ਸਾਡਾ ਬਾਬਾ, ਉਹਨਾਂ ਦਾ ਲਾਮਾ…ਪਰ ਇੱਕੋ ਨਾਨਕ, ਸਭ ਦਾ ਸਾਂਝਾ…ਅਰੁਣਾਚਲ ਦੇ ਲੋਕ ਬਾਬੇ ਨਾਨਕ ਨੂੰ ਲਾਮਾ ਕਹਿੰਦੇ ਨੇ
Guru Nanak Sahib Arunachal Pradesh Journey: ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਦੌਰਾਨ ਉਨ੍ਹਾਂ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕੀਤਾ। ਇਸ ਲੇਖ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਮਨਚੂਖਾ ਨੇੜੇ ਸਥਿਤ ਗੁਰਦੁਆਰਾ ਤਪਸਥਾਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਗੁਰਦੁਆਰਾ ਭਾਰਤ-ਚੀਨ ਸਰਹੱਦ ਨੇੜੇ ਸਥਿਤ ਹੈ ਅਤੇ ਸਥਾਨਕ ਲੋਕ ਇਸਨੂੰ ਨਾਨਕ ਲਾਮਾ ਵਜੋਂ ਪੂਜਦੇ ਹਨ।

ਆਸਾ ਦੀ ਵਾਰ ਵਿੱਚ ਸ਼ਬਦ ਆਉਂਦਾ ਹੈ। ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ… ਸਤਿਗੁਰੂ ਨੇ ਜਿੱਥੇ ਵੀ ਚਰਨ ਪਾਏ ਉਹ ਧਰਤੀ ਧੰਨ ਧੰਨ ਹੋ ਗਏ, ਉਸ ਦੀ ਮਹਿਕ ਆਲੇ ਦੁਆਲੇ ਨੂੰ ਮਹਿਕਾਉਣ ਲੱਗੀ। ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆਂ ਦਾ ਕਲਿਆਣ ਕਰਨ ਲਈ 4 ਉਦਾਸੀਆਂ ਕੀਤੀ। ਇਸ ਦੌਰਾਨ ਪਾਤਸ਼ਾਹ ਵੱਖ ਵੱਖ ਖਿੱਤਿਆਂ ਵਿੱਚ ਗਏ ਅਤੇ ਵਿਚਾਰ-ਗੋਸ਼ਠੀਆਂ ਕੀਤੀਆਂ।
ਪਾਤਸ਼ਾਹ ਨੇ ਪੂਰਬੀ ਭਾਰਤ ਦੀ ਯਾਤਰਾ ਦੌਰਾਨ ਤਿੱਬਤ, ਸਿੱਕਮ, ਅਰੁਣਾਚਲ ਪ੍ਰਦੇਸ਼, ਅਸਾਮ, ਮਨੀਪੁਰ ਆਦਿ ਥਾਵਾਂ ਆਪਣੇ ਚਰਨ ਪਾਏ। ਇਹਨਾਂ ਯਾਤਰਾਵਾਂ ਦੇ ਸਬੂਤ ਉਹਨਾਂ ਥਾਵਾਂ ਤੇ ਰਹਿੰਦੇ ਨਿਵਾਸੀਆਂ ਵਿੱਚੋ ਮਿਲ ਜਾਂਦੇ ਹਨ। ਅਰੁਣਾਚਲ ਪ੍ਰਦੇਸ਼ ਵਿੱਚ ਭਾਰਤ ਅਤੇ ਚੀਨ ਦੀ ਕੌਮਾਂਤਰੀ ਸਰਹੱਦ ਨੇੜੇ ਇੱਕ ਥਾਂ ਪੈਂਦੀ ਹੈ ਜਿਸ ਨੂੰ ਮਨਚੂਖਾ ਕਿਹਾ ਜਾਂਦਾ ਹੈ।
ਇਹ ਇਲਾਕਾ ਕਬਾਇਲੀ ਲੋਕਾਂ ਦਾ ਏਰੀਆ ਹੈ ਜੋ ਕਿ ਸੰਘਣੇ ਜੰਗਲਾਂ ਨਾਲ ਘਿਰਿਆ ਹੋਇਆ ਹੈ ਅਤੇ ਇੱਥੇ ਮੇਂਬਾ ਨਾਮ ਦੇ ਕਬੀਲੇ ਦੇ ਲੋਕ ਰਹਿੰਦੇ ਹਨ। ਮਨਚੂਖਾ ਤੋਂ 15-16 ਕਿਲੋਮੀਟਰ ਦੂਰ ਜੰਗਲਾਂ ਵਿੱਚ ਸਥਿਤ ਹੈ ਗੁਰਦੁਆਰਾ ਤਪਸਥਾਨ ਗੁਰੂ ਨਾਨਕ ਦੇਵ ਜੀ। ਇਸ ਇਲਾਕੇ ਦੇ ਲੋਕ ਬਾਬਾ ਨਾਨਕ ਜੀ ਨੂੰ ਨਾਨਕ ਲਾਮਾ ਕਹਿਕੇ ਸਤਿਕਾਰਦੇ ਹਨ।
ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਆਏ ਸਨ ਤਾਂ ਕਰੀਬ 15 ਦਿਨ ਇਸ ਇਲਾਕੇ ਵਿੱਚ ਰਹੇ ਅਤੇ ਇੱਥੇ ਤਪੱਸਿਆ ਕੀਤੀ। ਜਿਸ ਤੋਂ ਮਗਰੋਂ ਇਹ ਲੋਕ ਇੱਥੇ ਪੂਜਾ ਕਰਨ ਲੱਗੇ ਅਤੇ ਇਹ ਬਾਬਾ ਨਾਨਕ ਨੂੰ ਨਾਨਕ ਲਾਮਾ ਕਹਿ ਕੇ ਪੂਜਾ ਕਰਦੇ ਸਨ। ਮੌਜੂਦਾ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਸਾਲ 1986-90 ਦੇ ਵਿਚਕਾਰ ਹੋਇਆ। ਸੰਘਣੇ ਜੰਗਲ ਹੋਣ ਕਾਰਨ ਇਸ ਥਾਂ ਤੇ ਪਹਿਲਾਂ ਪੈਦਲ ਹੀ ਪਹੁੰਚਿਆ ਜਾਂਦਾ ਸੀ ਪਰ ਹੁਣ ਸੜਕ ਦਾ ਨਿਰਮਾਣ ਵੀ ਹੋ ਚੁੱਕਿਆ ਹੈ। ਜਿਸ ਕਾਰਨ ਸਫ਼ਰ ਕਾਫੀ ਆਸਾਨ ਹੋਇਆ ਹੈ।
ਇਸ ਅਸਥਾਨ ਦੇ ਨਿਰਮਾਣ ਲਈ ਕਾਫੀ ਸਮਾਨ ਆਸਾਮ ਦੇ ਮੋਹਨਵਾੜੀ ਹਵਾਈ ਅੱਡੇ ਤੋਂ ਮਨਚੂਖਾ ਵਿਖੇ ਲਿਆਂਦਾ ਗਿਆ। ਜਿਸ ਮਗਰੋਂ ਇੱਕ ਗੁਰਦੁਆਰਾ ਬਣਾਇਆ ਗਿਆ ਹੁਣ ਹਰ ਸਾਲ 22 ਮਾਰਚ ਤੋਂ 24 ਮਾਰਚ ਤੱਕ ਸਥਾਨਕ ਲੋਕ ਤਿਉਹਾਰ ਮਨਾਉਂਦੇ ਹਨ ਅਤੇ ਹੁਣ ਤਾਂ ਇੱਥੇ ਵਿਸਾਖੀ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ।