Hukamnama Sri Darbar Sahib 10 September 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 10 ਸਤੰਬਰ 2026
Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ
ਸਲੋਕ ਮਃ ੩ ॥ ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਵਿਚਿ ਹਉਮੈ ਕਰਮ ਕਮਾਹਿ ॥ ਬਿਨੁ ਸਤਿਗੁਰ ਸੇਵੇ ਠਉਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥ ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨ ਮਾਹਿ ॥ ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਨਿ ਮੁਹਿ ਕਾਲੈ ਉਠਿ ਜਾਹਿ ॥੧॥
ਪਦ ਅਰਥ: ਉਰ = ਟਿਕਾਣਾ, ਇਸਥਿਤੀ, ਭਟਕਣ ਤੋਂ ਖ਼ਲਾਸੀ। ਮੁਹਿ ਕਾਲੈ = ਕਾਲੇ ਮੂੰਹ ਨਾਲ, ਮੁਕਾਲਖ ਖੱਟ ਕੇ।੧।
ਅਰਥ: ਮਨੁੱਖ ਸਤਿਗੁਰੂ ਦੀ ਸੇਵਾ ਤੋਂ ਖੁੰਝ ਕੇ ਅਹੰਕਾਰ ਦੇ ਆਸਰੇ ਕਰਮ ਕਰਦੇ ਹਨ, ਪਰ ਉਹ ਕਰਮ ਉਹਨਾਂ ਦੇ ਆਤਮਾ ਲਈ ਬੰਧਨ ਹੋ ਜਾਂਦੇ ਹਨ, ਸਤਿਗੁਰੂ ਦੀ ਦੱਸੀ ਕਾਰ ਨਾ ਕਰਨ ਕਰ ਕੇ ਉਹਨਾਂ ਨੂੰ ਕਿਤੇ ਥਾ ਨਹੀਂ ਮਿਲਦੀ, ਉਹ ਮਰਦੇ ਹਨ (ਫੇਰ) ਜੰਮਦੇ ਹਨ, (ਸੰਸਾਰ ਵਿਚ) ਆਉਂਦੇ ਹਨ, (ਫੇਰ) ਜਾਂਦੇ ਹਨ; ਸਤਿਗੁਰੂ ਦੀ ਦੱਸੀ ਸੇਵਾ ਤੋਂ ਵਾਂਜੇ ਰਹਿ ਕੇ ਉਹਨਾਂ ਦੇ ਬੋਲ ਭੀ ਫਿੱਕੇ ਹੁੰਦੇ ਹਨ ਤੇ ‘ਨਾਮ’ ਉਹਨਾਂ ਦੇ ਮਨ ਵਿਚ ਵੱਸਦਾ ਨਹੀਂ। ਹੇ ਨਾਨਕ! ਸਤਿਗੁਰੂ ਦੀ ਸੇਵਾ ਤੋਂ ਬਿਨਾ ਕਾਲੇ-ਮੂੰਹ (ਸੰਸਾਰ ਤੋਂ) ਤੁਰ ਜਾਂਦੇ ਹਨ ਤੇ ਜਮਪੁਰੀ ਵਿਚ ਬੱਧੇ ਹੋਏ ਮਾਰ ਖਾਂਦੇ ਹਨ (ਭਾਵ, ਇਸ ਲੋਕ ਵਿਚ ਮੁਕਾਲਖ ਖੱਟਦੇ ਹਨ ਤੇ ਅਗਾਂਹ ਭੀ ਦੁਖੀ ਹੁੰਦੇ ਹਨ)।੧।
ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!


