ਗੂਰੂ ਨਾਨਕ ਸਾਹਿਬ ਦੀ ਸੈਦਪੁਰ ਉਦਾਸੀ, ਜਾਣੋਂ ਪਾਤਸ਼ਾਹ ਨੇ ਕੀ ਦਿੱਤਾ ਸੀ ਸੰਦੇਸ਼
ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਹਮੇਸ਼ਾ ਆਪਣੀ ਉਦਾਸੀਆਂ ਅਤੇ ਧਰਮ ਪ੍ਰਚਾਰ ਦੌਰਾਨ ਹੱਕ ਦਾ ਖਾਣ ਅਤੇ ਸੱਚ ਬੋਲ ਦਾ ਸੁਨੇਹਾ ਦਿੱਤਾ। ਸੈਦਪੁਰ ਦੀ ਉਦਾਸੀ ਦੌਰਾਨ ਪਾਤਸ਼ਾਹ ਨੇ ਇਸੀ ਹੱਕ ਤੇ ਸੱਚ ਦੀ ਪ੍ਰੀਭਾਸ਼ਾ ਨੂੰ ਸਿੱਖਾਂ ਸਾਹਮਣੇ ਰੱਖਿਆ, ਜਿੱਥੇ ਭਾਈ ਲਾਲੋ ਦੇ ਕੋਲ ਠਹਿਰੇ ਤਾਂ ਦੂਜੇ ਪਾਸੇ ਮਲਿਕ ਭਾਗੋ ਨੂੰ ਕਿਰਤ ਕਰਨ ਅਤੇ ਨਾਮ ਜਪਣ ਦਾ ਆਸੀਰਵਾਦ ਦਿੱਤਾ।
ਕਲਯੁੱਗ ਦੇ ਵਿੱਚ ਆਪਣੇ ਪਿਆਰੇ ਸਿੱਖਾਂ ਨੂੰ ਮਿਲਣ ਅਤੇ ਪਾਪੀਆਂ ਨੂੰ ਸੱਚ ਦੇ ਰਾਹ ਪਾਉਣ ਲਈ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਿਆ। ਪਾਤਸ਼ਾਹ ਨੇ ਆਪਣੀ ਜੀਵਨ ਕਾਲ ਦੌਰਾਨ ਕਈ ਉਦਾਸੀਆਂ ਕੀਤੀਆਂ, ਇਹਨਾਂ ਉਦਾਸੀਆਂ ਵਿੱਚੋਂ ਪਹਿਲੀ ਉਦਾਸੀ ਦਾ ਪਹਿਲਾ ਪੜਾਅ ਸੈਦਪੁਰ ਸੀ। ਹੁਣ ਇਹ ਸੈਦਪੁਰ ਅੱਜ ਦੇ ਪਾਕਿਸਤਾਨ ਵਿੱਚ ਗੁਜਰਾਂਵਾਲਾ ਸ਼ਹਿਰ ਤੋਂ 8 ਕਿਲੋਮੀਟਰ ਦੱਖਣ ਵਿੱਚ ਸਥਿਤ ਹੈ, ਜਿਸ ਨੂੰ ਅੱਜ ਕੱਲ੍ਹ ਲੋਕ ਐਮਨਾਬਾਦ ਕਹਿੰਦੇ ਹਨ।
ਇਸ ਯਾਤਰਾ ਤੇ ਜਾਣ ਤੋਂ ਪਹਿਲਾ ਪਾਤਸ਼ਾਹ ਨਨਕਾਣਾ ਵਿਖੇ ਗਏ ਜਿੱਥੇ ਉਹਨਾਂ ਨੇ ਮਾਤਾ ਪਿਤਾ ਨਾਲ ਮੁਲਾਕਾਤ ਕੀਤੀ ਅਤੇ ਅਸ਼ੀਰਵਾਦ ਲਿਆ। ਉਹਨਾਂ ਨਾਲ ਪਿਆਰਾ ਸਾਥੀ ਮਰਦਾਨਾ ਵੀ ਆ ਗਿਆ। ਇੱਥੋ ਹੀ ਦੋਵੇਂ ਸਾਥੀ ਇਸ ਯਾਤਰਾ ਲਈ ਚੱਲੇ।
ਭਾਈ ਲਾਲੋ ਨੂੰ ਮਿਲਣਾ।
ਪਹਿਲੀ ਉਦਾਸੀ ਦੇ ਪਹਿਲੇ ਪੜਾਅ (ਸੈਦਪੁਰ ਵਿਖੇ) ਵਿੱਚ ਪਾਤਸ਼ਾਹ ਨੇ ਆਪਣੇ ਸੱਚੇ ਸੇਵਕ ਭਾਈ ਲਾਲੋ ਜੀ ਨੂੰ ਦਰਸ਼ਨ ਦਿੱਤੇ। ਲਾਲੋ ਜੀ ਤਰਖਾਣ ਵਜੋਂ ਕਿਰਤ ਕਰਦੇ ਸਨ। ਹਾਲਾਂਕਿ ਭਾਈ ਲਾਲੋ ਜੀ ਕੋਲ ਕੋਈ ਜ਼ਿਆਦਾ ਧਨ ਨਹੀਂ ਸੀ ਪਰ ਪਿਆਰ ਅਤੇ ਸ਼ਰਧਾ ਅਥਾਹ ਅਮੁੱਕ ਸੀ। ਉਹਨਾਂ ਨੇ ਗੁਰੂ ਪਾਤਸ਼ਾਹ ਦੀ ਦਿਲੋਂ ਸੇਵਾ ਕੀਤੀ।
ਸੈਦਪੁਰ ਵਿਖੇ ਹੀ ਇੱਕ ਹਵੇਲੀ ਵਿੱਚ ਇੱਕ ਅਮੀਰ ਸੇਠ ਰਿਹਾ ਕਰਦੇ ਸਨ, ਜਿਸ ਦੀ ਹਵੇਲੀ ਤੇ ਕਈ ਨਿਸ਼ਾਨ ਝੂਲਦੇ ਰਹਿੰਦੇ, ਜਦੋਂ ਉਸ ਨੂੰ ਗੁਰੂ ਨਾਨਕ ਸਾਹਿਬ ਦੀ ਆਮਦ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਪਾਤਸ਼ਾਹ ਨੂੰ ਹਵੇਲੀ ਵਿਖੇ ਆਉਣ ਦਾ ਸੱਦਾ ਦਿੱਤਾ। ਜਿੱਥੇ 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ ਗਏ ਪਰ ਗੁਰੂ ਸਾਹਿਬ ਨੇ ਇਹ ਸੱਦਾ ਨਕਾਰ ਦਿੱਤਾ।
ਅਖੀਰ ਮਲਿਕ ਭਾਗੋ ਦਾ ਹੰਕਾਰ ਤੋੜਣ ਲਈ ਪਾਤਸ਼ਾਹ ਨੇ ਉਸ ਦੀ ਰਿਹਾਇਸ਼ ਤੇ ਜਾਣ ਦਾ ਫੈਸਲਾ ਕੀਤਾ। ਜਦੋਂ ਪਾਤਸ਼ਾਹ ਗਏ ਤਾਂ ਭਾਗੋ ਨੇ ਪਹਿਲਾਂ ਕੀਤੇ ਗਏ ਇਨਕਾਰ ਦਾ ਕਾਰਨ ਪੁੱਛਿਆ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਭਾਗੋ ਤੂੰ ਸੋਸ਼ਣ ਕਰਦਾ ਹੈ, ਤੂੰ ਕਿਰਤੀਆਂ ਦੀ ਕਿਰਤ ਨੂੰ ਲੁੱਟ ਦਾ ਹੈ, ਇਸ ਕਰਕੇ ਅਸੀਂ ਤੇਰੇ ਘਰ ਭੋਜਨ ਨਹੀਂ ਸਕਾਂਗੇ।
ਇਹ ਵੀ ਪੜ੍ਹੋ
ਪਾਤਸ਼ਾਹ ਨੇ ਆਪਣੀ ਕਲਾ ਵਰਤਾਉਂਦਿਆਂ ਮਲਿਕ ਭਾਗੋ ਦਾ ਹੰਕਾਰ ਤੋੜ ਦਿੱਤਾ ਅਤੇ ਅਖੀਰ ਮਲਿਕ ਭਾਗੋ ਨੇ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗੀ ਅਤੇ ਪਾਤਸ਼ਾਹ ਕੋਲੋਂ ਨਾਮ ਦਾਨ ਮੰਗਿਆ। ਪਾਤਸ਼ਾਹ ਨੇ ਭਾਗੋ ਨੂੰ ਕਿਹਾ ਕਿ ਹਮੇਸ਼ਾ ਹੱਕ ਅਤੇ ਸੱਚ ਵਾਲਾ ਜੀਵਨ ਜਿਉਂਣਾ ਹੈ। ਨਫ਼ੇ ਨੁਕਸਾਨ ਕੁੱਝ ਸਮੇਂ ਲਈ ਹੁੰਦੇ ਹਨ ਪਰ ਕਿਸੇ ਦਾ ਮਾਰਿਆ ਹੋਇਆ ਹੱਕ ਤੁਹਾਨੂੰ ਪੂਰੀ ਜਿੰਦਗੀ ਸਾਂਤੀ ਨਾਲ ਜਿਊਣ ਨਹੀਂ ਦਿੰਦਾ।


