PCB ਦੀ ICC ਨੂੰ ਧਮਕੀ, ਇਨ੍ਹਾਂ ਦੋ ਵੱਡੇ ਟੂਰਨਾਮੈਂਟਾਂ ‘ਚ ਭਾਰਤ ਤੋਂ ਲਵੇਗਾ ਚੈਂਪੀਅਨਸ ਟਰਾਫੀ ਦਾ ਬਦਲਾ
ICC Vs PCB on Champion Trophy: ਪਾਕਿਸਤਾਨ ਕ੍ਰਿਕਟ ਬੋਰਡ ਨੇ ਹੁਣ ਚੈਂਪੀਅਨਸ ਟਰਾਫੀ ਦਾ ਬਦਲਾ ਲੈਣ ਦਾ ਫੈਸਲਾ ਕੀਤਾ ਹੈ। ਉਸ ਨੇ ਇਸ ਲਈ ਆਈਸੀਸੀ ਨੂੰ ਧਮਕੀ ਵੀ ਦੇ ਦਿੱਤੀ ਹੈ। ਬੋਰਡ ਨੇ ਕਿਹਾ ਹੈ ਕਿ ਜੇਕਰ ਚੈਂਪੀਅਨਸ ਟਰਾਫੀ ਨੂੰ ਹਾਈਬ੍ਰਿਡ ਮਾਡਲ 'ਚ ਕਰਵਾਉਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਤਾਂ ਉਹ ਭਵਿੱਖ 'ਚ ਭਾਰਤ 'ਚ ਹੋਣ ਵਾਲੇ ਟੂਰਨਾਮੈਂਟ ਲਈ ਵੀ ਅਜਿਹੀ ਮੰਗ ਕਰੇਗਾ।
ਪਾਕਿਸਤਾਨ ਕ੍ਰਿਕਟ ਬੋਰਡ ਅਗਲੇ ਸਾਲ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਪਰ ਇਸ ਟੂਰਨਾਮੈਂਟ ਦੇ ਆਯੋਜਨ ਨੂੰ ਲੈ ਕੇ ਬੀਸੀਸੀਆਈ ਅਤੇ ਪੀਸੀਬੀ ਵਿਚਾਲੇ ਵਿਵਾਦ ਖਤਮ ਨਹੀਂ ਹੋ ਰਿਹਾ ਹੈ। ਹੁਣ ਆਈਸੀਸੀ ਨੇ ਦੋਵਾਂ ਬੋਰਡਾਂ ਵਿਚਾਲੇ ਮਤਭੇਦਾਂ ਨੂੰ ਸੁਲਝਾਉਣ ਲਈ ਵਰਚੁਅਲ ਮੀਟਿੰਗ ਦਾ ਆਯੋਜਨ ਕੀਤਾ ਹੈ। ਉਮੀਦ ਹੈ ਕਿ ਇਸ ਦੌਰਾਨ ਆਈਸੀਸੀ ਪਾਕਿਸਤਾਨ ‘ਤੇ ਹਾਈਬ੍ਰਿਡ ਮਾਡਲ ‘ਚ ਟੂਰਨਾਮੈਂਟ ਕਰਵਾਉਣ ਲਈ ਦਬਾਅ ਬਣਾਏਗੀ। ਇਸ ਦੌਰਾਨ ਪੀਸੀਬੀ ਨੇ ਹੁਣ ਇੱਕ ਨਵੀਂ ਧਮਕੀ ਦਿੱਤੀ ਹੈ, ਜਿਸ ਵਿੱਚ ਕਿਹਾ ਹੈ ਕਿ ਜੇਕਰ ਅਜਿਹਾ ਹੋਇਆ ਤਾਂ ਉਹ ਭਵਿੱਖ ਵਿੱਚ ਚੈਂਪੀਅਨਸ ਟਰਾਫੀ ਦਾ ਬਦਲਾ ਲਵੇਗਾ ਅਤੇ ਭਾਰਤ ਦੇ ਸਾਹਮਣੇ ਵੀ ਅਜਿਹੀ ਹੀ ਮੰਗ ਕਰੇਗਾ।
ਪਾਕਿਸਤਾਨ ਇਨ੍ਹਾਂ ਟੂਰਨਾਮੈਂਟਾਂ ‘ਚ ਲਵੇਗਾ ਬਦਲਾ
ਚੈਂਪੀਅਨਸ ਟਰਾਫੀ ਤੋਂ ਬਾਅਦ ਭਾਰਤ ਵਿੱਚ ਦੋ ਵੱਡੇ ਟੂਰਨਾਮੈਂਟ ਹੋਣੇ ਹਨ। ਮਹਿਲਾ ਵਨਡੇ ਵਿਸ਼ਵ ਕੱਪ ਦੀ ਮੇਜ਼ਬਾਨੀ ਅਗਲੇ ਸਾਲ ਭਾਰਤ ਵਿੱਚ ਹੋਣੀ ਹੈ। ਇਸ ਤੋਂ ਬਾਅਦ ਪੁਰਸ਼ਾਂ ਦਾ ਟੀ-20 ਵਿਸ਼ਵ ਕੱਪ 2026 ਵਿੱਚ ਭਾਰਤ ਅਤੇ ਸ਼੍ਰੀਲੰਕਾ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਦੇ ਮੱਦੇਨਜ਼ਰ ਪੀਸੀਬੀ ਵੀ ਬੀਸੀਸੀਆਈ ਵਾਂਗ ਹੀ ਰੁਖ਼ ਅਪਣਾ ਸਕਦਾ ਹੈ। ‘ਦ ਟੈਲੀਗ੍ਰਾਫ’ ਨੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਸੂਤਰਾਂ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਜੇਕਰ ਚੈਂਪੀਅਨਸ ਟਰਾਫੀ ਨੂੰ ਹਾਈਬ੍ਰਿਡ ਮਾਡਲ ‘ਚ ਕਰਵਾਉਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਅਗਲੇ ਦੋ ਵੱਡੇ ਟੂਰਨਾਮੈਂਟਾਂ ਲਈ ਵੀ ਇਹੀ ਮੰਗ ਕਰੇਗਾ।
ਸੂਤਰਾਂ ਦੀ ਮੰਨੀਏ ਤਾਂ PCB ਨੇ ਧਮਕੀ ਦਿੱਤੀ ਹੈ ਕਿ ਭਵਿੱਖ ‘ਚ ਉਹ ਮਹਿਲਾ ਵਨਡੇ ਵਿਸ਼ਵ ਕੱਪ ਲਈ ਆਪਣੀ ਟੀਮ ਭਾਰਤ ਨਹੀਂ ਭੇਜੇਗਾ। ਇਸਦੇ ਲਈ ਵੀ ਆਈਸੀਸੀ ਨੂੰ ਹਾਈਬ੍ਰਿਡ ਮਾਡਲ ਅਪਣਾਉਣਾ ਹੋਵੇਗਾ। ਇਸ ਤੋਂ ਇਲਾਵਾ ਉਹ ਟੀ-20 ਵਿਸ਼ਵ ਕੱਪ 2026 ਦੇ ਸਾਰੇ ਮੈਚ ਭਾਰਤ ‘ਚ ਨਹੀਂ ਬਲਕਿ ਸ਼੍ਰੀਲੰਕਾ ‘ਚ ਖੇਡਣਗੇ।
ਜੇਕਰ ਇਨ੍ਹਾਂ ਦੋਵਾਂ ਟੂਰਨਾਮੈਂਟਾਂ ਵਿੱਚ ਹਾਈਬ੍ਰਿਡ ਮਾਡਲ ਦੀ ਉਸ ਦੀ ਮੰਗ ਨਾ ਮੰਨੀ ਗਈ ਤਾਂ ਉਹ ਆਪਣਾ ਨਾਂ ਵਾਪਸ ਲੈ ਲਵੇਗਾ। ਤੁਹਾਨੂੰ ਦੱਸ ਦੇਈਏ ਕਿ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਹਾਲ ਹੀ ਵਿੱਚ ਆਪਣੀ ਪ੍ਰੈਸ ਕਾਨਫਰੰਸ ਵਿੱਚ ਸਖ਼ਤ ਸ਼ਬਦਾਂ ਵਿੱਚ ਕਿਹਾ ਸੀ ਕਿ ਜੇਕਰ ਭਾਰਤੀ ਟੀਮ ਪਾਕਿਸਤਾਨ ਨਹੀਂ ਜਾਂਦੀ ਤਾਂ ਪਾਕਿਸਤਾਨੀ ਟੀਮ ਵੀ ਭਾਰਤ ਨਹੀਂ ਜਾਵੇਗੀ।
BCCI ਨੇ ਕੀ ਕਿਹਾ?
ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਵੀ ਚੈਂਪੀਅਨਸ ਟਰਾਫੀ ਦੇ ਮੁੱਦੇ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘ਆਈਸੀਸੀ ਚੈਂਪੀਅਨਜ਼ ਟਰਾਫੀ ਨੂੰ ਹਾਈਬ੍ਰਿਡ ਮਾਡਲ ‘ਚ ਕਰਵਾਉਣ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵਿਕਲਪ ਵੀ ਹਨ। ਸਾਡੇ ਲਈ ਭਾਰਤੀ ਖਿਡਾਰੀਆਂ ਦੀ ਸੁਰੱਖਿਆ ਪਹਿਲ ਹੈ, ਇਸ ਆਧਾਰ ‘ਤੇ ਫੈਸਲਾ ਲਿਆ ਜਾਵੇਗਾ। ਹਾਲੇ ਗੱਲਬਾਤ ਚੱਲ ਰਹੀ ਹੈ, ਜਦੋਂ ਸਭ ਕੁਝ ਤੈਅ ਹੋ ਜਾਵੇਗਾ ਤਾਂ ਅਸੀਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ।