ਲਾਰਡਸ ‘ਚ ਮਿਹਨਤ ਦੇ ਬਾਵਜ਼ੂਦ ਹਾਰੀ ਟੀਮ ਇੰਡੀਆ, ਇੰਗਲੈਂਡ 22 ਦੌੜਾਂ ਨਾਲ ਜਿੱਤਿਆ ਟੈਸਟ
IND vs ENG Lord's Test: ਮੈਚ ਦੇ ਆਖਰੀ ਦਿਨ ਟੀਮ ਇੰਡੀਆ ਨੂੰ 135 ਦੌੜਾਂ ਦੀ ਲੋੜ ਸੀ ਜਦੋਂ ਕਿ 6 ਵਿਕਟਾਂ ਬਾਕੀ ਸਨ। ਪਰ ਪਹਿਲੇ ਸੈਸ਼ਨ ਵਿੱਚ ਹੀ ਟੀਮ ਇੰਡੀਆ ਨੇ 4 ਵਿਕਟਾਂ ਗੁਆ ਦਿੱਤੀਆਂ ਅਤੇ ਦੁਪਹਿਰ ਦੇ ਖਾਣੇ ਤੋਂ ਬਾਅਦ, ਉਨ੍ਹਾਂ 'ਤੇ ਹਾਰ ਦੀ ਆਖਰੀ ਮੋਹਰ ਲੱਗ ਗਈ।

ਟੀਮ ਇੰਡੀਆ ਦੀ ਹਰ ਕੋਸ਼ਿਸ਼ ਆਖਰੀ ਪੜਾਅ ‘ਤੇ ਅਸਫਲ ਰਹੀ ਤੇ ਉਹ 39 ਸਾਲਾਂ ਬਾਅਦ ਲਾਰਡਜ਼ ‘ਤੇ ਇਤਿਹਾਸ ਦੁਹਰਾਉਣ ਤੋਂ ਖੁੰਝ ਗਈ। ਲਾਰਡਜ਼ ਟੈਸਟ ਮੈਚ ਦੇ ਆਖਰੀ ਦਿਨ, ਇੰਗਲੈਂਡ ਨੇ ਭਾਰਤ ਨੂੰ 22 ਦੌੜਾਂ ਨਾਲ ਹਰਾ ਦਿੱਤਾ ਅਤੇ ਇਸ ਨਾਲ ਸੀਰੀਜ਼ ਵਿੱਚ 2-1 ਦੀ ਬੜ੍ਹਤ ਬਣਾ ਲਈ। 5 ਦਿਨ ਤੱਕ ਚੱਲੇ ਇਸ ਮੈਚ ਦੇ ਆਖਰੀ ਦਿਨ ਟੀਮ ਇੰਡੀਆ ਨੂੰ ਇੰਗਲੈਂਡ ‘ਤੇ ਜਿੱਤ ਪ੍ਰਾਪਤ ਕਰਨ ਲਈ 135 ਹੋਰ ਦੌੜਾਂ ਬਣਾਉਣੀਆਂ ਸਨ ਪਰ ਟੋਪ ਦੇ ਅਤੇ ਮੱਧ ਕ੍ਰਮ ਦੀ ਅਸਫਲਤਾ ਨੇ ਉਨ੍ਹਾਂ ਨੂੰ ਮੁਸ਼ਕਲ ਵਿੱਚ ਪਾ ਦਿੱਤਾ। ਇਸ ਤੋਂ ਬਾਅਦ ਰਵਿੰਦਰ ਜਡੇਜਾ ਨੇ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ ਨਾਲ ਮਿਲ ਕੇ ਹਮਲਾਵਰ ਸਾਂਝੇਦਾਰੀ ਕੀਤੀ ਤੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ, ਪਰ ਅੰਤ ਵਿੱਚ ਇੰਗਲੈਂਡ ਨੂੰ ਸਫਲਤਾ ਮਿਲੀ।
ਲਾਰਡਜ਼ ਵਿਖੇ 10 ਜੁਲਾਈ ਨੂੰ ਸ਼ੁਰੂ ਹੋਏ ਇਸ ਮੈਚ ਵਿੱਚ ਪਹਿਲੇ ਚਾਰ ਦਿਨ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਦੋਵੇਂ ਟੀਮਾਂ ਇੱਕ-ਦੂਜੇ ਦੇ ਵਿਰੁੱਧ ਸਨ। ਇਹ ਉਤਸ਼ਾਹ ਆਖਰੀ ਦਿਨ ਤੱਕ ਪਹੁੰਚ ਗਿਆ, ਜਿੱਥੇ ਮੈਚ ਦਾ ਨਤੀਜਾ ਤੈਅ ਹੋ ਗਿਆ। ਇੰਗਲੈਂਡ ਦੀ ਦੂਜੀ ਪਾਰੀ ਨੂੰ 192 ਦੌੜਾਂ ‘ਤੇ ਸਮੇਟਣ ਤੋਂ ਬਾਅਦ ਟੀਮ ਇੰਡੀਆ ਨੂੰ ਜਿੱਤ ਲਈ 193 ਦੌੜਾਂ ਦਾ ਟੀਚਾ ਮਿਲਿਆ। ਟੀਮ ਇੰਡੀਆ ਨੇ ਇਸ ਮੈਦਾਨ ‘ਤੇ ਟੀਚੇ ਦਾ ਪਿੱਛਾ ਕਰਦੇ ਹੋਏ ਸਿਰਫ ਇੱਕ ਵਾਰ 1986 ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਅਜਿਹੀ ਸਥਿਤੀ ਵਿੱਚ 39 ਸਾਲ ਪੁਰਾਣੇ ਇਤਿਹਾਸ ਨੂੰ ਦੁਹਰਾਉਣ ਦਾ ਮੌਕਾ ਸੀ ਪਰ ਅਜਿਹਾ ਨਹੀਂ ਹੋ ਸਕਿਆ।
ਪਹਿਲੇ ਸੈਸ਼ਨ ਵਿੱਚ ਹਾਰ ਦਾ ਫੈਸਲਾ
ਚੌਥੇ ਦਿਨ ਦੇ ਅੰਤ ਤੱਕ, ਟੀਮ ਇੰਡੀਆ ਨੇ 4 ਵਿਕਟਾਂ ਗੁਆ ਦਿੱਤੀਆਂ ਸਨ ਜਦੋਂ ਕਿ ਸਿਰਫ਼ 58 ਦੌੜਾਂ ਹੀ ਬਣੀਆਂ ਸਨ। ਇੱਥੋਂ ਹੀ ਟੀਮ ਇੰਡੀਆ ਦੀ ਜਿੱਤ ਮੁਸ਼ਕਲ ਲੱਗਣ ਲੱਗ ਪਈ। ਫਿਰ ਵੀ, ਸਾਰਿਆਂ ਦੀਆਂ ਨਜ਼ਰਾਂ ਕੇਐਲ ਰਾਹੁਲ ‘ਤੇ ਸਨ, ਜੋ ਚੌਥੇ ਦਿਨ 33 ਦੌੜਾਂ ‘ਤੇ ਅਜੇਤੂ ਵਾਪਸ ਪਰਤੇ। ਆਖਰੀ ਦਿਨ ਰਿਸ਼ਭ ਪੰਤ ਉਨ੍ਹਾਂ ਦੇ ਨਾਲ ਬੱਲੇਬਾਜ਼ੀ ਕਰਨ ਲਈ ਆਏ ਤੇ ਉਨ੍ਹਾਂ ਦੇ ਪਿਛਲੇ ਇਤਿਹਾਸ ਨੂੰ ਦੇਖਦੇ ਹੋਏ, ਭਾਰਤੀ ਪ੍ਰਸ਼ੰਸਕਾਂ ਦੀਆਂ ਉਮੀਦਾਂ ਅਜੇ ਵੀ ਜ਼ਿੰਦਾ ਸਨ, ਪਰ ਆਖਰੀ ਦਿਨ ਦੇ ਤੀਜੇ ਓਵਰ ਵਿੱਚ, ਜੋਫਰਾ ਆਰਚਰ ਨੇ ਸ਼ਾਨਦਾਰ ਗੇਂਦ ਨਾਲ ਪੰਤ ਨੂੰ ਆਊਟ ਕਰਕੇ ਇਨ੍ਹਾਂ ਉਮੀਦਾਂ ਨੂੰ ਵੱਡਾ ਝਟਕਾ ਦਿੱਤਾ। ਸਿਰਫ਼ ਤਿੰਨ ਓਵਰਾਂ ਬਾਅਦ, ਬੇਨ ਸਟੋਕਸ ਨੇ ਰਾਹੁਲ ਨੂੰ ਐਲਬੀਡਬਲਯੂ ਆਊਟ ਕਰਕੇ ਭਾਰਤ ਦੀਆਂ ਉਮੀਦਾਂ ਨੂੰ ਲਗਭਗ ਖਤਮ ਕਰ ਦਿੱਤਾ।
ਇਸ ਤੋਂ ਬਾਅਦ, ਵਾਸ਼ਿੰਗਟਨ ਸੁੰਦਰ ਨੂੰ ਪੈਵੇਲੀਅਨ ਵਾਪਸ ਆਉਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਾ, ਆਰਚਰ ਨੇ ਆਪਣੀ ਹੀ ਗੇਂਦ ‘ਤੇ ਡਾਈਵ ਕਰਦੇ ਹੋਏ ਇੱਕ ਹੱਥ ਨਾਲ ਸ਼ਾਨਦਾਰ ਕੈਚ ਲੈ ਕੇ ਵਾਪਸ ਭੇਜ ਦਿੱਤਾ। ਸਿਰਫ਼ 82 ਦੌੜਾਂ ‘ਤੇ 7 ਵਿਕਟਾਂ ਡਿੱਗਣ ਨਾਲ ਹਾਰ ਯਕੀਨੀ ਸੀ। ਹਾਲਾਂਕਿ, ਰਵਿੰਦਰ ਜਡੇਜਾ ਅਤੇ ਨਿਤੀਸ਼ ਕੁਮਾਰ ਰੈਡੀ ਵਿਚਕਾਰ 30 ਦੌੜਾਂ ਦੀ ਸਾਂਝੇਦਾਰੀ ਨੇ ਕੁਝ ਉਮੀਦਾਂ ਜਗਾਈਆਂ ਪਰ ਪਹਿਲੇ ਸੈਸ਼ਨ ਦੇ ਆਖਰੀ ਓਵਰ ਵਿੱਚ ਕ੍ਰਿਸ ਵੋਕਸ ਨੇ ਰੈਡੀ ਨੂੰ ਪੈਵੇਲੀਅਨ ਵਾਪਸ ਭੇਜ ਦਿੱਤਾ।
ਜਡੇਜਾ, ਬੁਮਰਾਹ ਅਤੇ ਸਿਰਾਜ
ਇੱਥੋਂ, ਟੀਮ ਇੰਡੀਆ ਦੀ ਹਾਰ ਯਕੀਨੀ ਜਾਪਦੀ ਸੀ ਕਿਉਂਕਿ ਉਹ ਜਿੱਤ ਤੋਂ 81 ਦੌੜਾਂ ਦੂਰ ਸੀ ਤੇ ਸਿਰਫ਼ 2 ਵਿਕਟਾਂ ਬਾਕੀ ਸਨ। ਪਰ ਟੀਮ ਇੰਡੀਆ ਨੇ ਜਿਸ ਤਰ੍ਹਾਂ ਦੀ ਵਾਪਸੀ ਦਿਖਾਈ, ਉਸ ਦੀ ਉਮੀਦ ਸ਼ਾਇਦ ਹੀ ਕਿਸੇ ਨੇ ਕੀਤੀ ਹੋਵੇਗੀ ਅਤੇ ਇਸ ਵਿੱਚ ਸਭ ਤੋਂ ਮਹੱਤਵਪੂਰਨ ਕਿਰਦਾਰ ਜਡੇਜਾ ਦਾ ਸੀ। ਇਸ ਸਟਾਰ ਆਲਰਾਊਂਡਰ ਨੇ ਬੱਲੇ ਨਾਲ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖੀ ਤੇ ਬੁਮਰਾਹ ਦੇ ਨਾਲ ਮਿਲ ਕੇ ਦੂਜੇ ਸੈਸ਼ਨ ਵਿੱਚ ਟੀਮ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ। ਦੋਵਾਂ ਨੇ ਲਗਭਗ ਪੂਰੇ ਸੈਸ਼ਨ ਦੌਰਾਨ ਬੱਲੇਬਾਜ਼ੀ ਕੀਤੀ ਅਤੇ 35 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਲਾਂਕਿ, 54 ਗੇਂਦਾਂ ਦਾ ਸਾਹਮਣਾ ਕਰਨ ਤੋਂ ਬਾਅਦ ਬੁਮਰਾਹ ਆਖਰਕਾਰ ਆਊਟ ਹੋ ਗਏ।
ਇਹ ਵੀ ਪੜ੍ਹੋ
ਇਸ ਸਮੇਂ ਟੀਮ ਨੂੰ 46 ਦੌੜਾਂ ਦੀ ਲੋੜ ਸੀ ਪਰ ਫਿਰ ਜਡੇਜਾ ਨੇ ਸਿਰਾਜ ਨਾਲ ਮਿਲ ਕੇ ਮੈਚ ਨੂੰ ਰੋਮਾਂਚਕ ਰੱਖਿਆ ਅਤੇ ਇਸ ਨੂੰ ਤੀਜੇ ਸੈਸ਼ਨ ਤੱਕ ਲੈ ਗਏ। ਇਸ ਦੌਰਾਨ, ਜਡੇਜਾ (61 ਨਾਬਾਦ, 181 ਗੇਂਦਾਂ) ਨੇ ਸੀਰੀਜ ਵਿੱਚ ਆਪਣਾ ਲਗਾਤਾਰ ਚੌਥਾ ਅਰਧ ਸੈਂਕੜਾ ਪੂਰਾ ਕੀਤਾ। ਦੋਵਾਂ ਨੇ ਟੀਮ ਨੂੰ ਜਿੱਤ ਦੇ ਨੇੜੇ ਲਿਆਂਦਾ ਅਤੇ ਪ੍ਰਸ਼ੰਸਕਾਂ ਦੀਆਂ ਉਮੀਦਾਂ ਵਧਾ ਦਿੱਤੀਆਂ। ਪਰ ਫਿਰ 75ਵੇਂ ਓਵਰ ਵਿੱਚ ਸਿਰਾਜ ਨੇ ਸ਼ੋਏਬ ਬਸ਼ੀਰ ਦੀ ਗੇਂਦ ਦਾ ਸ਼ਾਨਦਾਰ ਢੰਗ ਨਾਲ ਬਚਾਅ ਕੀਤਾ, ਪਰ ਇਹ ਗ਼ਲਚ ਸਾਬਤ ਹੋਇਆ ਕਿਉਂਕਿ ਗੇਂਦ ਸਟੰਪਾਂ ‘ਤੇ ਘੁੰਮ ਗਈ ਤੇ ਸਿਰਾਜ (4 ਦੌੜਾਂ, 30 ਗੇਂਦਾਂ) ਬੋਲਡ ਹੋ ਗਏ। ਇਸ ਦੇ ਨਾਲ ਹੀ ਟੀਮ ਇੰਡੀਆ 170 ਦੌੜਾਂ ‘ਤੇ ਆਲ ਆਊਟ ਹੋ ਗਈ।