IPL 2025 ਦੇ ਨਿਯਮ: ਮੈਚ ਰੱਦ ਜਾਂ ਟਾਈ ਹੋਇਆ ਤਾਂ ਕੀ ਹੋਵੇਗਾ, ਕਿਉਂ ਹਰ ਵਿਰੋਧੀ ਨਾਲ 2 ਵਾਰ ਨਹੀਂ ਭਿੜੇਗੀ ਇੱਕ ਟੀਮ?
IPL 2025 Rules: ਆਈਪੀਐਲ 2025 ਦਾ 18ਵਾਂ ਸੀਜ਼ਨ 22 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ, 10 ਟੀਮਾਂ ਹਿੱਸਾ ਲੈਣਗੀਆਂ ਅਤੇ ਹਰੇਕ ਟੀਮ 14 ਮੈਚ ਖੇਡੇਗੀ, ਜਿਸ ਵਿੱਚ ਇਸਦਾ ਸਾਹਮਣਾ 5 ਵਿਰੋਧੀ ਟੀਮਾਂ ਨਾਲ ਦੋ-ਦੋ ਵਾਰ ਹੋਵੇਗਾ, ਜਦੋਂ ਕਿ ਚਾਰ ਨਾਲ ਸਿਰਫ ਇੱਕ ਵਾਰ ਹੀ ਟਕਰਾਵੇਗੀ। ਆਓ ਜਾਣਦੇ ਹਾਂ 18ਵੇਂ ਸੀਜ਼ਨ ਨਾਲ ਜੁੜੇ ਜਰੂਰੀ ਨਿਯਮਾਂ ਬਾਰੇ।

ਆਈਪੀਐਲ 2025 ਸੀਜ਼ਨ 22 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ, ਜਦੋਂ ਕਿ ਇਸਦਾ ਫਾਈਨਲ ਮੈਚ 25 ਮਈ ਨੂੰ ਖੇਡਿਆ ਜਾਵੇਗਾ। ਇਸ ਵਾਰ ਇਹ ਟੂਰਨਾਮੈਂਟ ਦਾ 18ਵਾਂ ਸੀਜ਼ਨ ਹੈ, ਜਿਸ ਦਾ ਪਹਿਲਾ ਮੈਚ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਖੇਡਿਆ ਜਾਵੇਗਾ। ਦੋਵਾਂ ਵਿਚਾਲੇ ਸਖ਼ਤ ਮੁਕਾਬਲੇ ਦੀ ਉਮੀਦ ਹੈ। ਪਰ ਮੈਚ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਹ ਰੱਦ ਵੀ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਇਸ ਮੈਚ ਤੋਂ ਪਹਿਲਾਂ ਫੈਨਜ਼ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਜੇਕਰ ਮੈਚ ਟਾਈ ਜਾਂ ਰੱਦ ਹੁੰਦਾ ਹੈ ਤਾਂ ਕੀ ਹੋਵੇਗਾ? ਇਸ ਤੋਂ ਇਲਾਵਾ, ਅੱਜ ਅਸੀਂ ਤੁਹਾਨੂੰ IPL 2025 ਪਲੇਆਫ, ਪੁਆਇੰਟ ਸਿਸਟਮ ਅਤੇ ਲੀਗ ਪੜਾਅ ਦੇ ਮਹੱਤਵਪੂਰਨ ਨਿਯਮਾਂ ਬਾਰੇ ਵੀ ਦੱਸਾਂਗੇ।
ਮੈਚ ਟਾਈ ਜਾਂ ਰੱਦ ਹੋਇਆ ਤਾਂ ਕੀ ਹੋਵੇਗਾ?
ਆਈਪੀਐਲ 2025 ਵਿੱਚ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਹਰੇਕ ਟੀਮ ਨੂੰ ਜਿੱਤਣ ਲਈ 2 ਅੰਕ ਦਿੱਤੇ ਜਾਣਗੇ। ਪਰ ਜੇਕਰ ਕਿਸੇ ਕਾਰਨ ਕਰਕੇ ਮੈਚ ਰੱਦ ਕਰਨਾ ਪੈਂਦਾ ਹੈ ਅਤੇ ਕੋਈ ਨਤੀਜਾ ਨਹੀਂ ਨਿਕਲਦਾ, ਤਾਂ ਦੋਵਾਂ ਟੀਮਾਂ ਵਿਚਕਾਰ 1-1 ਅੰਕ ਵੰਡੇ ਜਾਣਗੇ। ਹਾਲਾਂਕਿ, ਜੇਕਰ ਮੈਚ ਟਾਈ ਹੁੰਦਾ ਹੈ ਤਾਂ ਨਤੀਜਾ ਸੁਪਰ ਓਵਰ ਰਾਹੀਂ ਤੈਅ ਕੀਤਾ ਜਾਵੇਗਾ ਅਤੇ ਜੇਤੂ ਟੀਮ ਨੂੰ 2 ਅੰਕ ਮਿਲਣਗੇ। ਇਸ ਤਰ੍ਹਾਂ, ਲੀਗ ਸਟੇਜ ਦੌਰਾਨ ਖੇਡੇ ਗਏ 14 ਮੈਚਾਂ ਤੋਂ ਬਾਅਦ, ਟਾਪ- 4 ਟੀਮਾਂ ਪਲੇਆਫ ਲਈ ਕੁਆਲੀਫਾਈ ਕਰਨਗੀਆਂ। ਉੱਥੇ ਹੀ, ਜੇਕਰ ਦੋ ਜਾਂ ਦੋ ਤੋਂ ਵੱਧ ਟੀਮਾਂ ਦੇ ਅੰਕ ਸੂਚੀ ਵਿੱਚ ਬਰਾਬਰ ਅੰਕ ਹਨ, ਤਾਂ ਟਾਪ-4 ਅਤੇ ਪਲੇਆਫ ਦਾ ਫੈਸਲਾ ਨੈੱਟ ਰਨ ਰੇਟ ਦੇ ਆਧਾਰ ‘ਤੇ ਕੀਤਾ ਜਾਵੇਗਾ।
ਕਿਉਂ ਹਰ ਵਿਰੋਧੀ ਟੀਮ ਨਾਲ ਦੋ ਵਾਰ ਨਹੀਂ ਖੇਡੇਗੀ ਇੱਕ ਟੀਮ ?
ਇਹ ਤਾਂ ਰਹੀ ਪਲੇਆਫ ਅਤੇ ਪੁਆਇੰਟ ਸਿਸਟਮ ਨਾਲ ਸਬੰਧਤ ਨਿਯਮਾਂ ਦੀ ਗੱਲ। ਹੁਣ ਅਸੀਂ ਤੁਹਾਨੂੰ ਲੀਗ ਪੜਾਅ ਦੇ ਨਿਯਮਾਂ ਬਾਰੇ ਵੀ ਦੱਸਦੇ ਹਾਂ। ਆਈਪੀਐਲ 2025 ਵਿੱਚ ਭਾਗ ਲੈਣ ਵਾਲੀਆਂ ਸਾਰੀਆਂ 10 ਟੀਮਾਂ ਟੂਰਨਾਮੈਂਟ ਵਿੱਚ ਆਪਣੇ ਸਾਰੇ ਵਿਰੋਧੀਆਂ ਦਾ ਸਾਹਮਣਾ ਕਰਨਗੀਆਂ। ਪਰ ਉਹ ਸਿਰਫ਼ 5 ਵਿਰੋਧੀ ਟੀਮਾਂ ਨਾਲ 2-2 ਵਾਰ ਹੀ ਖੇਡਣਗੇ, ਜਦੋਂ ਕਿ ਉਹ ਬਾਕੀ 4 ਵਿਰੋਧੀਆਂ ਨਾਲ ਸਿਰਫ਼ 1-1 ਵਾਰ ਹੀ ਮੁਕਾਬਲਾ ਹੋਵੇਗਾ। ਇਸਦਾ ਕਾਰਨ ਸੀਡਿੰਗ ਹੈ। ਦਰਅਸਲ, ਆਈਪੀਐਲ 2025 ਵਿੱਚ, ਆਈਪੀਐਲ ਜਿੱਤਣ ਅਤੇ ਫਾਈਨਲ ਵਿੱਚ ਪਹੁੰਚਣ ਦੇ ਆਧਾਰ ‘ਤੇ ਸੀਡਿੰਗ ਕੀਤੀ ਗਈ ਹੈ।
ਇਸ ਅਨੁਸਾਰ, ਸਾਰੀਆਂ ਟੀਮਾਂ ਨੂੰ ਉਨ੍ਹਾਂ ਦਾ ਸਥਾਨ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ 5-5 ਦੇ ਦੋ ਸਮੂਹਾਂ ਵਿੱਚ ਵੰਡਿਆ ਗਿਆ ਹੈ। ਗਰੁੱਪ ਏ ਵਿੱਚ, ਚੇਨਈ ਸੁਪਰ ਕਿੰਗਜ਼ ਪਹਿਲੇ ਨੰਬਰ ‘ਤੇ, ਕੋਲਕਾਤਾ ਨਾਈਟ ਰਾਈਡਰਜ਼ ਦੂਜੇ, ਰਾਜਸਥਾਨ ਰਾਇਲਜ਼ ਤੀਜੇ, ਰਾਇਲ ਚੈਲੇਂਜਰਜ਼ ਬੰਗਲੌਰ ਚੌਥੇ ਅਤੇ ਪੰਜਾਬ ਕਿੰਗਜ਼ ਪੰਜਵੇਂ ਸਥਾਨ ‘ਤੇ ਹੈ। ਇਸੇ ਤਰ੍ਹਾਂ, ਮੁੰਬਈ ਇੰਡੀਅਨਜ਼ ਗਰੁੱਪ ਬੀ ਵਿੱਚ ਪਹਿਲੇ ਨੰਬਰ ‘ਤੇ ਹੈ। ਸਨਰਾਈਜ਼ਰਜ਼ ਹੈਦਰਾਬਾਦ ਦੂਜੇ ਸਥਾਨ ‘ਤੇ, ਗੁਜਰਾਤ ਟਾਈਟਨਸ ਤੀਜੇ ਸਥਾਨ ‘ਤੇ, ਦਿੱਲੀ ਕੈਪੀਟਲਜ਼ ਚੌਥੇ ਸਥਾਨ ‘ਤੇ ਅਤੇ ਲਖਨਊ ਸੁਪਰ ਜਾਇੰਟਸ ਪੰਜਵੇਂ ਸਥਾਨ ‘ਤੇ ਹੈ।
ਇਸ ਵਿੱਚ, ਹਰ ਟੀਮ ਆਪਣੇ ਗਰੁੱਪ ਦੀਆਂ 4 ਟੀਮਾਂ ਨਾਲ 2-2 ਮੈਚ ਖੇਡੇਗੀ, ਜਿਸ ਵਿੱਚ ਇੱਕ ਮੈਚ ਆਪਣੇ ਘਰ ਵਿੱਚ ਅਤੇ ਦੂਜਾ ਵਿਰੋਧੀ ਟੀਮ ਦੇ ਘਰ ਵਿੱਚ ਖੇਡਿਆ ਜਾਵੇਗਾ। ਇਸ ਤੋਂ ਇਲਾਵਾ, ਇਹ ਇੱਕ ਘਰੇਲੂ ਅਤੇ ਇੱਕ ਬਾਹਰੀ ਮੈਚ ਵਿੱਚ ਦੂਜੇ ਗਰੁੱਪ ਦੀ ਉਸੇ ਲਾਈਨ-ਅੱਪ ਦੀ ਟੀਮ ਦਾ ਸਾਹਮਣਾ ਵੀ ਕਰੇਗਾ। ਇਸ ਦੇ ਨਾਲ ਹੀ, ਇਹ ਦੂਜੇ ਗਰੁੱਪ ਦੀਆਂ ਬਾਕੀ 4 ਟੀਮਾਂ ਨਾਲ ਸਿਰਫ਼ ਇੱਕ ਵਾਰ ਖੇਡੇਗੀ। ਉਦਾਹਰਣ ਵਜੋਂ, ਸੀਐਸਕੇ ਆਪਣੇ ਗਰੁੱਪ ਵਿੱਚ ਦੋ ਵਾਰ ਆਰਸੀਬੀ, ਪੀਬੀਕੇਐਸ ਅਤੇ ਕੇਕੇਆਰ ਵਿਰੁੱਧ ਖੇਡੇਗੀ। ਦੂਜੇ ਗਰੁੱਪ ਵਿੱਚ,ਉਸਦੀ ਬਰਾਬਰੀ ਤੇ MI ਦੀ ਟੀਮ ਹੈ, ਇਸ ਲਈ ਉਸ ਨਾਲ ਵੀ ਉਸਦਾ ਦੋ ਵਾਰ ਸਾਹਮਣਾ ਕਰੇਗਾ। ਪਰ ਉਹ DC, SRH, GT ਅਤੇ LSG ਦੇ ਖਿਲਾਫ ਸਿਰਫ਼ ਇੱਕ ਵਾਰ ਖੇਡੇਗੀ।
ਇਹ ਵੀ ਪੜ੍ਹੋ
ਪਲੇਆਫ਼ ਦੇ ਨਿਯਮ
ਲੀਗ ਸਟੇਜ ਦੌਰਾਨ ਟਾਪ-2 ਵਿੱਚ ਰਹਿਣ ਵਾਲੀਆਂ ਟੀਮਾਂ ਨੂੰ ਪਲੇਆਫ ਵਿੱਚ ਵੱਡਾ ਫਾਇਦਾ ਹੋਵੇਗਾ। ਇਨ੍ਹਾਂ ਦੋਵਾਂ ਵਿਚਾਲੇ ਪਹਿਲਾ ਕੁਆਲੀਫਾਇਰ ਖੇਡਿਆ ਜਾਵੇਗਾ ਅਤੇ ਜਿੱਤਣ ਵਾਲੀ ਟੀਮ ਸਿੱਧੇ ਫਾਈਨਲ ਵਿੱਚ ਜਾਵੇਗੀ। ਤੀਜੇ ਅਤੇ ਚੌਥੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਐਲੀਮੀਨੇਟਰ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਇਸ ਮੈਚ ਨੂੰ ਜਿੱਤਣ ਵਾਲੀ ਟੀਮ ਪਹਿਲੇ ਕੁਆਲੀਫਾਇਰ ਵਿੱਚ ਹਾਰਨ ਵਾਲੀ ਟੀਮ ਦਾ ਸਾਹਮਣਾ ਕਰੇਗੀ। ਕੁਆਲੀਫਾਇਰ 2 ਵਿੱਚ ਦੋਵੇਂ ਭਿੜਣਗੀਆਂ ਅਤੇ ਜੇਤੂ ਟੀਮ ਫਾਈਨਲ ਵਿੱਚ ਪ੍ਰਵੇਸ਼ ਕਰੇਗੀ।