ਜਿਨ੍ਹਾਂ ਦੇ ਪ੍ਰਭੂ ਭਗਤੀ ਵਿੱਚ ਲਿਖੇ ਵੈਰਾਗ ਮਈ ਸ਼ਬਦ, ਜਾਣੋਂ ਭਗਤ ਭੀਖਨ ਜੀ
ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਵਿੱਚ 15 ਭਗਤ ਸਾਹਿਬਾਨਾਂ ਦੀ ਬਾਣੀ ਸ਼ਾਮਿਲ ਹੈ। ਉਹਨਾਂ ਭਗਤਾਂ ਵਿੱਚੋਂ ਇੱਕ ਹਨ ਭਗਤ ਭੀਖਨ ਜੀ। ਸਿੱਖ ਇਤਿਹਾਸ ਦੀ ਇਸ ਲੜੀ ਵਿੱਚ ਅੱਜ ਜਾਣਾਂਗੇ ਭਗਤ ਭੀਖਨ ਜੀ ਬਾਰੇ।
ਭਗਤ ਭੀਖਨ ਜੀ
ਭਗਤ ਭੀਖਨ ਜੀ ਦੇ 2 ਸ਼ਬਦ ਰਾਗੁ ਸੋਰਠਿ ਹੇਠ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਉਹਨਾਂ ਦੇ ਜਨਮ ਅਤੇ ਜੀਵਨ ਕਾਲ ਸਬੰਧੀ ਵੱਖ ਵੱਖ ਵਿਦਿਵਾਨਾਂ ਵਿੱਚ ਮਤਭੇਦ ਹਨ। ਭਗਤ ਦੀਆਂ ਰਚਨਾਵਾਂ ਨੂੰ ਦੇਖਦਿਆਂ ਕਈ ਵਿਦਵਾਨ ਉਹਨਾਂ ਨੂੰ ਹਿੰਦੂ ਸੰਤ ਵੀ ਆਖ ਦਿੰਦੇ ਹਨ। ਪਰ ਦੂਜੇ ਪਾਸੇ ਜ਼ਿਆਦਾਤਰ ਵਿਦਵਾਨ ਉਹਨਾਂ ਨੂੰ ਇਸਲਾਮ ਧਰਮ ਦੇ ਸੂਫੀ ਮੱਤ ਨਾਲ ਸਬੰਧਿਤ ਮੰਨਦੇ ਹਨ।
ਭਗਤ ਭੀਖਨ ਜੀ ਮੱਧਕਾਲੀ ਭਾਰਤੀ ਸੰਤ ਹਨ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਤੇ ਇਤਿਹਾਸਕਾਰ ਮੈਕਾਲਫ਼ ਦੇ ਅਨੁਸਾਰ ਭਗਤ ਭੀਖਨ ਜੀ ਦਾ ਜਨਮ ਸਾਲ 1480 ਈਸਵੀ ਵਿੱਚ ਕਾਕੌਰੀ ਵਿਖੇ ਹੋਇਆ। ਜੋ ਅੱਜ ਕੱਲ੍ਹ ਦੇ ਉੱਤਰ ਪ੍ਰਦੇਸ਼ ਵਿੱਚ ਪੈਂਦਾ ਹੈ। ਪਰ ਕਈ ਵਿਦਿਵਾਨ ਇਸ ਨਾਲ ਸਹਿਮਤ ਨਹੀਂ ਹਨ। ਆਪ ਜੀ ਦੀ ਬਾਣੀ ਵਿੱਚ ਵੈਰਾਗ ਦੀ ਭਾਵਨਾ ਹੈ।


