Battle Of Saragarhi: ਜਦੋਂ 10 ਹਜ਼ਾਰ ਅਫ਼ਗਾਨਾਂ ਸਾਹਮਣੇ ਡਟ ਗਏ ਸਨ 21 ਸਿੱਖ ਯੋਧੇ, ਜਾਣੋਂ ਸਾਰਾਗੜੀ ਦੇ ਯੁੱਧ ਦਾ ਇਤਿਹਾਸ
History Of Saragarhi:ਕਲਗੀਧਰ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਨੂੰ ਬਚਨ ਹੈ। ਸਵਾ ਲੱਖ ਨਾਲ ਇੱਕ ਲੜਾਊ ਤਦੀਂ ਗੋਬਿੰਦ ਸਿੰਘ ਨਾਮ ਕਹਾਊ। ਸਮੇਂ ਸਮੇਂ ਤੇ ਯੋਧੇ ਸੂਰਬੀਰ ਬਚਨਾਂ ਤੇ ਖਰ੍ਹੇ ਉੱਤਰਦੇ ਹਨ। ਅੱਜ ਕਹਾਣੀ ਸਾਰਾਗੜ੍ਹੀ ਦੇ ਉਹਨਾਂ ਸੂਰਬੀਰਾਂ ਦੀ। ਜਿਨ੍ਹਾਂ ਨੇ ਜਾਨ ਤਾਂ ਕੁਰਬਾਨ ਕਰ ਦਿੱਤੀ ਪਰ ਦੁਸ਼ਮਣ ਅੱਗੇ ਝੁਕਣਾ ਸਵੀਕਾਰ ਨਹੀਂ ਕੀਤਾ। ਸਿਜਦਾ ਹੈ ਅਜਿਹੇ ਯੋਧਿਆਂ ਨੂੰ।
Saragarhi Di Jang: ਸਾਰਾਗੜ੍ਹੀ ਅੱਜ ਦੇ ਪਾਕਿਸਤਾਨ ਅਤੇ ਅਫਗਾਨਿਸਤਾਨ ਸਰਹੱਦ ਤੇ ਸਥਿਤ ਇੱਕ ਇਲਾਕਾ ਹੈ। ਜਿੱਥੇ ਇੱਕ ਅਜਿਹੀ ਜੰਗ ਲੜੀ ਗਈ ਜੋ ਰਹਿੰਦੀ ਦੁਨੀਆਂ ਤੱਕ ਯੋਧਿਆਂ ਦੀ ਬਹਾਦਰੀ ਲਈ ਯਾਦ ਰੱਖੀ ਜਾਵੇਗੀ। ਇਸ ਜੰਗ ਵਿੱਚ ਜਿੱਥੇ ਇੱਕ ਪਾਸੇ 21 ਸਿੱਖ ਫੌਜੀ ਸਨ ਤਾਂ ਦੂਜੇ ਪਾਸੇ 10 ਹਜ਼ਾਰ ਤੋਂ ਜ਼ਿਆਦਾ ਅਫ਼ਗਾਨੀ ਕਬੀਲਿਆਈ ਸਨ। ਇਸ ਜੰਗ ਦੀ ਅਗਵਾਈ ਹੌਲਦਾਰ ਈਸ਼ਰ ਸਿੰਘ ਨੇ ਕੀਤੀ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅਖੀਰ 1849 ਵਿੱਚ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ। ਪੰਜਾਬ ਲਹਿੰਦੇ ਵੱਲ ਨੂੰ ਅਫ਼ਗਾਨਿਸਤਾਨ ਤੱਕ ਫੈਲਿਆਂ ਹੋਇਆ ਸੀ। ਹੁਣ ਅੰਗਰੇਜ਼ਾਂ ਦੀ ਲਾਲਸਾ ਐਨੀ ਵਧ ਗਈ ਸੀ ਕਿ ਉਹ ਅਫਗਾਨਿਸਤਾਨ ਤੇ ਕਬਜ਼ਾਂ ਕਰਨ ਦੀਆਂ ਵਿਊਂਤਾਂ ਬਣਾਉਣ ਲੱਗ ਪਏ ਸਨ। ਇਹਨਾਂ ਯੋਜਨਾਵਾਂ ਨੂੰ ਸਿਰ੍ਹੇ ਚਾੜ੍ਹਣ ਲਈ ਅੰਗਰੇਜ਼ਾਂ ਨੇ 1897 ਤੱਕ ਆਉਂਦਿਆਂ ਆਉਂਦਿਆਂ ਅਫ਼ਗਾਨਿਸਤਾਨ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ।
ਅੰਗਰੇਜ਼ਾਂ ਵੱਲੋਂ ਕੀਤੇ ਹਮਲਿਆਂ ਦੇ ਜਵਾਬ ਵਿੱਚ ਅਫ਼ਗਾਨੀ ਕਬੀਲੇ ਵੀ ਮੋੜਵਾਂ ਵਾਰ ਕਰਦੇ। ਅੰਗਰੇਜ਼ਾਂ ਨੇ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ 2 ਕਿਲ੍ਹਿਆਂ ਦਾ ਨਿਰਮਾਣ ਕਰਵਾਇਆ। ਇੱਕ ਦਾ ਨਾਮ ਰੱਖਿਆ ਗਿਆ ਗੁਲਿਸਤਾਨ ਅਤੇ ਦੂਜੇ ਦਾ ਨਾਮ ਲੋਕਹਾਰਟ। ਓਰਕਜ਼ਈ ਕਬੀਲੇ ਇਹਨਾਂ ਕਿਲ੍ਹਿਆਂ ਤੇ ਆਪਣਾ ਕਬਜ਼ਾ ਕਰਨਾ ਚਾਹੁੰਦੇ ਸਨ। ਪਰ ਕਈ ਵਾਰ ਉਹ ਅਸਫ਼ਲ ਕੋਸ਼ਿਸਾਂ ਕਰ ਚੁੱਕੇ ਸਨ।
ਇਹਨਾਂ ਦੋਵੇਂ ਕਿਲ੍ਹਿਆਂ ਵਿਚਾਲੇ ਪੈਂਦੀ ਸੀ ਇੱਕ ਚੌਂਕੀ। ਜਿਸ ਨੂੰ ਸਾਰਾਗੜ੍ਹੀ ਚੌਂਕੀ ਪੈਂਦੀ ਸੀ। ਇਸ ਚੌਂਕੀ ਦਾ ਕੰਮ ਦੋਵੇਂ ਕਿਲ੍ਹਿਆਂ ਵਿਚਾਲੇ ਸੰਚਾਰ ਦਾ ਸਾਧਨਾਂ ਨੂੰ ਕਾਇਮ ਰੱਖਣਾ ਸੀ। ਕਿਉਂਕਿ ਦੋਵੇਂ ਕਿਲ੍ਹੇ ਦੂਰ ਹੋਣ ਕਰਕੇ ਦਿਖਾਈ ਨਹੀਂ ਦਿੰਦੇ ਸਨ। ਇਸ ਕਰਕੇ ਇਹ ਚੌਂਕੀ ਬਹੁਤ ਮਹੱਤਵਪੂਰਨ ਹੋ ਜਾਂਦੀ ਸੀ। ਅਫ਼ਗਾਨਾਂ ਨੇ ਅੰਗਰੇਜ਼ਾਂ ਦੀ ਇਸ ਚੌਂਕੀ ਨੂੰ ਜਿੱਤਣ ਦਾ ਫੈਸਲਾ ਕੀਤਾ। ਪਰ ਇਸ ਚੌਂਕੀ ਦੀ ਕਮਾਨ 36ਵੀਂ ਸਿੱਖ ਰੈਜੀਮੈਂਟ ਦੇ ਫੌਜੀਆਂ ਦੇ ਹੱਥ ਵਿੱਚ ਸੀ ਤਾਂ ਅਫ਼ਗਾਨਾਂ ਲਈ ਜਿੱਤ ਮੁਸ਼ਕਿਲ ਹੀ ਨਹੀਂ ਸਗੋਂ ਨਾ-ਮੁਮਕਿਨ ਸੀ।
12 ਸਤੰਬਰ ਨੂੰ ਹੋਈ ਇਤਿਹਾਸਿਕ ਜੰਗ
10 ਹਜ਼ਾਰ ਤੋਂ ਜ਼ਿਆਦਾ ਗਿਣਤੀ ਵਿੱਚ ਅਫ਼ਗਾਨੀ ਕਬੀਲੇ ਦੇ ਲੋਕਾਂ ਨੇ ਸਾਰਾਗੜ੍ਹੀ ਚੌਂਕੀ ਤੇ ਹਮਲਾ ਕਰ ਦਿੱਤਾ। ਇਹ ਸਵੇਰੇ 9-10 ਵਜੇ ਦਾ ਸਮਾਂ ਸੀ। ਇੰਨੀ ਵੱਡੀ ਗਿਣਤੀ ਵਿਚ ਦੁਸ਼ਮਣਾਂ ਨੂੰ ਆਪਣੇ ਵੱਲ ਆਉਂਦੇ ਦੇਖ ਕੇ ਸਿਪਾਹੀਆਂ ਦੇ ਆਗੂ ਹੌਲਦਾਰ ਈਸ਼ਰ ਸਿੰਘ ਨੇ ਸਿਗਨਲ ਮੈਨ ਗੁਰਮੁੱਖ ਸਿੰਘ ਨੂੰ ਤੁਰੰਤ ਨੇੜੇ ਦੇ ਫੋਰਟ ਲਾਕਹਾਰਟ ਵਿਖੇ ਤਾਇਨਾਤ ਅੰਗਰੇਜ਼ ਅਫਸਰਾਂ ਨੂੰ ਸਥਿਤੀ ਬਾਰੇ ਸੂਚਿਤ ਕਰਨ ਅਤੇ ਮਦਦ ਮੰਗਣ ਦਾ ਹੁਕਮ ਦਿੱਤਾ।
ਇਹ ਵੀ ਪੜ੍ਹੋ
ਅੰਗਰੇਜ਼ਾਂ ਨੇ ਮਦਦ ਕਰਨ ਤੋਂ ਕੀਤਾ ਇਨਕਾਰ
ਸਿਗਨਲ ਪ੍ਰਾਪਤ ਕਰਨ ਤੋਂ ਬਾਅਦ, ਕਰਨਲ ਹਾਟਨ ਨੇ ਕਿਹਾ ਕਿ ਸਿੱਖ ਫੌਜੀਆਂ ਨੂੰ ਪਿੱਛੇ ਹਟਣ ਲਈ ਕਿਹਾ ਕਿਉਂਕਿ ਉਹ ਤੁਰੰਤ ਕੋਈ ਮਦਦ ਨਹੀਂ ਭੇਜ ਸਕਦੇ ਸਨ। ਪਰ ਕਿਸੇ ਵੀ ਸੂਰਤ ਵਿੱਚ ਪਿਛੇ ਹਟਣਾ ਗੁਰੂ ਦੇ ਸਿੱਖਾਂ ਨੂੰ ਮਨਜ਼ੂਰ ਨਹੀਂ ਸੀ। ਅੰਗਰੇਜ਼ ਅਫ਼ਸਰਾਂ ਦਾ ਜਵਾਬ ਸੁਣਨ ਤੋਂ ਬਾਅਦ ਹੌਲਦਾਰ ਈਸ਼ਰ ਸਿੰਘ ਨੇ ਫੈਸਲਾ ਕੀਤਾ ਕਿ ਉਹ ਮਰਦੇ ਦਮ ਤੱਕ ਇਹ ਚੌਂਕੀ ਨਹੀਂ ਛੱਡਣਗੇ। ਈਸ਼ਰ ਸਿੰਘ ਦੇ ਨਾਲ-ਨਾਲ ਉਨ੍ਹਾਂ ਦੇ ਸਿਪਾਹੀਆਂ ਨੇ ਵੀ ਆਖਰੀ ਸਾਹ ਤੱਕ ਲੜਨ ਦਾ ਫੈਸਲਾ ਕੀਤਾ।
ਸਾਰੇ ਸਿੱਖ ਸਿਪਾਹੀ ਆਪਣੀਆਂ ਤੋਪਾਂ ਲੈ ਕੇ ਉੱਚੀ ਥਾਂ ਤੇ ਹੋ ਗਏ। ਹੌਲਦਾਰ ਈਸ਼ਰ ਸਿੰਘ ਨੇ ਆਪਣੇ ਸਿਪਾਹੀਆਂ ਨੂੰ ਗੋਲੀ ਨਾ ਚਲਾਉਣ ਦਾ ਹੁਕਮ ਦਿੱਤਾ। ਕਿਉਂ ਅਸਲਾ ਪਹਿਲਾਂ ਹੀ ਘੱਟ ਸੀ ਜਿਸ ਕਾਰਨ ਈਸ਼ਰ ਸਿੰਘ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਪਠਾਨਾਂ ਨੂੰ ਹੋਰ ਨੇੜੇ ਆਉਣ ਦਿੱਤਾ ਜਾਵੇ ਤਾਂ ਜੋ ਸਹੀ ਨਿਸ਼ਾਨਾ ਲੱਗ ਸਕੇ ਅਤੇ ਇੱਕ ਵੀ ਗੋਲੀ ਬਰਬਾਦ ਨਾ ਜਾਵੇ।
ਸਾਰਾਗੜ੍ਹੀ ਦੀ ਲੜਾਈ ਪਹਿਲੀ ਗੋਲੀ ਚੱਲਣ ਨਾਲ ਸ਼ੁਰੂ ਹੋਈ। ਅੰਨ੍ਹੇਵਾਹ ਗੋਲੀਬਾਰੀ ਦੌਰਾਨ ਅਫਗਾਨ ਯੋਧੇ ਸਮਝ ਗਏ ਕਿ ਇਹ ਜੰਗ ਆਸਾਨ ਨਹੀਂ ਹੋਵੇਗੀ, ਇਸ ਲਈ ਯੁੱਧ ਦੌਰਾਨ ਕਈ ਵਾਰ ਅਫਗਾਨ ਕਮਾਂਡਰਾਂ ਨੇ ਸਿੱਖ ਫੌਜੀਆਂ ਨੂੰ ਆਤਮ ਸਮਰਪਣ ਕਰਨ ਲਈ ਉਕਸਾਇਆ, ਪਰ ਕੋਈ ਵੀ ਫੌਜੀ ਇਸ ਲਈ ਤਿਆਰ ਨਹੀਂ ਹੋਇਆ।
ਅਖੀਰ ਸ਼ਹੀਦ ਹੋ ਗਏ ਯੋਧੇ
ਇਸ ਜੰਗ ਵਿੱਚ ਜਿੱਥੇ 20 ਸਿੱਖ ਸਿਪਾਹੀਆਂ ਨੇ ਅਫਗਾਨਾਂ ਨਾਲ ਸਿੱਧੇ ਤੌਰ ‘ਤੇ ਭਾਗ ਲਿਆ, ਉੱਥੇ ਹੀ 1 ਸਿੱਖ ਗੁਰਮੁਖ ਸਿੰਘ ਜੰਗ ਦੀ ਸਾਰੀ ਜਾਣਕਾਰੀ ਟੈਲੀਗ੍ਰਾਮ ਰਾਹੀਂ ਕਰਨਲ ਹਾਟਨ ਨੂੰ ਭੇਜ ਰਹੇ ਸੀ, ਜਦੋਂ ਸਾਰੇ 20 ਸਿੱਖ ਸਿਪਾਹੀ ਸ਼ਹੀਦ ਹੋ ਗਏ ਤਾਂ ਆਖੀਰ ਵਿੱਚ ਗੁਰਮੁੱਖ ਸਿੰਘ ਨੇ ਮੋਰਚਾ ਸੰਭਾਲਿਆ। ਉਹਨਾਂ ਨੇ ਸੁਰੱਖਿਅਤ ਥਾਂ ਦੇਖ ਕੇ ਹਮਲਾ ਕਰਨਾ ਸ਼ੁਰੂ ਕੀਤਾ। ਦੇਖਦਿਆਂ ਦੇਖਦਿਆਂ ਉਹਨਾਂ ਨੇ ਵੀਹ ਦੇ ਕਰੀਬ ਪਠਾਣਾਂ ਨੂੰ ਮਾਰ ਮੁਕਾਇਆ। ਜਿਸ ਕਾਰਨ ਗੁੱਸੇ ਵਿੱਚ ਆਏ ਪਠਾਣਾਂ ਨੇ ਲੜਾਈ ਖਤਮ ਕਰਨ ਲਈ ਪੂਰੇ ਕਿਲੇ (ਚੌਂਕੀ) ਨੂੰ ਅੱਗ ਲਗਾ ਦਿੱਤੀ। ਇਸ ਜੰਗ ਵਿੱਚ ਮਾਰੇ ਗਏ ਅਫਗਾਨਾਂ ਦੀ ਗਿਣਤੀ ਬਾਰੇ ਇਤਿਹਾਸਕਾਰਾਂ ਦੇ ਵੱਖੋ-ਵੱਖਰੇ ਦਾਅਵੇ ਹਨ। ਪਰ ਮੰਨਿਆ ਜਾਂਦਾ ਹੈ ਕਿ 600 ਦੇ ਕਰੀਬ ਪਠਾਨ ਮਾਰੇ ਗਏ ਸਨ।
ਸ਼ਹਾਦਤ ਨੂੰ ਸਨਮਾਨ
ਇਸ ਯੁੱਧ ਵਿਚ ਆਪਣੀ ਬਹਾਦਰੀ ਅਤੇ ਸਾਹਸ ਦਾ ਸਬੂਤ ਦੇਣ ਵਾਲੇ ਸਾਰੇ 21 ਸਿੱਖਾਂ ਨੂੰ ਮਰਨ ਉਪਰੰਤ ਬ੍ਰਿਟਿਸ਼ ਸਾਮਰਾਜ ਦੁਆਰਾ ਬਹਾਦਰੀ ਲਈ ਸਭ ਤੋਂ ਵੱਡਾ ਪੁਰਸਕਾਰ ਇੰਡੀਅਨ ਆਰਡਰ ਆਫ਼ ਮੈਰਿਟ ਦਿੱਤਾ ਗਿਆ, ਜੋ ਕਿ ਉਸ ਸਮੇਂ ਤੱਕ ਭਾਰਤੀਆਂ ਦੁਆਰਾ ਪ੍ਰਾਪਤ ਕੀਤਾ ਗਿਆ ਸਭ ਤੋਂ ਵੱਡਾ ਬਹਾਦਰੀ ਮੈਡਲ ਸੀ, ਇਹ ਉਸ ਸਮੇਂ ਦਾ ਵਿਕਟੋਰੀਆ ਕਰਾਸ ਸੀ ਅਤੇ ਇਹ ਅੱਜ ਦੇ ਪਰਮਵੀਰ ਚੱਕਰ ਦੇ ਬਰਾਬਰ। ਉਦੋਂ ਤੱਕ ਵਿਕਟੋਰੀਆ ਕਰਾਸ ਸਿਰਫ਼ ਬ੍ਰਿਟਿਸ਼ ਸੈਨਿਕਾਂ ਨੂੰ ਹੀ ਦਿੱਤਾ ਜਾ ਸਕਦਾ ਸੀ ਅਤੇ ਉਹ ਵੀ ਜੇ ਉਹ ਬਚ ਜਾਂਦੇ ਸਨ। ਉਹ ਯੋਧਿਆਂ ਦੀ ਦਾਸਤਾਨ ਅੱਜ ਵੀ ਲੂੰ- ਕੰਡੇ ਕਰ ਦਿੰਦੀ ਹੈ। ਸ਼ਹੀਦਾਂ ਦੀ ਯਾਦ ਵਿੱਚ ਫਿਰੋਜ਼ਪੁਰ ਵਿਖੇ ਮਿਊਜ਼ੀਅਮ ਵੀ ਬਣਾਇਆ ਗਿਆ ਹੈ।