ਜਲੰਧਰ ‘ਚ ਜਾਤੀਸੂਚਕ ਗਾਲ੍ਹਾਂ ਕੱਢਣ ‘ਤੇ ਹੰਗਾਮਾ, ਕਾਰੋਬਾਰੀ ਦੇ ਪੁੱਤ ਨੂੰ ਦਿਖਾਈ ਪਿਸਤੌਲ, ਲੋਕਾਂ ਨੇ ਲਾਇਆ ਧਰਨਾ
ਘਟਨਾ ਤੋਂ ਨਾਰਾਜ਼ ਪ੍ਰਦਰਸ਼ਨਕਾਰੀਆਂ ਨੇ ਰਵਿਦਾਸ ਚੌਕ ਦੇ ਦੋਵੇਂ ਪਾਸੇ ਸੜਕਾਂ ਜਾਮ ਕਰ ਦਿੱਤੀਆਂ ਹਨ। ਇਸ ਕਾਰਨ ਇਲਾਕੇ 'ਚ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ ਤੇ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।
ਜਲੰਧਰ ਦੀ ਬੂਟਾ ਮੰਡੀ ਸਥਿਤ ਰਵਿਦਾਸ ਚੌਕ ‘ਤੇ ਦਲਿਤ ਸਮਾਜ ਅਤੇ ਸਥਾਨਕ ਲੋਕਾਂ ਵੱਲੋਂ ਇਕੱਠੇ ਹੋ ਕੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਪ੍ਰਦਰਸ਼ਨ ਇੱਕ ਸਥਾਨਕ ਕਾਰੋਬਾਰੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵਿੰਦਰ ਚੌਧਰੀ ਦੇ ਪੁੱਤਰ ਨਾਲ ਵਾਪਰੀ ਘਟਨਾ ਦੇ ਵਿਰੋਧ ‘ਚ ਕੀਤਾ ਜਾ ਰਿਹਾ ਹੈ। ਇਲਜ਼ਾਮ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਜਾਤੀਸੂਚਕ ਸ਼ਬਦ ਕਹੇ ਗਏ ਤੇ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।
ਘਟਨਾ ਤੋਂ ਨਾਰਾਜ਼ ਪ੍ਰਦਰਸ਼ਨਕਾਰੀਆਂ ਨੇ ਰਵਿਦਾਸ ਚੌਕ ਦੇ ਦੋਵੇਂ ਪਾਸੇ ਸੜਕਾਂ ਜਾਮ ਕਰ ਦਿੱਤੀਆਂ ਹਨ। ਇਸ ਕਾਰਨ ਇਲਾਕੇ ‘ਚ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ ਤੇ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।
ਜਾਤੀਸੂਚਕ ਗਾਲ੍ਹਾਂ ਕੱਢਣ ਦਾ ਇਲਜ਼ਾਮ
ਜਾਣਕਾਰੀ ਮੁਤਾਬਕ ਇਹ ਸਾਰਾ ਵਿਵਾਦ ਬੈਂਕ ਕਾਲੋਨੀ ਸ਼ੂ ਮਾਰਕੀਟ ਦੇ ਨੇੜੇ ਸ਼ੁਰੂ ਹੋਇਆ ਸੀ। ਪੀੜਤ ਧਿਰ ਦਾ ਇਲਜਾਮ ਹੈ ਕਿ ਫੁੱਟਵੀਅਰ ਦਾ ਕਾਰੋਬਾਰ ਕਰਨ ਵਾਲੇ ਵਰੁਣ ਮਹਾਜਨ (ਬਿੱਟੂ ਮਹਾਜਨ) ਨਾਂ ਦੇ ਵਿਅਕਤੀ ਨੇ ਰਵਿੰਦਰ ਚੌਧਰੀ ਦੇ ਪੁੱਤਰ ਦਾ ਰਸਤਾ ਰੋਕ ਲਿਆ। ਮੁਲਜ਼ਮ ਨੇ ਨਾ ਸਿਰਫ਼ ਉਨ੍ਹਾਂ ਨੂੰ ਜਾਤੀਸੂਚਕ ਗਾਲ੍ਹਾਂ ਕੱਢੀਆਂ, ਸਗੋਂ ਪਿਸਤੌਲ ਕੱਢ ਕੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।
ਪੁਲਿਸ ਮਾਮਲੇ ‘ਚ ਕੋਈ ਠੋਸ ਕਾਰਵਾਈ ਨਹੀਂ ਕਰ ਰਹੀ, ਲਗਾਇਆ ਇਲਜ਼ਾਮ
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਦੀਵਾਲੀ ਦੇ ਤਿਉਹਾਰ ਕਾਰਨ ਉਨ੍ਹਾਂ ਨੇ ਉਸ ਦਿਨ ਗੱਲ ਨੂੰ ਅੱਗੇ ਨਹੀਂ ਵਧਾਇਆ, ਪਰ ਦੋ ਦਿਨ ਬਾਅਦ ਪੁਲਿਸ ਕੋਲ ਇਸ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ। ਇਲਜ਼ਾਮ ਹੈ ਕਿ ਪੁਲਿਸ ਨੇ ਇਸ ਗੰਭੀਰ ਮਾਮਲੇ ‘ਚ ਕੋਈ ਠੋਸ ਕਾਰਵਾਈ ਨਹੀਂ ਕੀਤੀ ਤੇ ਲਗਾਤਾਰ ਟਾਲਮਟੋਲ ਕਰਦੀ ਰਹੀ।
ਇਹ ਵੀ ਪੜ੍ਹੋ
ਪ੍ਰਦਰਸ਼ਨਕਾਰੀਆਂ ਤੇ ਸਮਾਜ ਦੇ ਆਗੂਆਂ ਨੇ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਵੀ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਜਦੋਂ ਮੁਲਜ਼ਮ ਨੂੰ ਥਾਣੇ ਬੁਲਾਇਆ ਗਿਆ ਤਾਂ ਉਸ ਨੇ ਐਸਐਚਓ ਤੇ ਕੌਂਸਲਰਾਂ ਦੇ ਸਾਹਮਣੇ ਵੀ ਅਭੱਦਰ ਭਾਸ਼ਾ ਦੀ ਵਰਤੋਂ ਕੀਤੀ ਅਤੇ ਧਮਕੀਆਂ ਦਿੱਤੀਆਂ। ਲੋਕਾਂ ਦਾ ਕਹਿਣਾ ਹੈ ਕਿ ਥਾਣੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ਨਾਲ ਸਾਰੀ ਸੱਚਾਈ ਸਾਹਮਣੇ ਆ ਸਕਦੀ ਹੈ।
ਧਰਨੇ ‘ਤੇ ਬੈਠੇ ਲੋਕਾਂ ਦੀ FIR ਦਰਜ ਕਰਨ ਦੀ ਮੰਗ
ਧਰਨੇ ‘ਤੇ ਬੈਠੇ ਲੋਕਾਂ ਤੇ ਵਕੀਲਾਂ ਨੇ ਪ੍ਰਸ਼ਾਸਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦੀ ਮੰਗ ਹੈ ਕਿ ਮੁਲਜ਼ਮ ਖ਼ਿਲਾਫ਼ ਐਸਸੀ/ਐਸਟੀ ਐਕਟ ਤਹਿਤ ਤੁਰੰਤ ਐਫਆਈਆਰ ਦਰਜ ਕੀਤੀ ਜਾਵੇ ਤੇ ਉਸ ਦਾ ਹਥਿਆਰ ਲਾਇਸੈਂਸ ਰੱਦ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਨੇ ਸਪੱਸ਼ਟ ਕਿਹਾ ਹੈ ਕਿ ਜਦੋਂ ਤੱਕ ਪਰਚਾ ਦਰਜ ਨਹੀਂ ਹੁੰਦਾ, ਇਹ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਉਣ ਵਾਲੇ ਦਿਨਾਂ ‘ਚ ਪੂਰਾ ਜਲੰਧਰ ਬੰਦ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ।
