Hukamnama Sri Darbar Sahib 10th January 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 10 ਜਨਵਰੀ 2026
Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।
ਅੰਮ੍ਰਿਤ ਵੇਲੇ ਦਾ ਹੁਕਮ ਨਾਮਾ ਸਾਹਿਬ ਜੀ
ਧਨਾਸਰੀ ਮਹਲਾ ੫ ॥ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ ਤਾ ਤੇ ਮੋਹਿ ਧਾਰੀ ਓਟ ਗੋਪਾਲ ॥ ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥ ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥ ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥ ਨਾਨਕ ਨਾਮੁ ਨਿਰੰਜਨੁ ਗਾਈਐ ਪਾਈਐ ਸਰਬ ਨਿਧਾਨਾ ॥ ਕਰਿ ਕਿਰਪਾ ਜਿਸੁ ਦੇਇ ਸੁਆਮੀ ਬਿਰਲੇ ਕਾਹੂ ਜਾਨਾ ॥੩॥੩॥੨੧॥
ਫਿਰਤ ਫਿਰਤ = ਭਾਲ ਕਰਦਿਆਂ ਕਰਦਿਆਂ। ਭੇਟੇ = ਮਿਲੇ। ਭੇਟੇ ਜਨ ਸਾਧੂ = (ਜਦੋਂ) ਗੁਰੂ ਪੁਰਖ ਨੂੰ ਮਿਲੇ। ਗੁਰਿ = ਗੁਰੂ ਨੇ। ਆਨ = {अन्य} ਹੋਰ। ਆਨ ਸਗਲ ਬਿਧਿ = ਹੋਰ ਸਾਰੀਆਂ ਜੁਗਤੀਆਂ। ਕਾਂਮਿ = ਕੰਮ ਵਿਚ। ਕਾਂਮਿ ਨ ਆਵੈ = ਲਾਭਦਾਇਕ ਨਹੀਂ ਹੋ ਸਕਦੀ।੧। ਤਾ ਤੇ = ਇਸ ਵਾਸਤੇ। ਮੋਹਿ = ਮੈਂ। ਓਟ = ਆਸਰਾ।ਰਹਾਉ। ਸੁਰਗ = ਦੇਵ-ਲੋਕ। ਮਿਰਤ = ਮਾਤ-ਲੋਕ। ਪਇਆਲ = ਪਾਤਾਲ। ਭੂ ਮੰਡਲ = ਸਾਰੀਆਂ ਧਰਤੀਆਂ। ਬਿਆਪੇ = ਗ੍ਰਸੇ ਹੋਏ ਹਨ। ਮਾਇ = ਮਾਇਆ (ਵਿਚ)। ਜੀਅ = ਜਿੰਦ। ਜੀਅ ਉਧਾਰਨ = ਜਿੰਦ ਨੂੰ (ਮਾਇਆ ਦੇ ਮੋਹ ਤੋਂ) ਬਚਾਣ ਲਈ।੨।
ਹੇ ਭਾਈ! ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾ ਪੁਰਖ ਨੂੰ ਮਿਲਿਆ, ਤਾਂ ਪੂਰੇ ਗੁਰੂ ਨੇ (ਮੈਨੂੰ) ਇਹ ਸਮਝ ਬਖ਼ਸ਼ੀ ਕਿ (ਮਾਇਆ ਦੇ ਮੋਹ ਤੋਂ ਬਚਣ ਲਈ) ਹੋਰ ਸਾਰੀਆਂ ਜੁਗਤੀਆਂ ਵਿਚੋਂ ਕੋਈ ਇੱਕ ਜੁਗਤਿ ਭੀ ਕੰਮ ਨਹੀਂ ਆਉਂਦੀ। ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ।੧। ਇਸ ਵਾਸਤੇ, ਹੇ ਭਾਈ! ਮੈਂ ਪਰਮਾਤਮਾ ਦਾ ਆਸਰਾ ਲੈ ਲਿਆ। (ਜਦੋਂ ਮੈਂ) ਸਰਬ-ਵਿਆਪਕ ਪਰਮਾਤਮਾ ਦੀ ਸਰਨ ਪਿਆ, ਤਾਂ ਮੇਰੇ ਸਾਰੇ (ਮਾਇਆ ਦੇ) ਜੰਜਾਲ ਨਾਸ ਹੋ ਗਏ।ਰਹਾਉ। ਹੇ ਭਾਈ! ਦੇਵ ਲੋਕ, ਮਾਤ-ਲੋਕ, ਪਾਤਾਲ-ਸਾਰੀ ਹੀ ਸ੍ਰਿਸ਼ਟੀ ਮਾਇਆ (ਦੇ ਮੋਹ) ਵਿਚ ਫਸੀ ਹੋਈ ਹੈ। ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਇਹੀ ਹੈ ਜਿੰਦ ਨੂੰ (ਮਾਇਆ ਦੇ ਮੋਹ ਵਿਚੋਂ) ਬਚਾਣ ਵਾਲਾ, ਇਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ।੨।
ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!


