ਭਾਰਤ ਦੀ ਝੋਲੀ ‘ਚ ਆਇਆ 24ਵਾਂ ਮੈਡਲ, ਧਰਮਬੀਰ ਨੂੰ ਕਲੱਬ ਥਰੋਅ ‘ਚ ਸੋਨ ਤੇ ਪ੍ਰਣਬ ਨੇ ਚਾਂਦੀ ਤਗਮਾ
Paris Paralympics 2024: ਇਸ ਵਾਰ ਪੈਰਿਸ ਪੈਰਾਲੰਪਿਕ 'ਚ ਭਾਰਤ ਹਰ ਰੋਜ਼ ਨਵਾਂ ਇਤਿਹਾਸ ਲਿਖ ਰਿਹਾ ਹੈ। ਭਾਰਤ ਨੇ ਕਲੱਬ ਥਰੋਅ F51 ਵਿੱਚ ਵੀ ਡਬਲ ਪੋਡੀਅਮ ਫਿਨਿਸ਼ ਹਾਸਿਲ ਕੀਤੀ। ਇਸ ਵਾਰ ਧਰਮਬੀਰ ਨੇ 34.92 ਮੀਟਰ ਥਰੋਅ ਨਾਲ ਦੇਸ਼ ਲਈ ਸੋਨ ਤਗਮਾ ਜਿੱਤਿਆ ਹੈ। ਪ੍ਰਣਬ ਸੁਰਮਾ ਨੇ ਵੀ 34.59 ਦੇ ਸਰਵੋਤਮ ਥਰੋਅ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ।
Paris Paralympics 2024: ਇਸ ਵਾਰ ਪੈਰਿਸ ਪੈਰਾਲੰਪਿਕ ‘ਚ ਭਾਰਤ ਹਰ ਰੋਜ਼ ਨਵਾਂ ਇਤਿਹਾਸ ਲਿਖ ਰਿਹਾ ਹੈ। ਭਾਰਤ ਨੇ ਕਲੱਬ ਥਰੋਅ F51 ਵਿੱਚ ਡਬਲ ਪੋਡੀਅਮ ਫਿਨਿਸ਼ ਹਾਸਿਲ ਕੀਤਾ ਹੈ। ਧਰਮਬੀਰ ਨੇ 34.92 ਮੀਟਰ ਦੀ ਥਰੋਅ ਨਾਲ ਦੇਸ਼ ਲਈ ਸੋਨ ਤਮਗਾ ਜਿੱਤਿਆ ਹੈ। ਪ੍ਰਣਬ ਸੁਰਮਾ ਨੇ ਵੀ 34.59 ਦੇ ਸਰਵੋਤਮ ਥਰੋਅ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ। ਭਾਰਤ ਨੇ ਹੁਣ ਤੱਕ 24 ਤਗਮੇ ਜਿੱਤੇ ਹਨ। ਭਾਰਤ ਦਾ ਇਹ ਪੰਜਵਾਂ ਸੋਨ ਤਗਮਾ ਹੈ।
ਇਹ ਭਾਰਤ ਲਈ ਇੱਕ ਹੋਰ ਸ਼ਾਨਦਾਰ ਦਿਨ ਸੀ। ਸਚਿਨ ਨੇ ਬੁੱਧਵਾਰ ਨੂੰ ਚਾਂਦੀ ਦੇ ਨਾਲ ਆਪਣਾ ਤਮਗਾ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਦੇਰ ਰਾਤ ਧਰਮਬੀਰ ਸਿੰਘ ਨੇ ਉਸੇ ਦਿਨ ਭਾਰਤ ਲਈ ਦੂਜਾ ਸੋਨ ਤਗਮਾ ਜਿੱਤਿਆ ਜਦਕਿ ਪ੍ਰਣਬ ਨੇ ਚਾਂਦੀ ਦਾ ਤਗਮਾ ਜਿੱਤ ਕੇ ਦਿਨ ਦਾ ਅੰਤ ਕੀਤਾ। ਇੰਨਾ ਹੀ ਨਹੀਂ ਖਿਡਾਰੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਨੰਬਰ ਟੇਬਲ ‘ਚ ਵੀ ਛਾਲ ਮਾਰ ਦਿੱਤੀ ਹੈ। ਭਾਰਤ ਹੁਣ 13ਵੇਂ ਸਥਾਨ ‘ਤੇ ਆ ਗਿਆ ਹੈ।
ਬੁੱਧਵਾਰ ਨੂੰ ਪੁਰਸ਼ਾਂ ਦੇ ਥਰੋਅ ‘ਚ ਖਿਡਾਰੀ ਧਰਮਬੀਰ ਦੀ ਸ਼ੁਰੂਆਤ ਥੋੜ੍ਹੀ ਖਰਾਬ ਰਹੀ। ਉਸ ਦੇ ਪਹਿਲੇ ਚਾਰ ਥਰੋਅ ਫਾਊਲ ਸਨ। ਪਰ 5ਵੇਂ ਥਰੋਅ ‘ਚ ਉਨ੍ਹਾਂ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ, ਜਿਸ ਕਾਰਨ ਇਸ ਥਰੋਅ ਨੇ 34.92 ਮੀਟਰ ਦੀ ਦੂਰੀ ਤੈਅ ਕੀਤੀ। ਅੰਤ ‘ਚ ਧਰਮਬੀਰ ਦੇ ਇਸ ਥਰੋਅ ਨੇ ਭਾਰਤ ਨੂੰ ਸੋਨਾ ਦਿਵਾਇਆ। ਇਸ ਦੇ ਨਾਲ ਹੀ ਦੂਜੇ ਪਾਸੇ ਪ੍ਰਣਬ ਸੁਰਮਾ ਨੇ 34.59 ਮੀਟਰ ਦਾ ਪਹਿਲਾ ਥਰੋਅ ਕੀਤਾ। ਇਹ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ ਸੀ। ਇਸ ਥਰੋਅ ਨੇ ਉਸ ਨੇ ਚਾਂਦੀ ਦਾ ਤਗਮਾ ਜਿੱਤ ਲਿਆ। ਇਸੇ ਖੇਡ ਵਿੱਚ ਇੱਕ ਹੋਰ ਭਾਰਤੀ ਖਿਡਾਰੀ ਅਮਿਤ ਕੁਮਾਰ ਨੂੰ ਨਿਰਾਸ਼ਾ ਹੱਥ ਲੱਗੀ। ਫਾਈਨਲ ਵਿੱਚ 10 ਅਥਲੀਟ ਚੁਣੇ ਗਏ ਅਤੇ ਉਹ 10ਵੇਂ ਨੰਬਰ ‘ਤੇ ਰਹੇ।
ਇਨ੍ਹਾਂ ਖਿਡਾਰੀਆਂ ਨੇ ਗੋਲਡ ਜਿੱਤਿਆ
ਭਾਰਤ ਨੇ ਪੈਰਿਸ ਪੈਰਾਲੰਪਿਕ 2024 ਵਿੱਚ ਹੁਣ ਤੱਕ ਕੁੱਲ 24 ਤਗਮੇ ਜਿੱਤੇ ਹਨ, ਜਿਸ ਵਿੱਚ ਪੰਜ ਸੋਨ, 9 ਚਾਂਦੀ ਅਤੇ 10 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ ਨੇ ਟੋਕੀਓ ਪੈਰਾਲੰਪਿਕ ‘ਚ ਵੀ ਸੋਨ ਤਮਗਾ ਜਿੱਤਣ ਦੀ ਬਰਾਬਰੀ ਕਰ ਲਈ ਹੈ। ਭਾਰਤ ਨੇ ਟੋਕੀਓ ਵਿੱਚ ਵੀ 5 ਗੋਲਡ ਜਿੱਤੇ ਸਨ। ਇਸ ਦੌਰਾਨ ਭਾਰਤ ਪੈਰਾਲੰਪਿਕ ‘ਚ ਤਮਗਾ ਸੂਚੀ ‘ਚ 13ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਭਾਰਤ ਲਈ ਹੁਣ ਤੱਕ ਅਵਨੀ ਲੇਖਰਾ ਨੇ ਨਿਸ਼ਾਨੇਬਾਜ਼ੀ ਵਿੱਚ, ਨਿਤੇਸ਼ ਕੁਮਾਰ ਨੇ ਬੈਡਮਿੰਟਨ ਵਿੱਚ, ਸੁਮਿਤ ਅੰਤਿਲ ਨੇ ਜੈਵਲਿਨ ਥਰੋਅ ਵਿੱਚ, ਹਰਵਿੰਦਰ ਸਿੰਘ ਨੇ ਤੀਰਅੰਦਾਜ਼ੀ ਵਿੱਚ ਅਤੇ ਧਰਮਬੀਰ ਨੇ ਕਲੱਬ ਥਰੋਅ ਵਿੱਚ ਸੋਨ ਤਗਮੇ ਜਿੱਤੇ ਹਨ।