ਅਕਾਲੀ ਦਲ ਨਾਲ ਗਠਜੋੜ ‘ਤੇ ਬੋਲੇ ਵਿਜੇ ਸਾਂਪਲਾ, BJP ਸਾਰੀਆਂ 117 ਸੀਟਾਂ ‘ਤੇ ਲੜੇਗੀ ਚੋਣ

Updated On: 

19 Nov 2026 14:54 PM IST

ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਨੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਨਾਲ ਗਠਜੋੜ ਦੀ ਸੰਭਾਵਨਾ ਤੋਂ ਫਿਲਹਾਲ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਾਰੀਆਂ 117 ਸੀਟਾਂ 'ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ।

ਅਕਾਲੀ ਦਲ ਨਾਲ ਗਠਜੋੜ ਤੇ ਬੋਲੇ ਵਿਜੇ ਸਾਂਪਲਾ, BJP ਸਾਰੀਆਂ 117 ਸੀਟਾਂ ਤੇ ਲੜੇਗੀ ਚੋਣ

ਵਿਜੇ ਸਾਂਪਲਾ

TV9 ਨੈੱਟਵਰਕ ਦੇ ‘ਸੱਤਾ ਸੰਮੇਲਨ ਪੰਜਾਬ’ ਦੌਰਾਨ ਭਾਰਤੀ ਜਨਤਾ ਪਾਰਟੀ (BJP) ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਅਕਾਲੀ ਦਲ ਨਾਲ ਗਠਜੋੜ ਬਾਰੇ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਭਾਜਪਾ ਇਸ ਸਮੇਂ ਪੂਰੀ ਮਜ਼ਬੂਤੀ ਨਾਲ ਚੋਣਾਂ ਦੀ ਤਿਆਰੀ ਕਰ ਰਹੀ ਹੈ। ਬਾਕੀ ਪਾਰਟੀਆਂ ਟੁੱਟ ਰਹੀਆਂ ਹਨ, ਜਦਕਿ ਭਾਜਪਾ ਦਾ ਗ੍ਰਾਫ ਲਗਾਤਾਰ ਵਧ ਰਿਹਾ ਹੈ। ਲੋਕਾਂ ‘ਚ ਵੀ ਉਮੀਦ ਦੀ ਕਿਰਨ ਜਾਗ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਚਾਰ-ਪੰਜ ਅਜਿਹੀਆਂ ਮੀਟਿੰਗਾਂ ਹੋ ਰਹੀਆਂ ਹਨ, ਜਿੱਥੇ ਲੋਕ ਭਾਜਪਾ ਨਾਲ ਜੁੜ ਰਹੇ ਹਨ।

ਅਕਾਲੀ ਦਲ ਨਾਲ ਗਠਜੋੜ ਨਹੀਂ, ਸਾਰੀਆਂ 117 ਸੀਟਾਂ ‘ਤੇ ਲੜਾਂਗੇ ਚੋਣ: ਵਿਜੇ ਸਾਂਪਲਾ

ਅਕਾਲੀ ਦਲ ਨਾਲ ਗਠਜੋੜ ਬਾਰੇ ਪੁੱਛੇ ਗਏ ਸਵਾਲ ‘ਤੇ ਵਿਜੇ ਸਾਂਪਲਾ ਨੇ ਕਿਹਾ ਕਿ ਭਾਜਪਾ ਸਾਰੀਆਂ 117 ਸੀਟਾਂ ‘ਤੇ ਚੋਣ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕਦੇ ਵੀ ਗਠਜੋੜ ਦੀ ਗੱਲ ਨਹੀਂ ਕੀਤੀ। ਸਾਲ 2022 ‘ਚ ਵੀ ਭਾਜਪਾ ਨੇ 117 ਸੀਟਾਂ ‘ਤੇ ਚੋਣ ਲੜੀ ਸੀ ਤੇ ਇਸ ਵਾਰ ਵੀ ਸਾਰੀਆਂ 117 ਸੀਟਾਂ ‘ਤੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਇਸ ਸਮੇਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕਈ ਆਗੂ ਪਾਰਟੀ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਰਹੇ ਹਨ। ਪਹਿਲਾਂ ਪਿੰਡਾਂ ‘ਚ ਭਾਜਪਾ ਲਈ ਕਈ ਤਰ੍ਹਾਂ ਦੀਆਂ ਰੁਕਾਵਟਾਂ ਹੁੰਦੀਆਂ ਸਨ, ਪਰ ਹੁਣ ਪਿੰਡਾਂ ਦੇ ਲੋਕ ਵੀ ਭਾਜਪਾ ਦਾ ਸਵਾਗਤ ਕਰਨ ਲਈ ਅੱਗੇ ਆ ਰਹੇ ਹਨ।

ਵਿਜੇ ਸਾਂਪਲਾ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਵੀ ਉਮੀਦ ਹੈ ਕਿ ਜੇਕਰ ਹਰਿਆਣਾ ਵਿੱਚ ਫ਼ਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ (MSP) ਮਿਲ ਰਿਹਾ ਹੈ ਤਾਂ ਪੰਜਾਬ ‘ਚ ਵੀ ਕਿਸਾਨਾਂ ਨੂੰ ਇਹ ਸਹੂਲਤ ਮਿਲ ਸਕਦੀ ਹੈ।

ਗਠਜੋੜ ਬਾਰੇ ਹਾਈਕਮਾਂਡ ਕਰੇਗੀ ਫੈਸਲਾ

ਹਾਲਾਂਕਿ, ਵਿਜੇ ਸਾਂਪਲਾ ਨੇ ਕਿਹਾ ਕਿ ਅਕਾਲੀ ਦਲ ਨਾਲ ਗਠਜੋੜ ਹੋਵੇਗਾ ਜਾਂ ਨਹੀਂ, ਇਸ ਬਾਰੇ ਫੈਸਲਾ ਲੈਣ ਲਈ ਉਹ ਅਧਿਕਾਰਤ ਨਹੀਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੀ ਹਾਈਕਮਾਂਡ ਜੋ ਫੈਸਲਾ ਕਰੇਗੀ, ਉਹੀ ਲਾਗੂ ਹੋਵੇਗਾ। ਉਨ੍ਹਾਂ ਕਿਹਾ, “ਇੱਥੇ ਨਾ ਤਾਂ ਗਠਜੋੜ ਦਾ ਵਿਰੋਧ ਹੈ ਅਤੇ ਨਾ ਹੀ ਇਸ ਬਾਰੇ ਕੋਈ ਚਰਚਾ ਹੋਈ ਹੈ। ਅਸੀਂ ਪਾਰਟੀ ਦੇ ਅਨੁਸ਼ਾਸਿਤ ਵਰਕਰ ਹਾਂ।”

ਭਾਜਪਾ ਦਾ CM ਚਿਹਰਾ ਕਮਲ ਦਾ ਨਿਸ਼ਾਨ: ਵਿਜੇ ਸਾਂਪਲਾ

ਪੰਜਾਬ ‘ਚ ਭਾਜਪਾ ਦੇ ਮੁੱਖ ਮੰਤਰੀ ਚਿਹਰੇ ਬਾਰੇ ਪੁੱਛੇ ਗਏ ਸਵਾਲ ‘ਤੇ ਵਿਜੇ ਸਾਂਪਲਾ ਨੇ ਕਿਹਾ ਕਿ ਸਾਡਾ ਮੁੱਖ ਮੰਤਰੀ ਚਿਹਰਾ ਕਮਲ ਦਾ ਨਿਸ਼ਾਨ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕਈ ਸੂਬਿਆਂ ‘ਚ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਦੇ ਚੋਣਾਂ ਲੜੀਆਂ ਹਨ ਤੇ ਜਿੱਤ ਵੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਵੀ ਇਹੀ ਫਾਰਮੂਲਾ ਅਪਣਾਇਆ ਜਾਵੇਗਾ। ਅਸੀਂ ਹਾਲ ਹੀ ‘ਚ ਪੱਛਮੀ ਬੰਗਾਲ ਦੀਆਂ ਚੋਣਾਂ ਵੀ ਲੜੀਆਂ ਸਨ, ਉੱਥੇ ਵੀ ਮੁੱਖ ਮੰਤਰੀ ਦਾ ਚਿਹਰਾ ਬਾਅਦ ‘ਚ ਐਲਾਨਿਆ ਗਿਆ ਸੀ।

Loading...
Unable to load recommendations.
Follow Us