Asian Games: ਭਾਰਤੀ ਹਾਕੀ ਟੀਮ ਨੇ ਜਿੱਤਿਆ ਸੋਨ ਤਗਮਾ, ਫਾਈਨਲ ‘ਚ ਜਾਪਾਨ ਨੂੰ ਹਰਾਇਆ, ਓਲੰਪਿਕ ਦੀ ਟਿਕਟ ਵੀ ਮਿਲੀ
ਪੰਜ ਸਾਲ ਪਹਿਲਾਂ ਏਸ਼ਿਆਈ ਖੇਡਾਂ 2018 ਵਿੱਚ ਭਾਰਤੀ ਟੀਮ ਸੋਨ ਤਮਗਾ ਜਿੱਤਣ ਵਿੱਚ ਨਾਕਾਮ ਰਹੀ ਸੀ। ਉਸ ਸਮੇਂ ਟੀਮ ਇੰਡੀਆ ਨੇ ਕੁਆਲੀਫਿਕੇਸ਼ਨ ਟੂਰਨਾਮੈਂਟ ਰਾਹੀਂ ਓਲੰਪਿਕ ਟਿਕਟ ਹਾਸਲ ਕੀਤੀ ਸੀ। ਜਾਪਾਨ ਨੇ ਫਿਰ ਸੋਨ ਤਗਮਾ ਜਿੱਤ ਕੇ ਡਾਇਰੈਕਟ ਕਵਾਲੀਫਿਕੇਸ਼ਨ ਹਾਸਲ ਕੀਤੀ ਸੀ। ਟੀਮ ਇੰਡੀਆ ਨੇ ਇਸ ਵਾਰ ਉਹ ਕੰਮ ਪੂਰਾ ਕਰ ਲਿਆ ਹੈ।
ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਆਈ ਖੇਡਾਂ 2022 ਦਾ ਸੋਨ ਤਮਗਾ ਜਿੱਤ ਲਿਆ ਹੈ। ਹਾਲ ਹੀ ‘ਚ ਏਸ਼ੀਅਨ ਚੈਂਪੀਅਨਸ ਟਰਾਫੀ ਜਿੱਤਣ ਵਾਲੀ ਭਾਰਤੀ ਟੀਮ ਨੇ ਫਾਈਨਲ ‘ਚ ਜਾਪਾਨ ਨੂੰ 5-1 ਨਾਲ ਹਰਾ ਕੇ ਚੌਥੀ ਵਾਰ ਏਸ਼ੀਆਈ ਖੇਡਾਂ ਦਾ ਸੋਨ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਕੋਚ ਕ੍ਰੇਗ ਫੁਲਟਨ ਦੀ ਟੀਮ ਵੀ ਪੈਰਿਸ ਓਲੰਪਿਕ 2024 ਲਈ ਕੁਆਲੀਫਾਈ ਕਰ ਚੁੱਕੀ ਹੈ। ਏਸ਼ੀਆਈ ਖੇਡਾਂ 2022 ਵਿੱਚ ਭਾਰਤ ਦਾ ਇਹ 22ਵਾਂ ਸੋਨ ਤਮਗਾ ਹੈ। ਜਾਪਾਨ ਨੇ 2018 ਵਿੱਚ ਇਸ ਈਵੈਂਟ ਦਾ ਸੋਨ ਮੈਡਲ ਜਿੱਤਿਆ ਸੀ। ਉਦੋਂ ਭਾਰਤੀ ਟੀਮ ਨੂੰ ਕਾਂਸੀ ਦੇ ਤਗਮੇ ਨਾਲ ਹੀ ਸੰਤੋਸ਼ ਕਰਨਾ ਪਿਆ ਸੀ।
ਹਾਲ ਹੀ ‘ਚ ਨਿਯੁਕਤ ਕੋਚ ਕ੍ਰੇਗ ਫੁਲਟਨ ਦੀ ਅਗਵਾਈ ‘ਚ ਭਾਰਤ ਨੇ 3 ਮਹੀਨਿਆਂ ‘ਚ ਦੂਜੀ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਭਾਰਤ ਨੇ ਏਸ਼ੀਅਨ ਚੈਂਪੀਅਨਸ ਟਰਾਫੀ ਜਿੱਤੀ ਸੀ। ਇਸ ਵਾਰ ਏਸ਼ਿਆਈ ਖੇਡਾਂ ਦਾ ਸੋਨ ਤਗ਼ਮਾ ਜਿੱਤ ਕੇ ਭਾਰਤ ਨੇ ਏਸ਼ਿਆਈ ਹਾਕੀ ਵਿੱਚ ਪੂਰੀ ਤਰ੍ਹਾਂ ਆਪਣਾ ਦਬਦਬਾ ਕਾਇਮ ਕਰ ਲਿਆ। ਏਸ਼ੀਆਈ ਖੇਡਾਂ ਦਾ ਗੋਲਡ ਇਸ ਲਈ ਵੀ ਅਹਿਮ ਹੈ ਕਿਉਂਕਿ ਇਸ ਨੇ ਓਲੰਪਿਕ ਦੀ ਸਿੱਧੀ ਟਿਕਟ ਦਿੱਤੀ ਹੈ। ਪਿਛਲੀ ਵਾਰ ਭਾਰਤ ਨੇ ਕੁਆਲੀਫਿਕੇਸ਼ਨ ਟੂਰਨਾਮੈਂਟ ਖੇਡਣਾ ਸੀ ਪਰ ਹੁਣ ਇਸ ਦੀ ਲੋੜ ਨਹੀਂ ਪਵੇਗੀ।
🇮🇳 𝟓-𝟏 🇯🇵
𝐆𝐎𝐋𝐃 🥇 𝐌𝐞𝐝𝐚𝐥 𝐅𝐨𝐫 𝐈𝐍𝐃𝐈𝐀 🇮🇳#𝐓𝐞𝐚𝐦𝐈𝐧𝐝𝐢𝐚 𝐛𝐞𝐚𝐭 𝐉𝐚𝐩𝐚𝐧 𝐢𝐧 𝐭𝐡𝐞 𝐅𝐈𝐍𝐀𝐋 𝐨𝐟 #𝐀𝐬𝐢𝐚𝐧𝐆𝐚𝐦𝐞𝐬𝟐𝟎𝟐𝟐 🏑 pic.twitter.com/SYFyDZ3kod
— Doordarshan Sports (@ddsportschannel) October 6, 2023
ਇਹ ਵੀ ਪੜ੍ਹੋ
ਹੋਲੀ ਸ਼ੁਰੂਆਤ ਤੋਂ ਬਾਅਦ ਖੁਲ੍ਹਿਆ ਖਾਤਾ
ਟੀਮ ਇੰਡੀਆ ਨੇ ਮੈਚ 5-1 ਨਾਲ ਜਿੱਤਿਆ ਜਰੂਰ ਪਰ ਉਸ ਨੂੰ ਆਪਣਾ ਖਾਤਾ ਖੋਲ੍ਹਣ ਲਈ ਕਾਫੀ ਮਿਹਨਤ ਕਰਨੀ ਪਈ। ਪਹਿਲੇ ਕੁਆਰਟਰ ‘ਚ ਕੋਈ ਗੋਲ ਨਹੀਂ ਹੋ ਸਕਿਆ, ਜਦਕਿ ਦੂਜਾ ਕੁਆਰਟਰ ਵੀ ਇਸੇ ਤਰ੍ਹਾਂ ਹੱਥੋਂ ਜਾਉਂਦਾ ਨਜ਼ਰ ਆਇਆ। ਦੂਜੇ ਕੁਆਰਟਰ ਦੇ ਅੰਤ ਵਿੱਚ ਸਾਬਕਾ ਭਾਰਤੀ ਕਪਤਾਨ ਮਨਪ੍ਰੀਤ ਸਿੰਘ ਨੇ ਗੋਲ ਕਰਕੇ ਖਾਤਾ ਖੋਲ੍ਹਿਆ। ਫਿਰ ਭਾਰਤ ਲਈ ਗੋਲ ਦੀ ਬਹਾਰ ਆ ਗਈ।
ਤੀਜੇ ਅਤੇ ਚੌਥੇ ਕੁਆਰਟਰ ਵਿੱਚ ਵਰ੍ਹੇ ਗੋਲ
ਤੀਜੇ ਕੁਆਰਟਰ ਤੋਂ ਹੀ ਭਾਰਤ ਨੇ ਤੇਜ਼ੀ ਨਾਲ ਗੋਲ ਕਰਨੇ ਸ਼ੁਰੂ ਕਰ ਦਿੱਤੇ। ਤੀਜੇ ਕੁਆਰਟਰ ਦੀ ਸ਼ੁਰੂਆਤ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਨੇ ਤੂਫਾਨੀ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਲੀਡ ਨੂੰ 2-0 ਕਰ ਦਿੱਤਾ। ਇਸੇ ਕੁਆਰਟਰ ਵਿੱਚ ਇੱਕ ਹੋਰ ਗੋਲ ਪੈਨਲਟੀ ਕਾਰਨਰ ਤੇ ਆਇਆ ਅਤੇ ਇਸ ਵਾਰ ਅਮਿਤ ਰੋਹੀਦਾਸ ਨੇ ਸਫਲਤਾ ਹਾਸਲ ਕੀਤੀ। ਇਹ ਸਿਲਸਿਲਾ ਚੌਥੇ ਕੁਆਰਟਰ ‘ਚ ਵੀ ਜਾਰੀ ਰਿਹਾ ਅਤੇ ਅਭਿਸ਼ੇਕ ਨੇ ਭਾਰਤ ਦੀ ਲੀਡ 4-0 ਨਾਲ ਵਧਾ ਕੇ ਜਿੱਤ ‘ਤੇ ਮੋਹਰ ਲਗਾ ਦਿੱਤੀ। ਇਸ ਦੌਰਾਨ ਜਾਪਾਨ ਨੇ ਇਕ ਗੋਲ ਕਰਕੇ ਆਪਣਾ ਖਾਤਾ ਖੋਲ੍ਹਿਆ ਪਰ ਇਹ ਕਾਫੀ ਨਹੀਂ ਸੀ। ਮੈਚ ਖਤਮ ਹੋਣ ਤੋਂ 2 ਮਿੰਟ ਪਹਿਲਾਂ ਭਾਰਤੀ ਕਪਤਾਨ ਹਰਮਨਪ੍ਰੀਤ ਨੇ ਮੈਚ ਦਾ ਆਪਣਾ ਦੂਜਾ ਅਤੇ ਪੰਜਵਾਂ ਗੋਲ ਕਰਕੇ ਭਾਰਤ ਦੀ ਜਿੱਤ ‘ਤੇ ਮੋਹਰ ਲਗਾ ਦਿੱਤੀ।