮਕ ਸੋਚ ਦੀ ਖੂਬ ਸਰਾਹਨਾ ਕਰ ਰਹੇ ਹਨ।
