IND vs AUS: ਰਵਿੰਦਰ ਜਡੇਜਾ ਨੇ ਮਾਰਨਸ ਲਾਬੂਸ਼ੇਨ ਨੂੰ ਰਨ ਲੈਣ ਤੋਂ ਰੋਕਿਆ, ਤੋੜਿਆ ICC ਦਾ ਇਹ ਨਿਯਮ , ਕੀ ਟੀਮ ਇੰਡੀਆ ਨੂੰ ਮਿਲੇਗੀ ਸਜ਼ਾ ?
Champion Trophy : ਦੁਬਈ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸੈਮੀਫਾਈਨਲ ਮੈਚ ਦੌਰਾਨ ਪਾਰੀ ਦੇ 21ਵੇਂ ਓਵਰ ਵਿੱਚ ਇਹ ਦੇਖਣ ਨੂੰ ਮਿਲਿਆ, ਜਦੋਂ ਸਟੀਵ ਸਮਿਥ ਅਤੇ ਮਾਰਨਸ ਲਾਬੂਸ਼ੇਨ ਕ੍ਰੀਜ਼ 'ਤੇ ਸਨ। ਜਡੇਜਾ ਦੇ ਇਸ ਐਕਸ਼ਨ ਕਾਰਨ ਆਸਟ੍ਰੇਲੀਆ ਨੂੰ ਨਾ ਸਿਰਫ਼ ਰਨ ਦਾ ਨੁਕਸਾਨ ਹੋਇਆ, ਸਗੋਂ ਸਮਿਥ ਦਾ ਧਿਆਨ ਵੀ ਭੰਗ ਹੋ ਗਿਆ।

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੈਂਪੀਅਨਜ਼ ਟਰਾਫੀ 2025 ਦੇ ਸੈਮੀਫਾਈਨਲ ਮੈਚ ਵਿੱਚ ਸਖ਼ਤ ਟੱਕਰ ਦੀ ਉਮੀਦ ਸੀ ਅਤੇ ਮੈਚ ਦੀ ਸ਼ੁਰੂਆਤ ਤੋਂ ਹੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। ਪਰ ਇਸ ਦੌਰਾਨ, ਕੁਝ ਅਜਿਹਾ ਹੋਇਆ ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਕੁਝ ਅਜਿਹਾ ਜੋ ਬਹੁਤ ਘੱਟ ਦੇਖਣ ਨੂੰ ਮਿਲਿਆ ਹੋਵੇ। ਟੀਮ ਇੰਡੀਆ ਵੱਲੋਂ ਗੇਂਦਬਾਜ਼ੀ ਕਰ ਰਹੇ ਰਵਿੰਦਰ ਜਡੇਜਾ ਨੇ ਆਪਣੀ ਹੀ ਇੱਕ ਗੇਂਦ ‘ਤੇ ਰਨ ਲੈਣ ਦੀ ਕੋਸ਼ਿਸ਼ ਕਰ ਰਹੇ ਆਸਟ੍ਰੇਲੀਆਈ ਬੱਲੇਬਾਜ਼ ਮਾਰਨਸ ਲਾਬੂਸ਼ੇਨ ਨੂੰ ਰੋਕ ਦਿੱਤਾ, ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਜਕੜ ਕੇ ਰਨ ਨਹੀਂ ਲੈਣ ਦਿੱਤਾ।
ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਵਿੱਚ ਮੰਗਲਵਾਰ 4 ਮਾਰਚ ਨੂੰ ਆਸਟ੍ਰੇਲੀਆਈ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ। ਉਨ੍ਹਾਂ ਨੇ ਆਪਣਾ ਪਹਿਲਾ ਵਿਕਟ ਜਲਦੀ ਗੁਆ ਦਿੱਤਾ ਪਰ ਫਿਰ ਟ੍ਰੈਵਿਸ ਹੈੱਡ ਨੇ ਕੁਝ ਸ਼ਾਨਦਾਰ ਸ਼ਾਟ ਮਾਰੇ। ਇਸ ਵਾਰ ਟ੍ਰੈਵਿਸ ਹੈੱਡ ਵੱਡੀ ਪਾਰੀ ਨਹੀਂ ਖੇਡ ਸਕੇ ਅਤੇ ਵਰੁਣ ਚੱਕਰਵਰਤੀ ਦੀ ਗੇਂਦ ‘ਤੇ ਆਊਟ ਹੋ ਗਏ। ਇੱਥੋਂ ਮਾਰਨਸ ਲਾਬੂਸ਼ੇਨ ਅਤੇ ਸਟੀਵ ਸਮਿਥ ਨੇ ਪਾਰੀ ਦੀ ਕਮਾਨ ਸੰਭਾਲੀ। ਦੋਵਾਂ ਵਿਚਕਾਰ ਅਰਧ-ਸੈਂਕੜੇ ਦੀ ਸਾਂਝੇਦਾਰੀ ਹੋਈ ਅਤੇ ਟੀਮ ਨੇ 100 ਦੌੜਾਂ ਦਾ ਅੰਕੜਾ ਵੀ ਪਾਰ ਕਰ ਲਿਆ।
ਜਡੇਜਾ ਨੇ ਲਾਬੂਸ਼ਾਨੇ ਨੂੰ ਰਨ ਲੈਣ ਤੋਂ ਰੋਕਿਆ
ਉਦੋਂ ਪਾਰੀ ਦੇ 21ਵੇਂ ਓਵਰ ਵਿੱਚ, ਆਸਟ੍ਰੇਲੀਆ ਨੂੰ ਰਵਿੰਦਰ ਜਡੇਜਾ ਦੀ ਗੇਂਦ ‘ਤੇ ਰਨ ਲੈਣ ਦਾ ਮੌਕਾ ਮਿਲਿਆ। ਓਵਰ ਦੀ ਦੂਜੀ ਗੇਂਦ ‘ਤੇ, ਸਮਿਥ ਨੇ ਜਡੇਜਾ ਦੇ ਗੇਂਦ ‘ਤੇ ਇੱਕ ਆਨ ਡਰਾਈਵ ਖੇਡਿਆ ਪਰ ਜਡੇਜਾ ਨੇ ਆਪਣੇ ਸੱਜੇ ਪਾਸੇ ਜਾ ਕੇ ਗੇਂਦ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਗੇਂਦ ਉਨ੍ਹਾਂ ਦੇ ਪੈਰ ਨੂੰ ਛੂਹ ਗਈ ਅਤੇ ਸ਼ਾਰਟ ਮਿਡਵਿਕਟ ਵੱਲ ਚਲੀ ਗਈ। ਫਿਰ ਸਮਿਥ ਅਤੇ ਲਾਬੂਸ਼ੇਨ ਨੇ ਹਨ ਲੈਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਹੁਣ ਸਮਿਥ ਆਪਣੀ ਕ੍ਰੀਜ਼ ਤੋਂ ਇੱਕ ਜਾਂ ਦੋ ਕਦਮ ਬਾਹਰ ਨਿਕਲੇ ਵੀ ਪਰ ਜਡੇਜਾ ਅਤੇ ਲਾਬੂਸ਼ੇਨ ਇੱਕ ਦੂਜੇ ਨਾਲ ਟਕਰਾ ਗਏ ਅਤੇ ਇਹ ਉਹ ਥਾਂ ਹੈ ਜਿੱਥੇ ਭਾਰਤੀ ਗੇਂਦਬਾਜ਼ ਨੇ ਲਾਬੂਸ਼ੇਨ ਨੂੰ ਆਪਣੇ ਦੋਵੇਂ ਹੱਥਾਂ ਨਾਲ ਜਕੜ ਕੇ ਉਸਨੂੰ ਨੂੰ ਦੌੜਨ ਤੋਂ ਰੋਕ ਦਿੱਤਾ।
ਇਸ ਦੌਰਾਨ ਫੀਲਡਰ ਨੇ ਆ ਕੇ ਗੇਂਦ ਲਪਕ ਲਈ ਅਤੇ ਆਸਟ੍ਰੇਲੀਆ ਨੇ 1 ਦੌੜ ਲੈਣ ਦਾ ਮੌਕਾ ਗੁਆ ਦਿੱਤਾ। ਇਸ ‘ਤੇ ਜਡੇਜਾ ਹੱਸਣ ਲੱਗ ਪਏ ਪਰ ਸਟੀਵ ਸਮਿਥ ਇਸ ‘ਤੇ ਗੁੱਸੇ ਹੋ ਗਏ ਅਤੇ ਅੰਪਾਇਰ ਅੱਗੇ ਇਤਰਾਜ਼ ਜਤਾਉਣ ਲੱਗੇ। ਹਾਲਾਂਕਿ ਅੰਪਾਇਰ ਨੇ ਇਸ ‘ਤੇ ਕੋਈ ਐਕਸ਼ਨ ਨਹੀਂ ਲਿਆ ਪਰ ਇਸ ਕਾਰਨ ਆਸਟ੍ਰੇਲੀਆ ਨੂੰ ਨੁਕਸਾਨ ਹੋਇਆ। ਦਰਅਸਲ, ਇਸ ਤੋਂ ਬਾਅਦ, ਅਗਲੀਆਂ 4 ਗੇਂਦਾਂ ‘ਤੇ ਕੋਈ ਰਨ ਨਹੀਂ ਬਣਿਆ ਅਤੇ ਇਹ ਓਵਰ ਮੇਡਨ ਨਿਕਲ ਗਿਆ। ਇਸ ਨਾਲ ਸਮਿਥ ਦਾ ਧਿਆਨ ਭਟਕ ਗਿਆ ਅਤੇ ਉਨ੍ਹਾਂ ਨੇ ਅਗਲੇ ਓਵਰ ਵਿੱਚ ਵੀ 4 ਡਾਟ ਗੇਂਦਾਂ ਖੇਡੀਆਂ, ਜਿਸਦੇ ਨਤੀਜੇ ਵਜੋਂ ਉਨ੍ਹਾਂ ਨੂੰ 10 ਗੇਂਦਾਂ ਵਿੱਚ ਕੋਈ ਰਨ ਨਹੀਂ ਮਿਲਿਆ। ਫਿਰ ਆਪਣੇ ਅਗਲੇ ਹੀ ਓਵਰ ਵਿੱਚ, ਜਡੇਜਾ ਨੇ ਲਾਬੂਸ਼ੇਨ ਦੀ ਵਿਕਟ ਵੀ ਲੈ ਲਈ।
ਹਾਲਾਂਕਿ, ਇਸ ਨਾਲ ਇਹ ਸਵਾਲ ਖੜਾ ਹੋ ਗਿਆ ਕਿ ਕੀ ਇਹ ਕਿਸੇ ਆਈਸੀਸੀ ਕਾਨੂੰਨ ਦੀ ਉਲੰਘਣਾ ਹੈ ਅਤੇ ਕੀ ਟੀਮ ਇੰਡੀਆ ਨੂੰ ਸਜ਼ਾ ਮਿਲੇਗੀ। ਆਈਸੀਸੀ ਦੇ ਕਾਨੂੰਨਾਂ ਅਨੁਸਾਰ ਜੇਕਰ ਕੋਈ ਗੇਂਦਬਾਜ਼ ਕਿਸੇ ਬੱਲੇਬਾਜ਼ ਨੂੰ ਦੌੜਨ ਤੋਂ ਰੋਕਦਾ ਹੈ, ਤਾਂ ਉਸਨੂੰ ਖੇਡ ਵਿੱਚ ਰੁਕਾਵਟ ਪਾਉਣ ਦਾ ਦੋਸ਼ੀ ਮੰਨਿਆ ਜਾਵੇਗਾ ਅਤੇ ਇਸ ਕਾਰਨ ਫੀਲਡਿੰਗ ਟੀਮ ‘ਤੇ 5 ਦੌੜਾਂ ਦਾ ਜੁਰਮਾਨਾ ਲਗਾਇਆ ਜਾਵੇਗਾ। ਇਸਦਾ ਮਤਲਬ ਹੈ ਕਿ ਬੱਲੇਬਾਜ਼ੀ ਕਰਨ ਵਾਲੀ ਟੀਮ ਦੇ ਸਕੋਰ ਵਿੱਚ 5 ਦੌੜਾਂ ਜੁੜ ਜਾਣਗੀਆਂ। ਨਾਲ ਹੀ ਉਸ ਗੇਂਦ ਨੂੰ ਅਵੈਧ ਘੋਸ਼ਿਤ ਕਰ ਦਿੱਤਾ ਜਾਵੇਗਾ, ਜਿਸ ਕਾਰਨ ਗੇਂਦਬਾਜ਼ ਨੂੰ ਓਵਰ ਵਿੱਚ ਇੱਕ ਹੋਰ ਗੇਂਦ ਸੁੱਟਣੀ ਪਵੇਗੀ। ਪਰ ਫਰਕ ਇਹ ਸੀ ਕਿ ਅੰਪਾਇਰ ਨੇ ਇਸਨੂੰ ਗੰਭੀਰ ਉਲੰਘਣਾ ਨਹੀਂ ਮੰਨਿਆ ਅਤੇ ਸ਼ਾਇਦ ਇਸੇ ਕਰਕੇ ਟੀਮ ਇੰਡੀਆ 5 ਦੌੜਾਂ ਦੀ ਪੈਨਲਟੀ ਤੋਂ ਬਚ ਗਈ।