OMG! ਮੱਖਣ ਦੀ ਬਾਲਟੀ ‘ਚ ਛਲਾਗਾਂ ਮਾਰ ਰਿਹਾ ਸੀ ਚੂਹਾ, ਉਸੇ ਦਾ ਬਣਾਇਆ ਘਿਓ, ਵੀਡੀਓ ਵਾਇਰਲ
Rat in Butter Bucket: ਡੇਅਰੀ 'ਤੇ ਕੰਮ ਕਰਨ ਵਾਲੇ ਇੱਕ ਵਰਕਰ ਨੇ ਆਪਣੇ ਮਾਲਿਕ ਦੀ ਪੋਲ ਖੋਲ੍ਹੀ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਇੱਕ ਮੱਖਣ ਦੀ ਬਾਲਟੀ ਵਿੱਚ ਚੂਹਾ ਨਚਦਾ ਨਜ਼ਰ ਆ ਰਿਹਾ ਹੈ। ਉਸ ਨੇ ਦੱਸਿਆ ਕਿ ਇਸ ਮੱਖਣ ਨਾਲ ਹੀ ਉਸਦੇ ਮਾਲਿਕ ਦੇ ਕਹਿਣ 'ਤੇ ਉਸ ਨੇ ਘਿਓ ਤਿਆਰ ਕੀਤਾ ਸੀ। ਹਾਲਾਂਕਿ ਇਸ ਆਰੋਪ ਨੂੰ ਦੁਕਾਨਦਾਰ ਨੇ ਸਾਫ਼ ਤੌਰ 'ਤੇ ਨਕਾਰ ਦਿੱਤਾ ਹੈ । ਨਾਲ ਹੀ ਉਸਦੀ ਦੁਕਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦਾ ਵੀ ਇਲਜ਼ਾਮ ਲਗਾਇਆ ਹੈ।
ਲੁਧਿਆਣਾ ਵਿੱਚ ਇੱਕ ਡੇਅਰੀ ਮਾਲਿਕ ‘ਤੇ ਨੌਜਵਾਨ ਨੇ ਮਿਲਾਵਟ ਕਰਨ ਦੇ ਆਰੋਪ ਲੱਗੇ ਹਨ। ਲੋਕਾਂ ਵੱਲੋਂ ਇਸ ਦੁਕਾਨਦਾਰ ਦੀ ਪੋਲ ਖੋਲਦਿਆਂ ਇੱਕ ਵੀਡੀਓ ਵਾਇਰਲ ਕੀਤੀ ਹੈ। ਇਸ ਵੀਡੀਓ ਵਿੱਚ ਮੱਖਣ ਦੀ ਬਾਲਟੀ ਵਿੱਚ ਇੱਕ ਚੂਹਾ ਘੁੰਮਦਾ ਹੋਇਆ ਦਿਖਾਈ ਦੇ ਰਿਹਾ ਹੈ। ਲੋਕਾਂ ਦਾ ਆਰੋਪ ਹੈ ਕਿ ਬਾਲਟੀ ਵਿੱਚ ਡਿੱਗੇ ਚੁਹੇ ਨੂੰ ਕੱਢਣ ਤੋਂ ਬਾਅਦ ਉਸਨੇ ਉਸੇ ਮੱਖਣ ਦਾ ਦੇਸੀ ਘਿਓ ਬਣਾ ਦਿੱਤਾ। ਨੌਜਵਾਨ ਨੇ ਕਿਹਾ ਕਿ ਉਹ ਪਹਿਲਾਂ ਇਸ ਡੇਅਰੀ ਵਿੱਚ ਹੀ ਕੰਮ ਕਰਦਾ ਸੀ।
ਉੱਧਰ ਡੇਅਰੀ ਮਾਲਿਕ ਦਾ ਆਰੋਪ ਹੈ ਕਿ ਇਲਾਕੇ ਵਿੱਚ ਨਸ਼ਾ ਵੇਚਣ ਵਾਲੇ ਮੁੰਡੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਜਦੋਂ ਉਹ ਨਸ਼ੇੜਿਆਂ ਦਾ ਵਿਰੋਧ ਕਰਦੇ ਹਨ ਤਾਂ ਬਦਲੇ ਵਿੱਚ ਉਹ ਮੁੰਡੇ ਉਨ੍ਹਾਂ ਦੀ ਦੁਕਾਨ ਦਾ ਨਾਮ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ। ਨਾਲ ਹੀ ਦੁਕਾਨਦਾਰ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਇਨ੍ਹਾਂ ਮੁੰਡਿਆਂ ਨੇ ਇੱਕ ਬੁਜ਼ੁਰਗ ਵਿਅਕਤੀ ਨਾਲ ਵੀ ਕੁੱਟਮਾਰ ਕੀਤੀ ਸੀ। ਇਹ ਮਾਮਲਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਨਜ਼ਰ ਵਿੱਚ ਵੀ ਹੈ।
ਨੌਜਵਾਨ ਨੇ ਲਗਾਏ ਗੰਭੀਰ ਆਰੋਪ
ਉੱਧਰ, ਨੌਜਵਾਨ ਨੇ ਆਰੋਪ ਲਗਾਇਆ ਹੈ ਕਿ ਤਾਜਪੂਰ ਰੋਡ ‘ਤੇ ਸਥਿਤ ਡੇਅਰੀ ਵਿੱਚ ਕੰਮ ਕਰਦਾ ਸੀ। ਦੁਕਾਨਦਾਰ ਪਿਛਲੇ 4 ਸਾਲ ਤੋਂ ਚੀਜਾਂ ਵਿੱਚ ਮਿਲਾਵਟ ਕਰ ਰਿਹਾ ਹੈ। ਡੇਅਰੀ ਵਿੱਚ ਖਾਣ-ਪੀਣ ਦਾ ਸਮਾਨ ਗੰਦਗੀ ਭਰੇ ਮਾਹੋਲ ਵਿੱਚ ਤਿਆਰ ਕੀਤਾ ਜਾਂਦਾ ਹੈ। ਸਟੋਰ ਵਿੱਚ ਜੋ ਦੁੱਧ ਤਿਆਰ ਕੀਤਾ ਜਾਂਦਾ ਹੈ ਉਸ ਵਿੱਚ ਵੀ ਪਾਊਡਰ ਮਿਲਾਇਆ ਜਾਂਦਾ ਹੈ। ਉਸ ਨੇ ਅੱਗੇ ਦੱਸਿਆ ਕਿ ਇੱਕ ਦਿਨ ਮੱਖਣ ਦੀ ਬਾਲਟੀ ਵਿੱਚ ਚੂਹਾ ਡਿੱਗ ਗਿਆ। ਚੂਹੇ ਨੂੰ ਕੱਢਣ ਤੋਂ ਬਾਅਦ ਉਸੇ ਮੱਖਣ ਨਾਲ ਦੁਕਾਨਦਾਰ ਦੇ ਕਹਿਣ ਤੇ ਉਸ ਨੇ ਘਿਓ ਤਿਆਰ ਕਰ ਦਿੱਤਾ। ਉਸ ਨੇ ਕਿਹਾ ਕਿ ਦੁਕਾਨਦਾਰ ਨੇ ਡਾਲਡਾ ਘਿਓ ਦੇ ਟੀਨ ਮੰਗਵਾ ਰੱਖੇ ਹਨ ਜਿਸ ਨੂੰ ਉਹ ਦੇਸੀ ਘਿਓ ਵਿੱਚ ਮਿਲਾ ਦਿੰਦਾ ਹੈ।
ਵੀਡੀਓ ਵਾਇਰਲ ਕਰਨ ਵਾਲੇ ਮੁੰਡੇ ਨੇ ਇਹ ਵੀ ਆਰੋਪ ਲਗਾਇਆ ਕਿ ਖ਼ਰਾਬ ਪਨੀਰ ਨੂੰ ਥੋੜਾ-ਥੋੜਾ ਕਰਕੇ ਸਹੀ ਪਨੀਰ ਵਿੱਚ ਮਿਕਸ ਕਰਕੇ ਲੋਕਾਂ ਨੂੰ ਵੇਚ ਦਿੰਦਾ ਹੈ। ਅੱਜੇ ਤੱਕ ਤਾਂ ਡੇਅਰੀ ‘ਤੇ ਸਿਹਤ ਵਿਭਾਗ ਦੀ ਰੇਡ ਨਹੀਂ ਪਈ ਹੈ ਪਰ ਜੇਕਰ ਵਿਭਾਗ ਦੀ ਟੀਮ ਦੇ ਆਉਣ ਦਾ ਸ਼ੱਕ ਹੁੰਦਾ ਹੈ ਤਾਂ ਦੁਕਾਨਦਾਰ ਫਟਾਫਟ ਦੁਕਾਨ ਦਾ ਪਿਛਲਾ ਗੇਟ ਬੰਦ ਕਰ ਦਿੰਦਾ ਹੈ।
ਦੁਕਾਨਦਾਰ ਦਾ ਸਪਸ਼ਟੀਕਰਨ
ਜਦਕਿ ਡੇਅਰੀ ਮਾਲਿਕ ਦਾ ਦਾਅਵਾ ਹੈ ਕਿ ਉਸ ਨੌਜਵਾਨ ਨੇ ਕਦੇ ਵੀ ਉਸ ਦੀ ਦੁਕਾਨ ਤੇ ਕੰਮ ਹੀ ਨਹੀਂ ਕੀਤਾ। ਉਸ ਦੀ ਦੁਕਾਨ ਵਿੱਚ ਅਜਿਹੀ ਕੋਈ ਬਾਲਟੀ ਹੀ ਨਹੀਂ ਹੈ। ਇਕ ਸਾਜਿਸ਼ ਦੇ ਤਹਿਤ ਉਸ ਦੀ ਦੁਕਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਨਸ਼ਾ ਕਰਨ ਵਾਲੇ ਮੁੰਡੇ ਇਹ ਜਾਣ-ਬੁੱਝ ਕੇ ਕਰ ਰਹੇ ਹਨ।