Hukamnama Sri Darbar Sahib 14 September 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 14 ਸਤੰਬਰ 2026
Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ
ਸੋਰਠਿ ਮਹਲਾ ੯ ॥ ਮਨ ਕੀ ਮਨ ਹੀ ਮਾਹਿ ਰਹੀ ॥ ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥੧॥ ਰਹਾਉ ॥ ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥ ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥੧॥ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥੨॥੨॥
ਪਦ ਅਰਥ: ਮਾਹਿ = ਵਿਚ। ਰਹੀ = ਰਹਿ ਗਈ। ਭਜੇ = ਭਜਨ ਕੀਤਾ। ਤੀਰਥ = {तीर्थ = A holy person} ਸੰਤ ਜਨ। ਸੇਵੇ = ਸੇਵਾ ਕੀਤੀ। ਚੋਟੀ = ਬੋਦੀ। ਕਾਲਿ = ਕਾਲ ਨੇ। ਗਹੀ = ਫੜ ਲਈ ॥੧॥ ਦਾਰਾ = ਇਸਤ੍ਰੀ। ਪੂਤ = ਪੁੱਤਰ। ਰਥ = ਗੱਡੀਆਂ। ਸੰਪਤਿ = ਮਲ-ਅਸਬਾਬ। ਸਭ ਮਹੀ = ਸਾਰੀ ਧਰਤੀ। ਅਵਰ = ਹੋਰ। ਸਗਲ = ਸਾਰਾ। ਮਿਥਿਆ = ਨਾਸਵੰਤ। ਜਾਨਹੁ = ਸਮਝੋ। ਕੋ = ਦਾ। ਸਹੀ = ਠੀਕ, ਸਾਥ ਨਿਬਾਹੁਣ ਵਾਲਾ, ਅਸਲ (ਸਾਥੀ) ॥੧॥ ਜੁਗ = ਜੁਗਾਂ ਵਿਚ। ਹਾਰਿਓ = ਥੱਕ ਗਿਆ। ਮਾਨਸ ਦੇਹ = ਮਨੁੱਖਾ ਸਰੀਰ। ਲਹੀ = ਲੱਭਾ। ਬਰੀਆ = ਵਾਰੀ। ਕਹਾ ਨਹੀ = ਕਿਉਂ ਨਹੀਂ? ॥੨॥੨॥
ਅਰਥ: (ਹੇ ਭਾਈ! ਵੇਖੋ, ਮਾਇਆ ਧਾਰੀ ਦੀ ਮੰਦ-ਭਾਗਤਾ! ਉਸ ਦੇ) ਮਨ ਦੀ ਆਸ ਮਨ ਵਿਚ ਹੀ ਰਹਿ ਗਈ। ਨਾਹ ਉਸ ਨੇ ਪਰਮਾਤਮਾ ਦਾ ਭਜਨ ਕੀਤਾ, ਨਾਹ ਹੀ ਉਸ ਨੇ ਸੰਤ ਜਨਾਂ ਦੀ ਸੇਵਾ ਕੀਤੀ, ਤੇ, ਮੌਤ ਨੇ ਬੋਦੀ ਆ ਫੜੀ ॥੧॥ ਰਹਾਉ॥ ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਗੱਡੀਆਂ, ਮਾਲ-ਅਸਬਾਬ, ਧਨ-ਪਦਾਰਥ ਸਾਰੀ ਹੀ ਧਰਤੀ- ਇਹ ਸਭ ਕੁਝ ਨਾਸਵੰਤ ਸਮਝੋ। ਪਰਮਾਤਮਾ ਦਾ ਭਜਨ (ਹੀ) ਅਸਲ (ਸਾਥੀ) ਹੈ ॥੧॥ ਹੇ ਭਾਈ! ਕਈ ਜੁਗ (ਜੂਨਾਂ ਵਿਚ) ਭਟਕ ਭਟਕ ਕੇ ਤੂੰ ਥੱਕ ਗਿਆ ਸੀ। (ਹੁਣ) ਤੈਨੂੰ ਮਨੁੱਖਾ ਸਰੀਰ ਲੱਭਾ ਹੈ। ਨਾਨਕ ਆਖਦਾ ਹੈ-(ਹੇ ਭਾਈ! ਪਰਮਾਤਮਾ ਨੂੰ) ਮਿਲਣ ਦੀ ਇਹੀ ਵਾਰੀ ਹੈ, ਹੁਣ ਤੂੰ ਸਿਮਰਨ ਕਿਉਂ ਨਹੀਂ ਕਰਦਾ? ॥੨॥੨॥
ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!