Paris Paralympics 2024: ਭਾਰਤ ਨੂੰ ਮਿਲਿਆ ਦੂਜਾ ਗੋਲਡ, ਨਿਤੇਸ਼ ਕੁਮਾਰ ਨੇ ਬੈਡਮਿੰਟਨ ‘ਚ ਮਾਰੀ ਬਾਜੀ
Paris Paralympics 2024: ਭਾਰਤ ਨੂੰ ਦੂਜਾ ਸੋਨ ਤਗਮਾ ਮਿਲ ਗਿਆ ਹੈ। ਨਿਤੇਸ਼ ਕੁਮਾਰ ਨੇ ਪੁਰਸ਼ ਸਿੰਗਲ ਬੈਡਮਿੰਟਨ ਐੱਸਐੱਲ3 ਵਿੱਚ ਸੋਨ ਤਗਮਾ ਜਿੱਤਿਆ ਹੈ। ਇਸ ਦੇ ਨਾਲ ਭਾਰਤ ਦੇ ਕੋਲ ਹੁਣ ਕੁੱਲ 9 ਮੈਡਲ ਹੋ ਗਏ ਹਨ।
ਪੈਰਿਸ ਪੈਰਾਲੰਪਿਕ ‘ਚ ਭਾਰਤੀ ਐਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਹੁਣ ਬੈਡਮਿੰਟਨ ਖਿਡਾਰੀ ਨਿਤੇਸ਼ ਕੁਮਾਰ ਨੇ ਪੁਰਸ਼ ਸਿੰਗਲਜ਼ ਦੇ SL3 ਵਰਗ ਵਿੱਚ ਸੋਨ ਤਮਗਾ ਜਿੱਤ ਲਿਆ ਹੈ। 2 ਸਤੰਬਰ (ਸੋਮਵਾਰ) ਨੂੰ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਨਿਤੇਸ਼ ਨੇ ਗ੍ਰੇਟ ਬ੍ਰਿਟੇਨ ਦੇ ਡੇਨੀਅਲ ਬੈਥਲ ਨੂੰ 21-14, 18-21, 23-21 ਨਾਲ ਹਰਾਇਆ। ਦੋਵਾਂ ਵਿਚਾਲੇ ਇਹ ਮੈਚ 1 ਘੰਟਾ 20 ਮਿੰਟ ਤੱਕ ਚੱਲਿਆ। SL3 ਸ਼੍ਰੇਣੀ ਦੇ ਖਿਡਾਰੀਆਂ ਦੇ ਸਰੀਰ ਦੇ ਹੇਠਲੇ ਹਿੱਸੇ ਵਿੱਚ ਵਧੇਰੇ ਗੰਭੀਰ ਵਿਕਾਰ ਹੁੰਦੇ ਹਨ ਅਤੇ ਅੱਧ-ਚੌੜਾਈ ਵਾਲੇ ਕੋਰਟਾਂ ‘ਤੇ ਖੇਡਦੇ ਹਨ। ਪੈਰਿਸ ਪੈਰਾਲੰਪਿਕ ‘ਚ ਇਹ ਭਾਰਤ ਦਾ ਦੂਜਾ ਸੋਨ ਤਮਗਾ ਹੈ। ਇਸ ਤੋਂ ਪਹਿਲਾਂ ਅਵਨੀ ਲੇਖਰਾ ਨੇ ਨਿਸ਼ਾਨੇਬਾਜ਼ੀ ਵਿੱਚ ਗੋਲਡ ਜਿੱਤਿਆ ਸੀ।
ਨਿਤੇਸ਼ ਨੇ ਇਤਿਹਾਸ ਰਚਿਆ
ਫਾਈਨਲ ਮੈਚ ਵਿੱਚ ਨਿਤੇਸ਼ ਕੁਮਾਰ ਨੇ ਪਹਿਲੀ ਗੇਮ ਆਸਾਨੀ ਨਾਲ ਜਿੱਤ ਲਈ। ਪਰ ਇਸ ਤੋਂ ਬਾਅਦ ਬ੍ਰਿਟਿਸ਼ ਖਿਡਾਰੀ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਦੂਜੀ ਗੇਮ ਜਿੱਤ ਕੇ ਮੈਚ ਬਰਾਬਰ ਕਰ ਦਿੱਤਾ। ਫਿਰ ਤੀਸਰੇ ਗੇਮ ਵਿੱਚ ਦੋਵਾਂ ਖਿਡਾਰੀਆਂ ਵਿੱਚ ਸਖ਼ਤ ਮੁਕਾਬਲਾ ਹੋਇਆ, ਜਿਸ ਵਿੱਚ ਨਿਤੇਸ਼ ਨੇ ਜਿੱਤ ਹਾਸਲ ਕੀਤੀ। ਨਿਤੇਸ਼ ਪੈਰਾਲੰਪਿਕ ‘ਚ ਸੋਨ ਤਮਗਾ ਜਿੱਤਣ ਵਾਲੇ ਦੂਜੇ ਬੈਡਮਿੰਟਨ ਖਿਡਾਰੀ ਹਨ। ਇਸ ਤੋਂ ਪਹਿਲਾਂ ਪ੍ਰਮੋਦ ਭਗਤ ਨੇ ਟੋਕੀਓ ਪੈਰਾਲੰਪਿਕ ਵਿੱਚ ਇਸੇ ਵਰਗ ਵਿੱਚ ਸੋਨ ਤਮਗਾ ਜਿੱਤਿਆ ਸੀ।
ਚੋਟੀ ਦਾ ਦਰਜਾ ਪ੍ਰਾਪਤ ਭਾਰਤੀ ਨਿਤੇਸ਼ ਨੇ ਸੈਮੀਫਾਈਨਲ ‘ਚ ਜਾਪਾਨ ਦੇ ਡੇਸੁਕੇ ਫੁਜਿਹਾਰਾ ‘ਤੇ ਸ਼ਾਨਦਾਰ ਮੈਚ ਜਿੱਤ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ ਸੀ। ਸੈਮੀਫਾਈਨਲ ‘ਚ ਫੁਜਿਹਾਰਾ ‘ਤੇ 21-16, 21-12 ਨਾਲ ਜਿੱਤ ਦਰਜ ਕਰਕੇ ਆਪਣਾ ਦਬਦਬਾ ਦਿਖਾਇਆ। 2009 ਵਿੱਚ ਇੱਕ ਦੁਰਘਟਨਾ ਵਿੱਚ ਉਨ੍ਹਾਂ ਦੀ ਖੱਬੀ ਲੱਤ ਹਮੇਸ਼ਾ ਲਈ ਅਪਾਹਜ ਹੋ ਗਈ ਸੀ।
ਪੈਰਿਸ ਪੈਰਾਲੰਪਿਕ ‘ਚ ਭਾਰਤ ਦੇ ਮੈਡਲਾਂ ਦੀ ਗਿਣਤੀ ਹੁਣ 9 ਹੋ ਗਈ ਹੈ। ਹੁਣ ਤੱਕ ਭਾਰਤ ਦੇ ਖਾਤੇ ਵਿੱਚ ਦੋ ਸੋਨ, ਤਿੰਨ ਚਾਂਦੀ ਅਤੇ ਚਾਰ ਕਾਂਸੀ ਦੇ ਤਗਮੇ ਹਨ। ਸਭ ਤੋਂ ਪਹਿਲਾਂ, ਅਵਨੀ ਲੇਖਰਾ ਨੇ ਸ਼ੁੱਕਰਵਾਰ (30 ਅਗਸਤ) ਨੂੰ R2 ਮਹਿਲਾ 10 ਮੀਟਰ ਏਅਰ ਰਾਈਫਲ (SH1) ਈਵੈਂਟ ਵਿੱਚ ਸੋਨ ਤਮਗਾ ਜਿੱਤਿਆ। ਅਵਨੀ ਨੇ ਪੈਰਾਲੰਪਿਕ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ। ਇਸੇ ਈਵੈਂਟ ਵਿੱਚ ਭਾਰਤ ਦੀ ਮੋਨਾ ਅਗਰਵਾਲ ਨੇ ਕਾਂਸੀ ਦਾ ਤਗ਼ਮਾ ਜਿੱਤਿਆ।