ਹਰਮਨਪ੍ਰੀਤ ਕੌਰ ‘ਤੇ ਹੋਣ ਵਾਲੀ ਹੈ ਵੱਡੀ ਕਾਰਵਾਈ? ਬੀਸੀਸੀਆਈ ਮੁਖੀ ਅਤੇ ਵੀਵੀਐਸ ਲਕਸ਼ਮਣ ਕਰਣਗੇ ਪੁੱਛਗਿੱਛ
ਹਰਮਨਪ੍ਰੀਤ ਕੌਰ ਵੱਲੋਂ ਬੰਗਲਾਦੇਸ਼ ਖਿਲਾਫ ਤੀਜੇ ਵਨਡੇ ਦੌਰਾਨ ਬੱਲੇ ਨਾਲ ਸਟੰਪ 'ਤੇ ਬੈਟ ਸੁੱਟਣ ਤੋਂ ਬਾਅਦ ਆਈਸੀਸੀ ਨੇ ਉਨ੍ਹਾਂ ਤੇ ਦੋ ਮੈਚਾਂ ਦੀ ਪਾਬੰਦੀ ਲਗਾ ਦਿੱਤੀ ਸੀ। ਹੁਣ ਬੀਸੀਸੀਆਈ ਉਸ ਤੋਂ ਪੁੱਛਗਿੱਛ ਕਰਨ ਜਾ ਰਿਹਾ ਹੈ।
ਹਰਮਨਪ੍ਰੀਤ ਕੌਰ (Harmanpreet Kaur) ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਅਤੇ ਮੌਜੂਦਾ ਦੌਰ ਦੀ ਸਭ ਤੋਂ ਵਧੀਆ ਖਿਡਾਰਨਾਂ ਵਿੱਚੋਂ ਇੱਕ ਹੈ। ਉਹ ਅਕਸਰ ਆਪਣੀ ਤੇਜ਼ ਬੱਲੇਬਾਜ਼ੀ ਕਾਰਨ ਸੁਰਖੀਆਂ ‘ਚ ਰਹਿੰਦੀ ਹੈ, ਹਾਲਾਂਕਿ ਅੱਜਕਲ ਉਹ ਆਪਣੀ ਖੇਡ ਦੀ ਬਜਾਏ ਗਲਤ ਕਾਰਨਾਂ ਕਰਕੇ ਸੁਰਖੀਆਂ ‘ਚ ਹੈ। ਹਾਲ ਹੀ ‘ਚ ਹਰਮਨਪ੍ਰੀਤ ‘ਤੇ ਦੋ ਮੈਚਾਂ ਦੀ ਪਾਬੰਦੀ ਲਗਾਈ ਗਈ ਹੈ। ਹਰਮਨਪ੍ਰੀਤ ਕੌਰ ਨੇ ਬੰਗਲਾਦੇਸ਼ ‘ਚ ਅੰਪਾਇਰ ਦੇ ਫੈਸਲੇ ਤੋਂ ਨਾਰਾਜ਼ ਹੋ ਕੇ ਬੱਲੇ ਨਾਲ ਵਿਕਟ ‘ਤੇ ਵਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ICC ਨੇ ਉਸ ‘ਤੇ ਕਾਰਵਾਈ ਕੀਤੀ ਸੀ।
ਤੁਹਾਨੂੰ ਦੱਸ ਦੇਈਏ ਕਿ ਹਰਮਨਪ੍ਰੀਤ ਦੀਆਂ ਮੁਸ਼ਕਲਾਂ ਇੱਥੇ ਹੀ ਖਤਮ ਨਹੀਂ ਹੋਈਆਂ ਹਨ। ਖਬਰਾਂ ਮੁਤਾਬਕ ਬੀਸੀਸੀਆਈ ਪ੍ਰਧਾਨ ਰੋਜਰ ਬਿੰਨੀ ਅਤੇ ਐਨਸੀਏ ਚੀਫ ਵੀਵੀਐਸ ਲਕਸ਼ਮਣ ਹਰਮਨਪ੍ਰੀਤ ਕੌਰ ਨੂੰ ਮਿਲਣ ਜਾ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਬੀਸੀਸੀਆਈ ਹਰਮਨਪ੍ਰੀਤ ਕੌਰ ਦੀ ਇਸ ਹਰਕਤ ਤੋਂ ਨਾਰਾਜ਼ ਹੈ ਅਤੇ ਇਸੇ ਲਈ ਰੋਜਰ ਬਿੰਨੀ ਅਤੇ ਵੀਵੀਐਸ ਲਕਸ਼ਮਣ ਉਸ ਨੂੰ ਮਿਲਣ ਜਾ ਰਹੇ ਹਨ। ਬਿੰਨੀ ਅਤੇ ਲਕਸ਼ਮਣ ਦੋਵੇਂ ਹਰਮਨਪ੍ਰੀਤ ਕੌਰ ਤੋਂ ਬੰਗਲਾਦੇਸ਼ ‘ਚ ਹੋਈ ਘਟਨਾ ‘ਤੇ ਪੁੱਛਗਿੱਛ ਕਰਨਗੇ। ਖ਼ਬਰ ਇਹ ਵੀ ਹੈ ਕਿ ਬੀਸੀਸੀਆਈ ਆਈਸੀਸੀ ਵੱਲੋਂ ਹਰਮਨਪ੍ਰੀਤ ਤੇ ਲਗਾਈ ਗਈ ਦੋ ਮੈਚਾਂ ਦੀ ਪਾਬੰਦੀ ਖ਼ਿਲਾਫ਼ ਅਪੀਲ ਨਹੀਂ ਕਰੇਗਾ। ਸਾਫ਼ ਹੈ ਕਿ ਹਰਮਨਪ੍ਰੀਤ ਕੌਰ ਦੇ ਰਵੱਈਏ ਨੇ ਬੀਸੀਸੀਆਈ ਨੂੰ ਨਿਰਾਸ਼ ਕੀਤਾ ਹੈ।


