ਸਪੈਸ਼ਲ ਓਲੰਪਿਕਸ ਵਿੱਚ ਪੰਜਾਬ ਦੇ 7 ਖਿਡਾਰੀਆਂ ਨੇ ਜਿੱਤੇ ਤਿੰਨ ਸੋਨੇ, ਇਕ ਚਾਂਦੀ ਤੇ ਚਾਰ ਕਾਂਸੀ ਦੇ ਤਮਗ਼ੇ, ਖੇਡ ਮੰਤਰੀ ਨੇ ਦਿੱਤੀ ਮੁਬਾਰਕਬਾਦ
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸਪੈਸ਼ਲ ਓਲੰਪਿਕਸ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕਰਕੇ ਦੇਸ਼ ਦਾ ਨਾਮ ਚਮਕਾਇਆ।
ਚੰਡੀਗੜ੍ਹ ਨਿਊਜ। ਬਰਲਿਨ ਵਿਖੇ ਹਾਲ ਹੀ ਵਿੱਚ ਹੋਈਆਂ ਸਪੈਸ਼ਲ ਓਲੰਪਿਕਸ ਵਰਲਡ ਸਮਰ ਗੇਮਜ਼- 2023 (Special Olympics World Summer Games 2023)ਵਿੱਚ ਭਾਰਤੀ ਖਿਡਾਰੀਆਂ ਦੇ ਬਿਹਤਰੀਨ ਪ੍ਰਦਰਸ਼ਨ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਵੀ ਅਹਿਮ ਯੋਗਦਾਨ ਰਿਹਾ। ਪੰਜਾਬ ਦੇ ਸੱਤ ਖਿਡਾਰੀਆਂ ਨੇ ਵੱਖ-ਵੱਖ ਈਵੈਂਟਾਂ ਵਿੱਚ ਤਿੰਨ ਸੋਨੇ, ਇਕ ਚਾਂਦੀ ਤੇ ਚਾਰ ਕਾਂਸੀ ਦੇ ਤਮਗ਼ੇ ਜਿੱਤੇ।
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਹੋਰ ਵੀ ਵੱਡੀ ਗੱਲ ਹੈ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ (ਸਪੈਸ਼ਲ ਖਿਡਾਰੀ) ਅਨੇਕਾਂ ਦੁਸ਼ਵਾਰੀਆਂ ਤੇ ਔਕੜਾਂ ਦੇ ਬਾਵਜੂਦ ਆਪਣੀ ਸਖ਼ਤ ਮਿਹਨਤ ਤੇ ਲਗਨ ਨਾਲ ਖੇਡਾਂ ਵਿਚ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ ਅਤੇ ਦੇਸ਼ ਲਈ ਤਮਗ਼ੇ ਜਿੱਤ ਰਹੇ ਹਨ।
ਨਵੀਂ ਖੇਡ ਨੀਤੀ ‘ਚ ਸਪੈਸ਼ਲ ਖਿਡਾਰੀਆਂ ਨੂੰ ਤਰਜੀਹ
ਖੇਡ ਮੰਤਰੀ ਨੇ ਕਿਹਾ ਕਿ ਖੇਡ ਵਿਭਾਗ ਵੱਲੋਂ ਬਣਾਈ ਜਾ ਰਹੀ ਨਵੀਂ ਖੇਡ ਨੀਤੀ ਵਿੱਚ ਪੈਰਾ ਸਪੋਰਟਸ ਦੇ ਨਾਲ ਸਪੈਸ਼ਲ ਓਲੰਪਿਕਸ, ਡੈਫ ਤੇ ਬਲਾਈਂਡ ਗੇਮਜ਼ ਦੇ ਖਿਡਾਰੀਆਂ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ। ਉਨ੍ਹਾਂ ਇਸ ਮਾਣਮੱਤੀ ਪ੍ਰਾਪਤੀ ਦਾ ਸਿਹਰਾ ਖਿਡਾਰੀਆਂ ਦੇ ਨਾਲ ਉਨ੍ਹਾਂ ਦੇ ਮਾਪਿਆਂ ਤੇ ਕੋਚਿੰਗ ਸਟਾਫ ਸਿਰ ਬੰਨ੍ਹਦਿਆਂ ਸਪੈਸ਼ਲ ਓਲੰਪਿਕਸ ਪੰਜਾਬ ਸਲਾਹਕਾਰ ਡਾ.ਪਰਮਜੀਤ ਸਚਦੇਵਾ ਦੀ ਅਗਵਾਈ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਵੀ ਸਰਾਹਨਾ ਕੀਤੀ।
ਮੀਤ ਹੇਅਰ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਖਿਡਾਰੀਆਂ ਵੱਲੋਂ ਜਿੱਤੇ ਤਮਗ਼ਿਆਂ ਵਿੱਚ ਰੋਲਰ ਸਕੇਟਿੰਗ ਵਿੱਚ ਐਮ.ਡੀ. ਨਿਸਾਰ ਨੇ ਸੋਨੇ ਦਾ ਤਮਗ਼ਾ, ਰੇਨੂੰ ਨੇ ਦੋ ਕਾਂਸੀ ਦੇ ਤਮਗ਼ੇ ਅਤੇ ਸੀਤਾ ਨੇ ਇਕ ਕਾਂਸੀ ਦਾ ਤਮਗ਼ਾ ਜਿੱਤਿਆ। ਰਵਾਇਤੀ ਫ਼ੁਟਬਾਲ ਵਿੱਚ ਜਤਿੰਦਰ ਸਿੰਘ ਤੇ ਹਰਜੀਤ ਸਿੰਘ ਨੇ ਸੋਨੇ ਦਾ ਤਮਗ਼ਾ, ਬਾਸਕਟਬਾਲ ਵਿੱਚ ਪ੍ਰਿਆ ਦੇਵੀ ਨੇ ਚਾਂਦੀ ਦਾ ਤਮਗ਼ਾ ਅਤੇ ਯੂਨੀਫਾਈਡ ਫ਼ੁਟਬਾਲ ਵਿੱਚ ਜੋਤੀ ਕੌਰ ਨੇ ਕਾਂਸੀ ਦਾ ਤਮਗ਼ਾ ਜਿੱਤਿਆ।
ਭਾਰਤ ਦੇ ਖੇਡ ਦਲ ਵਿੱਚ ਪੰਜਾਬ ਦੇ 9 ਮੈਂਬਰ ਸ਼ਾਮਲ ਸਨ ਜਿਨ੍ਹਾਂ ਵਿੱਚ 7 ਸਪੈਸ਼ਲ ਖਿਡਾਰੀ, ਇਕ ਯੂਨੀਫਾਈਡ ਪਾਰਟਨਰ ਤੇ ਇਕ ਕੋਚ ਸ਼ਾਮਲ ਸੀ। ਇਨ੍ਹਾਂ ਵਿੱਚੋਂ ਸੱਤ ਖਿਡਾਰੀਆਂ ਨੇ ਰੋਲਰ ਸਕੇਟਿੰਗ, ਯੂਨੀਫਾਈਡ ਤੇ ਰਵਾਇਤੀ ਫ਼ੁਟਬਾਲ ਅਤੇ ਬਾਸਕਟਬਾਲ ਵਿੱਚ ਤਿੰਨ ਸੋਨੇ, ਇਕ ਚਾਂਦੀ ਤੇ ਚਾਰ ਕਾਂਸੀ ਦੇ ਤਮਗ਼ੇ ਜਿੱਤੇ।ਇਸ ਤੋਂ ਇਲਾਵਾ ਹਿੱਸਾ ਲੈਣ ਵਾਲਿਆਂ ਵਿੱਚ ਪੰਜਾਬ ਦੇ ਦੋ ਖਿਡਾਰੀ ਨਵਪ੍ਰੀਤ ਸਿੰਘ ਤੇ ਅੰਜਨਾ ਸੀ।
ਇਹ ਵੀ ਪੜ੍ਹੋ
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ